ਗੈਸਟਰੋ ਦਾ ਕਹਿਰ ਪੰਜਾਬੀ ਬਾਗ਼ ਦੇ ਨਾਲ ਲੱਗਦੀਆਂ ਕਾਲੋਨੀਆਂ ’ਚ ਵੀ ਫੈਲਿਆ
ਲੁਧਿਆਣਾ, 2 ਅਗਸਤ-ਸੂਬੇ ਦੇ ਸਭ ਤੋਂ ਵੱਡੇ ਸਨਅਤੀ ਸ਼ਹਿਰ ਲੁਧਿਆਣਾ ਦੀ ਪੰਜਾਬੀ ਬਾਗ਼ ਕਲੋਨੀ ’ਚ ਫੈਲੇ ਅੰਤੜੀ ਰੋਗ (ਗੈਸਟਰੋ) ਦਾ ਕਹਿਰ ਅੱਜ ਉਸਦੇ ਨਾਲ ਲੱਗਦੀਆਂ ਕਈ ਹੋਰ ਕਲੋਨੀਆਂ ਵਿਚ ਵੀ ਜਾ ਪੁੱਜਾ, ਜਿਨ੍ਹਾਂ ਵਿਚ ਸ਼ਹੀਦ ਕਰਨੈਲ ਸਿੰਘ ਨਗਰ, ਛੋਟੀ ਜਵੱਦੀ, ਅਰਬਨ ਅਸਟੇਟ ਦੁੱਗਰੀ ਵੀ ਸ਼ਾਮਿਲ ਹਨ। ਇਨ੍ਹਾਂ ਇਲਾਕਿਆਂ ਵਿਚ ਗੈਸਟਰੋ ਦੇ 65 ਹੋਰ ਮਰੀਜ਼ ਸਾਹਮਣੇ ਆਏ
ਹਨ। ਇਸੇ ਦੌਰਾਨ ਅੱਜ ਮੇਅਰ ਸ: ਹਾਕਮ ਸਿੰਘ ਗਿਆਸਪੁਰਾ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੈਸਟਰੋ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਪੁੱਜੇ ਤਾਂ ਲੋਕਾਂ ਨੇ ਉਨ੍ਹਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
15 ਹੋਰ ਮਰੀਜ਼ ਹਸਪਤਾਲਾਂ ’ਚ ਦਾਖ਼ਿਲ : ਪੰਜਾਬੀ ਬਾਗ਼ ਇਲਾਕੇ ਵਿਚ ਅੱਜ ਤੀਜੇ ਦਿਨ ਵੀ ਪ੍ਰਭਾਵਿਤਾਂ ਲਈ ਡਾਕਟਰੀ ਕੈਂਪ ਲਗਾਇਆ ਗਿਆ ਜਦੋਂਕਿ ਸ਼ਹੀਦ ਕਰਨੈਲ ਸਿੰਘ ਨਗਰ, ਛੋਟੀ ਜਵੱਦੀ, ਅਰਬਨ ਅਸਟੇਟ ਦੁੱਗਰੀ ਆਦਿ ਇਲਾਕਿਆਂ ਵਿਚ ਅੰਤੜੀ ਰੋਗ ਪ੍ਰਭਾਵਿਤ ਲੋਕਾਂ ਲਈ ਅੱਜ ਕੈਂਪ ਲਗਾਏ ਗਏ। ਡਾਕਟਰੀ ਕੈਂਪਾਂ ਦੇ ਇੰਚਾਰਜ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਐਸ. ਐਸ. ਧੀਰ ਨੇ ਦੱਸਿਆ ਕਿ ਅੱਜ ਸ਼ਾਮ ਤੱਕ ਗੈਸਟਰੋ ਦੇ 65 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਬੱਚੇ, ਬੁੱਢੇ, ਨੌਜਵਾਨ ਅਤੇ ਔਰਤਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ 50 ਮਰੀਜ਼ਾਂ ਨੂੰ ਡਾਕਟਰੀ ਕੈਂਪਾਂ ਵਿਚ ਇਲਾਜ ਉਪਰੰਤ ਘਰੀਂ ਵਾਪਸ ਭੇਜ ਦਿੱਤਾ ਗਿਆ ਜਦੋਂਕਿ ਬਾਕੀ 15 ਮਰੀਜ਼ਾਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀਆਂ ਟੀਮਾਂ 24 ਘੰਟੇ ਪੰਜਾਬੀ ਬਾਗ਼ ਕਲੋਨੀ ਵਿਚ ਚੱਲ ਰਹੇ ਕੈਂਪਾਂ ਵਿਚ ਤੈਨਾਤ ਹਨ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਜਗਤ ਰਾਮ ਨੇ ਦੱਸਿਆ ਕਿ ਸਿਵਲ ਸਰਜਨ ਡਾ: ਮਨਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਲਗਾਏ ਗਏ ਕੈਂਪਾਂ ਵਿਚ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਧੀਰ ਤੋਂ ਇਲਾਵਾ ਏ. ਸੀ. ਐਸ. ਡਾ: ਵਾਈ. ਪੀ. ਮਹਿਤਾ, ਡਾ: ਅਵਤਾਰ ਕਿਸ਼ਨ, ਡਾ: ਹਰਦੀਪ, ਡਾ: ਜੇ. ਪੀ. ਮੰਗਲਾ ਐਪੀਡੀਮਾਲੋਜਿਸਟ ਵੀ ਹਾਜ਼ਰ ਰਹੇ।
ਪਾਣੀ ਦੇ 5 ਹੋਰ ਨਮੂਨੇ ਭਰੇ : ਸ੍ਰੀ ਜਗਤ ਰਾਮ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਅੱਜ ਗੈਸਟਰੋ ਪ੍ਰਭਾਵਿਤ ਇਲਾਕੇ ਵਿਚ ਪਾਣੀ ਦੇ ਨਵੇਂ 5 ਨਮੂਨੇ ਭਰੇ ਜਿਨ੍ਹਾਂ ਨੂੰ ਜਾਂਚ ਲਈ ਪ੍ਰੋਯਗਸ਼ਾਲਾ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਨੂੰ ਸਫ਼ਾਈ ਰੱਖਣ, ਪੀਣ ਯੋਗ ਸਾਫ਼ ਪਾਣੀ ਉਬਾਲਕੇ ਪੀਣ ਅਤੇ ਬਿਮਾਰੀ ਦੇ ਲੱਛਣ ਪ੍ਰਗਟ ਹੋਣ ’ਤੇ ਤੁਰੰਤ ਇਲਾਜ ਲਈ ਕੈਂਪਾਂ ਜਾਂ ਹਸਪਤਾਲ ਪੁੱਜਣ ਲਈ ਪ੍ਰੇਰਿਤ ਕੀਤਾ ਗਿਆ।
ਦੂਸ਼ਿਤ ਪਾਣੀ ਕਾਰਨ ਫੈਲਿਆ ਗੈਸਟਰੋ-ਲੋਕਾਂ ਦਾ ਦੋਸ਼ : ਲੋਕਾਂ ਨੇ ਅੰਤੜੀ ਰੋਗ ਫੈਲਣ ਲਈ ਸਿੱਧੇ ਤੌਰ ’ਤੇ ਨਗਰ ਨਿਗਮ ਨੂੰ ਦੋਸ਼ੀ ਠਹਿਰਾਉਂਦੇ ਕਿਹਾ ਕਿ ਨਿਗਮ ਵੱਲੋਂ ਸਪਲਾਈ ਕੀਤੇ ਜਾ ਰਹੇ ਪੀਣ ਵਾਲੇ ਪਾਣੀ ਦੀ ਦੂਸ਼ਿਤ ਸਪਲਾਈ ਹੀ ਗੈਸਟਰੋ ਦਾ ਮੁੱਖ ਕਾਰਨ ਹੈ।
ਸੰਯੁਕਤ ਕਮਿਸ਼ਨਰ ਦਾ ਸਪੱਸ਼ਟੀਕਰਣ : ਜਿਥੇ ਲੋਕਾਂ ਨੇ ਗੈਸਟਰੋ ਫੈਲਣ ਦਾ ਕਾਰਨ ਨਗਰ ਨਿਗਮ ਦੀ ਦੂਸਿਤ ਪਾਣੀ ਦੀ ਸਪਲਾਈ ਨੂੰ ਦੱਸਿਆ ਉਥੇ ਦੂਜੇ ਪਾਸੇ ਨਗਰ ਨਿਗਮ ਦੇ ਕਮਿਸ਼ਨ ਸ੍ਰੀ ਬੀ. ਕੇ. ਗੁਪਤਾ ਨੇ ਦਾਅਵਾ ਕੀਤਾ ਕਿ ਨਿਗਮ ਵੱਲੋਂ ਸਪਲਾਈ ਕੀਤੇ ਜਾ ਰਹੇ ਪਾਣੀ ਵਿਚ ਪੂਰੀ ਮਾਤਰਾ ’ਚ ਕਲੋਰੀਨ ਮਿਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸੀਵਰੇਜ ਪਾਈਪਾਂ ਉਪਰ ਸਿੱਧੇ ਹੀ ਪਾਣੀ ਦੇ ਨਜਾਇਜ਼ ਕੁਨੈਕਸ਼ਨ ਲਏ ਹੋਏ ਹਨ ਜੋ ਕਿ ਬਿਮਾਰੀ ਫੈਲਣ ਦਾ ਮੂਲ ਕਾਰਨ ਹੈ। ਉਨ੍ਹਾਂ ਨਗਰ ਨਿਗਮ ਨੂੰ ਦੋਸ਼ਮੁਕਤ ਕਰਦਿਆਂ ਅੰਤੜੀ ਰੋਗ ਫੈਲਣ ਉਪਰੋਕਤ ਇਲਾਕੇ ਦੇ ਗਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਹੀ ਜਿੰਮੇਵਾਰ ਠਹਿਰਾਇਆ। ਇਸੇ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਗਰ ਨਿਗਮ ਦੇ ਟਿਊਬਵੈ¤ਲਾਂ ਤੋਂ ਆਉਣ ਵਾਲੇ ਪਾਣੀ ਨੂੰ ਸਿਰਫ਼ ਇਸ਼ਨਾਨ ਕਰਨ, ਕੱਪੜੇ ਧੋਣ ਆਦਿ ਲਈ ਹੀ ਵਰਤਣ। ਪੀਣ ਲਈ ਟੈਂਕਰਾਂ ਰਾਹੀਂ ਆਏ ਪਾਣੀ ਦੀ ਵਰਤੋਂ ਹੀ ਕਰਨ।