ਜ਼ਿਮਨੀ ਚੋਣਾਂ ਸਮਾਪਤ
ਕਾਹਨੂੰਵਾਨ ‘ਚ 79, ਜਲਾਲਾਬਾਦ ‘ਚ 75 ਅਤੇ ਬਨੂੜ ‘ਚ 74 ਫੀਸਦੀ ਵੋਟਾਂ ਪਈਆਂ
ਚੰਡੀਗੜ੍ਹ : 3 ਅਗਸਤ
ਪੰਜਾਬ ਵਿਧਾਨ ਸਭਾ ਦੀਆਂ ਤਿੰਨੇ ਜ਼ਿਮਨੀ ਚੋਣਾਂ ਅੱਜ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ। ਚੋਣ ਕਮਿਸ਼ਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਤਿੰਨੇ ਵਿਧਾਨ ਸਭਾ ਹਲਕਿਆਂ ਵਿਚ ਔਸਤਨ 75 ਫੀਸਦੀ ਤੋਂ ਵੱਧ ਵੋਟਿੰਗ ਹੋਈ ਹੈ। ਜਲਾਲਾਬਾਦ ‘ਚ 75, ਕਾਹਨੂੰਵਾਨ ‘ਚ 79 ਤੇ ਬਨੂੜ ‘ਚ 74 ਫੀਸਦੀ ਦੇ ਕਰੀਬ ਵੋਟਿੰਗ ਦਰਜ ਕੀਤੀ ਗਈ ਹੈ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਅਨੁਸਾਰ ਕਾਹਨੂੰਵਾਨ ਦੇ ਪਿੰਡ ਘੁੰਮਣ ਖੁਰਦ ਤੇ ਬਨੂੜ ਹਲਕੇ ਦੇ ਪਿੰਡ ਜਾਗੋਵਾਲ ‘ਚ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦੋਂ ਕਿ ਬਾਕੀ ਥਾਈਂ ਵੋਟਾਂ ਸ਼ਾਂਤੀਪੂਰਨ ਢੰਗ ਨਾਲ ਸਿਰੇ ਚੜ੍ਹ ਗਈਆਂ।
ਮੈਡਮ ਸਿੱਧੂ ਨੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਸਿਰੇ ਚਾੜ੍ਹਨ ‘ਚ ਪਾਏ ਯੋਗਦਾਨ ਲਈ ਜਲਾਲਾਬਾਦ, ਕਾਹਨੂੰਵਾਨ ਤੇ ਬਨੂੜ ਹਲਕੇ ਦੇ ਲੋਕਾਂ, ਵੋਟਿੰਗ ਅਮਲੇ ਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੈਡਮ ਸਿੱਧੂ ਨੇ ਦੱਸਿਆ ਕਿ ਨੌਂ ਵੋਟਿੰਗ ਮਸ਼ੀਨਾਂ ‘ਚ ਸਵੇਰੇ ਤਕਨੀਕੀ ਖ਼ਰਾਬੀ ਹੋਈ ਸੀ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਬਦਲ ਦਿੱਤਾ ਗਿਆ। ਇਨ੍ਹਾਂ ਵਿਚੋਂ 4 ਮਸ਼ੀਨਾਂ ਜਲਾਲਾਬਾਦ, 3 ਕਾਹਨੂੰਵਾਨ ਤੇ 2 ਬਨੂੜ ਹਲਕੇ ‘ਚ ਬਦਲੀਆਂ ਗਈਆਂ।