ਘਰਾਂ ‘ਚ ਲਗਾਏ ਜਾਣਗੇ ਸੀ ਐਫ਼ ਐਲ
15 ਰੁਪਏ ‘ਚ ਮਿਲੇਗਾ ਇੱਕ ਬੱਲਬ
ਪਟਿਆਲਾ : 1 ਅਗਸਤ
ਪੰਜਾਬ ਰਾਜ ਬਿਜਲੀ ਬੋਰਡ ਹੁਣ ਬਿਜਲੀ ਦੀ 500 ਮੈਗਾਵਾਟ ਦੀ ਕਮੀ ਪੂਰੀ ਕਰਨ ਲਈ ਘਰ-ਘਰ ਜਾ ਕੇ ਸੀ ਐਫ ਐਲ ਬੱਲਬ ਲਾਵੇਗਾ, ਜਿਸ ਨੂੰ ਕਿ ਬਿਜਲੀ ਬੋਰਡ ਦੇ ਕਰਮਚਾਰੀ ਆਪ ਲਾਉਣਗੇ
ਤੇ ਹਰੇਕ ਘਰ ਨੂੰ ਉਹ 15-15 ਰੁਪਏ ਦੇ ਚਾਰ ਸੀਐਫਐਲ ਬੱਲਬ ਦੇਣਗੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ‘ਚ ਬਿਜਲੀ ਦੀ ਮੰਗ ਅਤੇ ਸਪਲਾਈ ਵਿਚ ਗਰਮੀ ਕਾਰਨ ਆਈ ਕਮੀ ਨੂੰ ਦੂਰ ਕਰਨ ਲਈ ਬਿਜਲੀ ਬੋਰਡ ਬਿਜਲੀ ਦੀ ਬਚਤ ਕਰਨਾ ਚਾਹੁੰਦਾ ਹੈ। ਉੱਧਰ ਦੇਸ਼ ਦਾ ਪਾਵਰ ਮੰਤਰਾਲਾ ਵੀ ਹਰੇਕ ਸੂਬੇ ਨੂੰ ਬਿਜਲੀ ਬਚਾਉਣ ‘ਤੇ ਜ਼ੋਰ ਦੇ ਰਿਹਾ ਹੈ ਅਤੇ ਇਸੇ ਲਈ ਹੁਣ ਪੰਜਾਬ ‘ਚ 'ਬਚਤ ਲੈਂਪ ਯੋਜਨਾ‘ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਹਰੇਕ ਘਰ ਵਿਚ ਪੰਜਾਬ ਰਾਜ ਬਿਜਲੀ ਬੋਰਡ 4 ਆਮ 100-100 ਵਾਟ ਦੇ ਬੱਲਬ ਉਤਾਰ ਕੇ 4 ਸੀਐੱਫਐਲ ਦੇਵੇਗਾ, ਜਿਸ ਦੀ ਵੋਲਟੇਜ਼ ਸਿਰਫ 20 ਵਾਟ ਹੋਵੇਗੀ। ਇਸ ਨਾਲ ਜਿਥੇ ਬੋਰਡ ਦੀ ਬਿਜਲੀ ਬਚੇਗੀ ਉਥੇ ਹਰ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੇਂਦਰ ਦੇ ਵਿਸ਼ਵ ਬੈਂਕ ਨਾਲ ਕੀਤੇ ਸਮਝੌਤੇ ਤਹਿਤ ਹਰ ਘਰ ਨੂੰ ਇਹ ਸੀਐੱਫਐਲ ਸਿਰਫ 15 ਰੁਪਏ ਵਿਚ ਦਿੱਤਾ ਜਾਵੇਗਾ ਅਤੇ 60 ਰੁਪਏ ਵਿਚ 4 ਸੀਐੱਫਐਲ ਦਿੱਤੇ ਜਾਣਗੇ। ਇਸ ਲਈ ਬੋਰਡ ਨੇ ਪਹਿਲੇ ਗੇੜ ਵਿਚ 2 ਲੱਖ ਸੀਐਫਐਲ ਖਰੀਦਣ ਦਾ ਟੈਂਡਰ ਵੀ ਮੰਗਿਆ ਹੈ। ਪੰਜਾਬ ਬਿਜਲੀ ਬੋਰਡ ਵੱਲੋਂ ਇਹ ਯੋਜਨਾ 'ਬਿਊਰੋ ਆਫ ਐਨਰਜੀ ਐਫੀਸੈਂਸੀ‘ ਦੇ ਹੁਕਮਾਂ ਅਧੀਨ ਲਾਗੂ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਬੋਰਡ ਨੇ ਇਸ ਸਬੰਧੀ ਪੂਰੀ ਤਿਆਰੀ ਕਰ ਲਈ ਹੈ ਅਤੇ ਵੱਖ-ਵੱਖ ਸੀਐਫਐਲ ਕੰਪਨੀਆਂ ਤੋਂ ਡਾਟਾ ਮੰਗਿਆ ਹੈ। ਬੋਰਡ ਇਹ ਕੰਮ ਕਈ ਕੰਪਨੀਆਂ ਨੂੰ ਦੇਵੇਗਾ ਤਾਂ ਕਿ ਮੁਕਾਬਲੇ ਵਿਚ ਪੰਜਾਬ ਦੇ ਲੋਕਾਂ ਨੂੰ ਬੇਹੱਦ ਸਸਤੇ ਅਤੇ ਵਧੀਆ ਸੀਐਫਐਲ ਮਿਲ ਸਕਣ। ਬਿਜਲੀ ਬੋਰਡ ਦੇ ਸੂਤਰਾਂ ਅਨੁਸਾਰ ਜੇਕਰ ਪੰਜਾਬ ਦੇ ਹਰੇਕ ਘਰ ਵਿਚ 4 ਸੀਐਫਐਲ ਲੱਗ ਜਾਂਦੇ ਹਨ ਤਾਂ ਬਿਜਲੀ ਬੋਰਡ ਦੀ 500 ਮੈਗਾਵਾਟ ਦੀ ਬਿਜਲੀ ਬਚੇਗੀ। ਬੋਰਡ ਸੂਤਰਾਂ ਅਨੁਸਾਰ ਇਸ ਸਕੀਮ ‘ਤੇ ਬਹੁਤ ਤੇਜ਼ੀ ਨਾਲ ਕੰਮ ਹੋ ਰਿਹਾ ਹੈ ਅਤੇ ਛੇਤੀ ਪੰਜਾਬ ਵਿਚ ਇਹ ਬੱਲਬ ਲੱਗਣਗੇ। ਇਸ ਸਬੰਧੀ ਬਿਜਲੀ ਬੋਰਡ ਦੇ ਐਨਰਜੀ ਕੰਜਰਵੇਸ਼ਨ ਡਾਇਰੈਕਟਰ ਇੰਜੀਨੀਅਰ ਜੀ ਐਸ ਬੇਦੀ ਦਾ ਕਹਿਣਾ ਹੈ ਕਿ ਪੰਜਾਬ ਵਿਚ ਸੀਐੱਫਐਲ ਲਗਾਉਣ ਸਬੰਧੀ ਤਿਆਰੀਆਂ ਪੂਰੀਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਹਰੇਕ ਘਰ ਵਿਚ ਸੀਐਫਐਲ ਲੱਗੇ ਨਜ਼ਰ ਆਉਣਗੇ।