ਸਰਕਾਰ ਛਾਪੇਗੀ ਬਾਦਲ ਦੀ ਜੀਵਨੀ
ਕਿਤਾਬ ਦੀ ਸੰਪਾਦਨ ਕਰਨਗੇ ਉਘੇ ਪੱਤਰਕਾਰ ਕੁਲਦੀਪ ਨਈਅਰ
ਪਟਿਆਲਾ/3 ਅਗਸਤ
ਪੰਜਾਬ ਸਰਕਾਰ ਦੇ ਖਰਚੇ ‘ਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਪੰਜਾਬ ਸਰਕਾਰ ਵੱਲੋਂ ਇਕ ਵਿਸ਼ੇਸ਼ ਕਿਤਾਬ ਲਿਖਾਈ ਜਾ ਰਹੀ ਹੈ, ਜਿਸ ਦਾ ਖਰੜਾ ਇਕੱਠਾ ਕਰਨ ਲਈ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜਿਸ ਸਬੰਧੀ ਇਕ ਮੀਟਿੰਗ ਵੀ ਹੋ ਚੁੱਕੀ ਹੈ ਤੇ ਮੀਟਿੰਗ ਤੋਂ ਬਾਅਦ ਇਹ ਕਿਤਾਬ ਜਲਦੀ ਪ੍ਰਕਾਸ਼ਿਤ ਕਰਨ ‘ਚ ਤੇਜ਼ੀ ਲਿਆਂਦੀ ਗਈ ਹੈ।
ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਕਿਤਾਬ ਨੂੰ 8 ਤੋਂ ਲੈ ਕੇ 10 ਕਾਂਡਾਂ ‘ਚ ਵੰਡਿਆ ਗਿਆ ਹੈ, ਜਿਸ ‘ਚ ਸ੍ਰੀ ਬਾਦਲ
ਨਾਲ ਰਹੇ ਵਿਅਕਤੀਆਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇਗਾ ਤੇ ਉਨ੍ਹਾਂ ਕੋਲੋਂ ਜਾਣਕਾਰੀ ਇਕੱਤਰ ਕਰਨ ਲਈ ਵੀ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਕਿਤਾਬ ਨੂੰ ਛਪਾਉਣ ਲਈ ਵਿਸ਼ੇਸ਼ ਤੌਰ ‘ਤੇ ਕਮੇਟੀ ਬਣਾਈ ਗਈ ਹੈ, ਜਿਸ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਮੌਜੂਦਾ ਉਪ ਕੁਲਪਤੀ ਤੇ ਪੰਜਾਬੀ ਯੂਨੀਵਰਸਿਟੀ ਦੇ ਚਰਚਿਤ ਸਾਬਕਾ ਵੀ. ਸੀ. ਡਾ ਜਸਬੀਰ ਸਿੰਘ ਆਹਲੂਵਾਲੀਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪਕੁਲਪਤੀ ਡਾ. ਜਸਪਾਲ ਸਿੰਘ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਦਲਬੀਰ ਸਿੰਘ ਢਿੱਲੋਂ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨ ਡਾ. ਸੁਖਦਿਆਲ ਸਿੰਘ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ।
ਇਸ ਕਿਤਾਬ ਦਾ ਨਾਂ ਵੀ 'ਕੌਫੀ ਟੈਬਲ ਬੁੱਕ‘ ਰੱਖਿਆ ਗਿਆ ਹੈ। ਇਸ ਕਿਤਾਬ ਦੀ ਸਰਕਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਦੇ ਸਲਾਹਕਾਰ ਦਲਜੀਤ ਸਿੰਘ ਚੀਮਾ ਨੇ ਆਪਣੇ ਸਿਰ ਲਈ ਹੈ। ਮੀਟਿੰਗ ‘ਚ 8 ਮੁੱਦੇ ਵਿਚਾਰੇ ਗਏ, ਜਿਨ੍ਹਾਂ ‘ਚ ਕਿ ਕਿਤਾਬ ਦਾ ਖਰੜਾ ਇਕੱਠਾ ਕਰਨ ਦੀਆਂ ਡਿਊਟੀਆਂ ਵੰਡੀਆਂ ਗਈਆਂ। ਇਸ ਸਬੰਧੀ ਪਹਿਲੇ ਕਾਂਡ ‘ਚ ਬਾਦਲ ਦਾ ਜੀਵਨ ‘ਚ ਸਿਆਸੀ ਤੌਰ ‘ਤੇ ਦੂਜੇ ਕਾਂਡ ‘ਚ ਸ੍ਰੀ ਬਾਦਲ ਨੇ ਕਿਸਾਨ ਹਿਤੈਸ਼ੀ ਮਸਲੇ ਤੇ ਫੈਡਰਲਿਜ਼ਮ ਵਿਚਾਰਾਂ ‘ਚ ਕੀ ਸਪੱਸ਼ਟ ਕੀਤਾ? ਇਸੇ ਤਰ੍ਹਾਂ ਹੀ ਅਗਲੇ ਪਾਠ ‘ਚ ਸ੍ਰੀ ਬਾਦਲ ਦੀਆਂ ਮੀਡੀਆ ‘ਚ ਕੀਤੀਆਂ ਗਈਆਂ ਤਰੀਫਾਂ, ਇਸੇ ਤਰ੍ਹਾਂ ਹੀ ਅਗਲੇ ਪਾਠ ‘ਚ ਜੀਵਨ ਘਟਨਾਕ੍ਰਮ ਬਾਰੇ ਚਾਨਣਾ ਪਾਇਆ ਜਾਵੇਗਾ। ਉਸ ਤੋਂ ਅਗਲੇ ਪਾਠ ‘ਚ ਸ੍ਰੀ ਬਾਦਲ ਵੱਲੋਂ ਵਿਧਾਨ ਸਭਾ ‘ਚ ਦਿੱਤੇ ਭਾਸ਼ਣਾਂ ਦੇ ਮੁੱਖ ਅੰਸ਼ ਅਤੇ ਸ੍ਰ. ਬਾਦਲ ਦੇ ਜੀਵਨ ਨਾਲ ਸਬੰਧਤ ਵੱਖ ਅਹਿਮ ਹਸਤੀਆਂ ਵੱਲੋਂ ਲਿਖਤ ਹੱਥ ਲਿਖਤਾਂ ਅਤੇ ਯਾਦਗਾਰੀ ਫੋਟੋਆਂ ਛਾਪੀਆਂ ਜਾਣਗੀਆਂ। ਇਸ ਕਿਤਾਬ ਨੂੰ ਪੂਰੀ ਕਰਨ ਲਈ ਡਾ. ਦਲਜੀਤ ਸਿੰਘ ਚੀਮਾ ਤੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਦੀ ਕਾਫ਼ੀ ਅਹਿਮ ਜ਼ਿੰਮੇਵਾਰੀ ਹੈ।
ਇਸ ਲਈ ਲੋੜੀਂਦੇ ਵਿਦਵਾਨ ਗਿਆਨੀ ਮਹਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਮੈਂਬਰ ਰਾਜ ਸਭਾ ਤਰਲੋਚਨ ਸਿੰਘ, ਅਜੀਤ ਅਖਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨਾਲ ਸੰਪਰਕ ਕੀਤਾ ਗਿਆ ਹੈ।
ਇਸ ਕਿਤਾਬ ‘ਚ ਲਿਖਣ ਲਈ ਅਹਿਮ ਲੀਡਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜਿਵੇਂ ਕਿ ਲਾਲ ਕ੍ਰਿਸ਼ਨ ਅਡਵਾਨੀ, ਅਟਲ ਬਿਹਾਰੀ ਵਾਜਪਾਈ, ਰਾਮ ਵਿਲਾਸ ਪਾਸਵਾਨ, ਨਿਤਿਸ਼ ਕੁਮਾਰ, ਪ੍ਰੇਮ ਕੁਮਾਰ ਧੂੰਮਲ, ਸ਼ਰਦ ਪਵਾਰ, ਕੁਲਦੀਪ ਨਈਅਰ, ਸੁਰਜੀਤ ਸਿੰਘ ਬਰਨਾਲਾ, ਕ੍ਰਿਪਾਲ ਸਿੰਘ ਬਡੂੰਗਰ ਨਾਲ ਵਿਸ਼ੇਸ਼ ਸੰਪਰਕ ਕੀਤਾ ਜਾ ਰਿਹਾ ਹੈ। ਇਸ ਕਿਤਾਬ ਦੀ ਸੰਪਾਦਨ ਕਰਨ ਦੀ ਜ਼ਿੰਮੇਵਾਰ ਉਘੇ ਪੱਤਰਕਾਰ ਕੁਲਦੀਪ ਨਈਅਰ ਦੀ ਲਗਾਈ ਗਈ ਹੈ। ਇਸ ਕਿਤਾਬ ਦਾ ਅੰਸ਼ ਅਜੇ ਪ੍ਰਕਾਸ਼ ‘ਚ ਨਹੀਂ ਆਇਆ, ਪਰ ਸੂਤਰਾਂ ਨੇ ਦੱਸਿਆ ਹੈ ਕਿ ਇਸ ਕਿਤਾਬ ਦਾ ਸਾਰਾ ਹੀ ਖਰਚਾ ਪੰਜਾਬ ਸਰਕਾਰ ਕਰੇਗੀ ਤੇ ਉਸ ਨੂੰ ਲੋਕ ਸੰਪਰਕ ਵਿਭਾਗ ਦੇ ਜ਼ਰੀਏ ਅਵਾਮ ਤੱਕ ਪਹੁੰਚਾਇਆ ਜਾਵੇਗਾ।