ਦੋਹਰੀ ਛੱਤ ਵਾਲੇ ਡੱਬੇ ਤਿਆਰ ਹੋਣਗੇ-ਈ. ਅਹਿਮਦ
ਕਪੂਰਥਲਾ, 1 ਅਗਸਤ -ਰੇਲ ਕੋਚ ਫੈਕਟਰੀ ਕਪੂਰਥਲਾ ਇਕ ਸਾਲ ’ਚ ‘ਡਬਲ ਡੈਕਰ ਏਅਰਕੰਡੀਸ਼ਨ’ ਡੱਬੇ ਤਿਆਰ ਕਰ ਲਵੇਗੀ। ਇਹ ਗੱਲ ਕੇਂਦਰੀ ਰੇਲਵੇ ਰਾਜ ਮੰਤਰੀ ਸ੍ਰੀ ਈ. ਅਹਿਮਦ ਨੇ ਅੱਜ ਰੇਲ ਕੋਚ ਫੈਕਟਰੀ ਦੀ ਵਰਕਸ਼ਾਪ ਤੇ ਕੈਡ ਹਾਲ ਦੇ ਬਾਰੀਕੀ ਨਾਲ ਕੀਤੇ
ਨਿਰੀਖਣ ਉਪਰੰਤ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਕੇਂਦਰੀ ਰੇਲਵੇ ਬਜਟ ’ਚ ਰੇਲਵੇ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਰੇਲ ਮੰਤਰਾਲੇ ਵੱਲੋਂ ਦੇਸ਼ ਦੇ ਮਹਾਂ ਨਗਰਾਂ ’ਚ ਡਬਲ ਡੈਕਰ ਗੱਡੀ ਚਲਾਉਣ ਦੀ ਤਜਵੀਜ਼ ਰੱਖੀ ਸੀ, ਜਿਸ ’ਤੇ ਕਾਰਵਾਈ ਕਰਦਿਆਂ ਰੇਲਵੇ ਨੇ ਟਰਾਇਲ ਸ਼ੁਰੂ ਕਰ ਦਿੱਤੇ ਹਨ। ਸ੍ਰੀ ਅਹਿਮਦ ਨੇ ਕਿਹਾ ਕਿ ਇਸ ਸਮੇਂ ਮੁੰਬਈ ਤੇ ਪੂਨੇ ਰੇਲਵੇ ਸੈਕਸ਼ਨ ’ਤੇ ਪੁਰਾਣੇ ਬਿਨਾਂ ਏ. ਸੀ. ਡਬਲ ਡੈਕਰ ਡੱਬਿਆਂ ਦੇ ਟਰਾਇਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਰੇਲ ਕੋਚ ਫੈਕਟਰੀ ਵੱਲੋਂ ‘ਡੂਰੈਂਟੋ ਕੋਚ’ 10 ਦਿਨਾਂ ਦੇ ਰਿਕਾਰਡ ਸਮੇਂ ’ਚ ਤਿਆਰ ਕੀਤਾ ਗਿਆ ਹੈ ਤੇ ਇਹ ਡੱਬੇ ਟਰਾਇਲ ਉਪਰੰਤ ਦੇਸ਼ ਦੇ ਵੱਖ ਵੱਖ ਰੇਲਵੇ ਸੈਕਸ਼ਨਾਂ ’ਤੇ ਰਾਜਧਾਨੀ ਗੱਡੀਆਂ ਵਾਂਗ ‘ਡੂਰੈਂਟੋ’ ਗੱਡੀਆਂ ’ਚ ਲਗਾਏ ਜਾਣਗੇ। ਇਸ ਤੋਂ ਪਹਿਲਾਂ ਸ੍ਰੀ ਅਹਿਮਦ ਨੇ ਆਰ. ਸੀ. ਐਫ. ਵੱਲੋਂ ਤਿਆਰ ਕੀਤੇ ‘ਡੂਰੈਂਟੋ ਪੈਂਟਰੀ ਕੋਚ’ ਦਾ ਵੀ ਨਿਰੀਖਣ ਕੀਤਾ।
ਉਨ੍ਹਾਂ ਕਿਹਾ ਕਿ ਰੇਲਵੇ ਮੰਤਰਾਲੇ ਵੱਲੋਂ ਯਾਤਰੀਆਂ ਦੀ ਸੁਰੱਖਿਆ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਰੇਲ ਗੱਡੀਆਂ ’ਚ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਨਾਲ ਘੱਟ ਤੋਂ ਘੱਟ ਰੇਲ ਦੁਰਘਟਨਾਵਾਂ ਵਾਪਰਨ। ਉਨ੍ਹਾਂ ਆਰ. ਸੀ. ਐਫ. ਦੇ ਜਨਰਲ ਮੈਨੇਜਰ ਨੂੰ ਕਿਹਾ ਕਿ ਉਹ ਫੈਕਟਰੀ ਵੱਲੋਂ ਬਣਾਏ ਜਾਂਦੇ ਰੇਲ ਡੱਬਿਆਂ ’ਚ ਯਾਤਰੀਆਂ ਨੂੰ ਮੁੱਢਲੀ ਸਹਾਇਤਾ (ਫਸਟਏਡ) ਦੇਣ ਦੀ ਵਿਵਸਥਾ ਕਰਨ। ਆਰ. ਸੀ. ਐਫ. ਦੇ ਮੁਲਾਜ਼ਮਾਂ ਵੱਲੋਂ ਫੈਕਟਰੀ ’ਚ ਪ੍ਰਵਾਣਿਤ ਮੁਲਾਜ਼ਮਾਂ ਦੀ ਭਰਤੀ ਸਬੰਧੀ ਪੁੱਛੇ ਜਾਣ ’ਤੇ ਕੇਂਦਰੀ ਰੇਲਵੇ ਰਾਜ ਮੰਤਰੀ ਨੇ ਕਿਹਾ ਕਿ ਇਹ ਸਮੱਸਿਆ ਪੂਰੇ ਰੇਲਵੇ ’ਚ ਆ ਰਹੀ ਹੈ, ਪ੍ਰੰਤੂ ਰੇਲਵੇ ਮੰਤਰਾਲਾ ਇਸ ’ਤੇ ਨਜ਼ਰਸਾਨੀ
ਕਰੇਗਾ। ਇਸੇ ਦੌਰਾਨ ਹੀ ਸ੍ਰੀ ਈ. ਅਹਿਮਦ ਨੇ ਆਰ. ਸੀ. ਐਫ. ਦੇ ਕੈਡਕੈਮ ਹਾਲ ਦਾ ਦੌਰਾ ਵੀ ਕੀਤਾ। ਇਸ ਮੌਕੇ ਆਰ. ਸੀ. ਐਫ. ਦੇ ਜਨਰਲ ਮੈਨੇਜਰ ਸ੍ਰੀ ਪ੍ਰਦੀਪ ਕੁਮਾਰ ਨੇ ਰੇਲਵੇ ਰਾਜ ਮੰਤਰੀ ਨੂੰ ਫੈਕਟਰੀ ਵੱਲੋਂ ਬਣਾਏ ਜਾ ਰਹੇ 35 ਵੱਖ ਵੱਖ ਕਿਸਮਾਂ ਦੇ ਰੇਲ ਡੱਬਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਰੇਲਵੇ ਰਾਜ ਮੰਤਰੀ ਨੇ ਰੇਲਵੇ ਪ੍ਰੋਟਕਸ਼ਨ ਫੋਰਸ ਦੀਆਂ ਨਵੀਆਂ ਬੈਰਕਾਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਉ¤ਤਰੀ ਰੇਲਵੇ ਦੇ ਏ. ਜੀ. ਐਮ. ਸ੍ਰੀ ਕੇਸ਼ਵ ਚੰਦਰਾ, ਉ¤ਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਰੇਲਵੇ ਮੈਨੇਜਰ ਸ੍ਰੀ ਸਤੀਸ਼ ਕੁਮਾਰ ਤੋਂ ਇਲਾਵਾ ਰੇਲਵੇ ਬੋਰਡ ਦੇ ਅਧਿਕਾਰੀ ਹਾਜ਼ਰ ਸਨ।