ਕਾਮਰੇਡ ਸੁਰਜੀਤ ਦੀ ਪਹਿਲੀ ਬਰਸੀ ਬੰਡਾਲਾ ਵਿਖ
ਕੌਮਾਂਤਰੀ ਪੱਧਰ ‘ਤੇ ਜਾਣੇ ਜਾਂਦੇ ਭਾਰਤ ਦੇ ਮਹਾਨ ਕਮਿਊਨਿਸਟ ਤੇ ਕਿਸਾਨ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੋ ਪਿਛਲੇ ਸਾਲ ਵਿਛੋੜਾ ਦੇ ਗਏ ਸਨ, ਦੀ ਪਹਿਲੀ ਬਰਸੀ 4 ਅਗਸਤ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੰਡਾਲਾ (ਜ਼ਿਲ੍ਹਾ ਜਲੰਧਰ) ਵਿਖੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੱਲੋਂ ਪੂਰੇ ਇਨਕਲਾਬੀ ਜਾਹੋ-ਜਲਾਲ ਅਤੇ ਜੋਸ਼ੋ-ਖਰੋਸ਼ ਨਾਲ ਮਨਾਈ ਜਾ ਰਹੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਸੀ ਪੀ ਆਈ (ਐਮ) ਦੇ ਕਾਰਜਕਾਰੀ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਦੱਸਿਆ ਕਿ ਇਸ ਮੌਕੇ ਸਾਰੇ ਪੰਜਾਬ ‘ਚੋਂ ਮਿਹਨਤਕਸ਼ ਤੇ ਹੋਰ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਬੰਡਾਲਾ ਪਹੁੰਚ ਰਹੇ ਹਨ ਅਤੇ ਕਾਮਰੇਡ ਸੁਰਜੀਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੀ ਪੀ ਆਈ (ਐਮ) ਦੇ ਜਨਰਲ ਸਕੱਤਰ ਕਾਮਰੇਡ ਪ੍ਰਕਾਸ਼ ਕਰਾਤ, ਕੇਂਦਰੀ ਸਕੱਤਰੇਤ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਸਮੇਤ ਬਹੁਤ ਸਾਰੇ ਕੌਮੀ ਤੇ ਸੂਬਾਈ ਆਗੂ ਪੁੱਜਣਗੇ।
ਸਾਥੀ ਤੱਗੜ ਨੇ ਦੱਸਿਆ ਕਿ ਇਸ ਮੌਕੇ ਪਾਰਟੀ ਵੱਲੋਂ ਕਾਮਰੇਡ ਸੁਰਜੀਤ ਦੀਆਂ ਲਿਖੀਆਂ ਹੋਈਆਂ ਦੋ ਕਿਤਾਬਾਂ 'ਭਾਰਤ ਵਿੱਚ ਕਮਿਊਨਿਸਟ ਲਹਿਰ ਦਾ ਵਿਕਾਸ‘ ਅਤੇ 'ਖੁਸ਼ਹੈਸੀਅਤੀ ਟੈਕਸ ਵਿਰੋਧੀ ਮੋਰਚਾ‘ ਪੰਜਾਬੀ ‘ਚ ਛਪਵਾ ਕੇ ਰਿਲੀਜ਼ ਕੀਤੀਆਂ ਜਾ ਰਹੀਆਂ ਹਨ ਅਤੇ ਰੋਜ਼ਾਨਾ 'ਦੇਸ਼ ਸੇਵਕ‘ ਵੱਲੋਂ ਕਾਮਰੇਡ ਸੁਰਜੀਤ ਬਾਰੇ ਇੱਕ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਪਾਰਟੀ ਵੱਲੋਂ ਕਾਮਰੇਡ ਸੁਰਜੀਤ ਦੀ ਯਾਦ ਅਤੇ ਦੇਣ ਨੂੰ ਸਦੀਵੀ ਬਣਾਉਣ ਲਈ ਕੁਝ ਹੋਰ ਫ਼ੈਸਲਿਆਂ ਦਾ ਐਲਾਨ ਵੀ ਇਸ ਮੌਕੇ ਕੀਤਾ ਜਾਵੇਗਾ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਸੁਰਜੀਤ ਦੀ ਜੀਵਨ ਸਾਥਣ ਮਾਤਾ ਪ੍ਰੀਤਮ ਕੌਰ ਵੀ ਵਿਸ਼ੇਸ਼ ਤੌਰ ‘ਤੇ ਪੁੱਜ ਰਹੇ ਹਨ। ਸਾਥੀ ਤੱਗੜ ਨੇ ਦੱਸਿਆ ਕਿ ਪਾਰਟੀ ਦੇ ਪਿੰਡ ਬੰਡਾਲਾ ਦੇ ਯੂਨਿਟ ਨੇ ਦਿਨ-ਰਾਤ ਇੱਕ ਕਰਕੇ ਸਮਾਗਮ ਦੇ ਸਾਰੇ ਪ੍ਰਬੰਧ ਦੀਆਂ ਤਿਆਰੀਆਂ ਨੂੰ ਮੁਕੰਮਲ ਕਰ ਲਿਆ ਹੈ ਅਤੇ ਸਾਰਾ ਪਿੰਡ ਪੰਜਾਬ ਭਰ ਵਿੱਚੋਂ ਆਉਣ ਵਾਲੇ ਲੋਕਾਂ ਦੇ ਸਵਾਗਤ ਲਈ ਪੱਬਾਂ ਭਾਰ ਹੋ ਚੁੱਕਾ ਹੈ।