ਚੋਣ ਪ੍ਰਚਾਰ ਬੰਦ, ਵੋਟਾਂ ਕੱਲ੍ਹ
ਚੰਡੀਗੜ੍ਹ, ਬਨੂੜ : 1 ਅਗਸਤ
ਪੰਜਾਬ ਦੇ ਬਨੂੰੜ, ਕਾਹਨੂੰਵਾਨ ਤੇ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮੀ 5 ਵਜੇ ਬੰਦ ਹੋ ਗਿਆ। ਇਨ੍ਹਾਂ ਹਲਕਿਆਂ ਵਿੱਚ ਵੋਟਾਂ ਭਲਕੇ 3 ਅਗਸਤ ਨੂੰ ਪੈਣਗੀਆਂ। ਚੋਣ ਕਮਿਸ਼ਨ ਨੇ ਤਿੰਨੇ ਹਲਕਿਆਂ ਵਿੱਚ ਪੈਰਾਮਿਲਟਰੀ ਫੋਰਸਜ਼ ਦੀਆਂ ਕੰਪਨੀਆਂ ਤਾਇਨਾਤ ਕਰ ਦਿੱਤੀਆਂ ਹਨ। ਇਸ ਤੋਂ ਸਬੰਧਤ
ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਸੀਨੀਅਰ ਪੁਲਿਸ ਕਪਤਾਨਾਂ ਤੇ ਹੋਰ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ-ਪਹਿਲਾਂ ਬਾਹਰੀ ਵਿਅਕਤੀਆਂ ਨੂੰ ਚੋਣ ਖ਼ੇਤਰਾਂ ਵਿੱਚੋਂ ਬਾਹਰ ਭੇਜ ਦੇਣ ਅਤੇ ਜੇਕਰ ਕੋਈ ਬਾਹਰੀ ਵਿਅਕਤੀ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਇੱਥੇ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਸਥਾਨਕ ਹੋਟਲਾਂ, ਰੈਸਟ ਤੇ ਗੈਸਟ ਹਾਊਸਾਂ ਵਿੱਚ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਜਾਵੇ। ਚੋਣ ਕਮਿਸ਼ਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਗੁਪਤ ਅਬਜ਼ਰਵਰਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ।
ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਵੋਟਰਾਂ ਨੂੰ ਫੋਟੋ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ, ਉਹ ਵੋਟ ਪਾਉਣ ਦੇ ਸਮੇਂ ਇਨ੍ਹਾਂ ਨੂੰ ਨਾਲ ਲੈ ਕੇ ਆਉਣ ਅਤੇ ਜਿਨ੍ਹਾਂ ਕੋਲ ਇਹ ਸ਼ਨਾਖਤੀ ਕਾਰਡ ਨਹੀਂ ਹਨ, ਉਹ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਸ਼ਨਾਖਤੀ ਕਾਰਡ ਲਿਆ ਸਕਦੇ ਹਨ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ, ਚੋਣਾਂ ਲੜ ਰਹੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਕਾਰਕੁੰਨਾਂ ਨੂੰ ਭ੍ਰਿਸ਼ਟ ਕਾਰਵਾਈਆਂ ਤੋਂ ਲਾਂਭੇ ਰਹਿਣ ਦੀ ਚਿਤਾਵਨੀ ਦਿੱਤੀ ਹੈ। ਵੋਟਰਾਂ ਨੂੰ ਭਰਮਾਉਣ ਵਾਲਿਆਂ ਨੂੰ ਪੋਲਿੰਗ ਸਟੇਸ਼ਨ ਤੋਂ 100 ਮੀਟਰ ਦੂਰ ਰਹਿਣ ਲਈ ਕਿਹਾ ਗਿਆ ਹੈ। ਚੋਣ ਧਾਂਦਲੀਆਂ ਵਿਚ ਸ਼ਾਮਲ ਕੋਈ ਵੀ ਵਿਅਕਤੀ 1951 ਦੇ ਰੀਪਰਜੈਂਟੇਟਿਵ ਆਫ਼ ਪੀਪਲ ਐਕਟ ਹੇਠ ਸਜ਼ਾ ਦਾ ਹੱਕਦਾਰ ਹੋਵੇਗਾ। ਭਾਰਤ ਦੇ ਚੋਣ ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਕੋਈ ਵੀ ਬੂਥ ਪੋਲਿੰਗ ਸਟੇਸ਼ਨ ਦੇ 200 ਮੀਟਰ ਨੇੜੇ ਸਥਾਪਿਤ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਬਨੂੜ ਤੋਂ ਮਿਲੀ ਰਿਪੋਰਟ ਮੁਤਾਬਕ ਬਨੂੜ ਹਲਕੇ ‘ਚ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਦੋਵਾਂ ਧਿਰਾਂ ਦੇ ਉਮੀਦਵਾਰਾਂ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਅਕਾਲੀ-ਭਾਜਪਾ ਉਮੀਦਵਾਰ ਜਸਜੀਤ ਸਿੰਘ ਬਨੀ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਨੇ ਅੱਜ ਦੁਪਹਿਰ ਬਾਅਦ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਘੁੰਮ ਕੇ ਵੋਟਾਂ ਮੰਗੀਆਂ। ਇਸੇ ਤਰ੍ਹਾਂ ਕਾਂਗਰਸੀ ਉਮੀਦਵਾਰ ਦੀਪਿੰਦਰ ਸਿੰਘ ਢਿੱਲੋਂ ਦੀਆਂ ਭੈਣਾਂ ਵੀ ਕਾਂਗਰਸੀ ਕਾਫਲੇ ਨਾਲ ਮੌਜੂਦ ਸਨ। ਸ਼ਾਮ 5 ਵਜੇ ਤੋਂ ਬਾਅਦ ਉਨ੍ਹਾਂ ਸਥਾਨਕ ਆਗੂ ਸੁਨੀਤਾ ਪਾਸੀ ਨਾਲ ਘਰ-ਘਰ ਜਾ ਕੇ ਵੋਟਾਂ ਮੰਗੀਆਂ।