ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਕਵੀ ਦਰਬਾਰ
ਫਰੀਮਾਂਟ (ਕੈਲੀਫੋਰਨੀਆ), 5 ਅਗਸਤ-ਵਿਸ਼ਵ ਪੰਜਾਬੀ ਸਾਹਿਤ ਅਕੈਡਮੀ (ਵਿਪਸਾਅ) ਵੱਲੋਂ ਨੀਵਾਰਕ/ਫਰੀਮਾਂਟ ਵਿਚ ਕਰਵਾਇਆ ਗਿਆ ਬਹੁ-ਭਾਸ਼ੀ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ। ਕਵੀ ਦਰਬਾਰ ਦੇ ਖਾਸ ਮਹਿਮਾਨ ਡਾ: ਜਸਵੰਤ ਸਿੰਘ ਨੇਕੀ ਸਮੇਤ ਹਿੰਦੀ ਕਵੀ ਡਾ: ਵੇਦ ਵੱਟੁਕ, ਉਰਦੂ ਕਵੀ ਜਾਵੇਦ ਸਈਅਦ, ਪੰਜਾਬੀ ਅਤੇ ਉਰਦੂ ਕਵੀ ਆਜ਼ਾਦ ਜ¦ਧਰੀ ਅਤੇ ਫਾਰੂਖ ਤਰਾਜ਼ ਅਤੇ ਅਕੈਡਮੀ ਦੇ ਬੇਅ ਏਰੀਆ ਯੂਨਿਟ ਦੇ ਮੌਜੂਦਾ ਚੇਅਰਮੈਨ ਰੇਸ਼ਮ ਸਿੱਧੂ ਦੀ ਪ੍ਰਧਾਨਗੀ ਹੇਠ ਹੋਏ ਇਸ ਕਵੀ ਦਰਬਾਰ ਨੂੰ ਸਰੋਤਿਆਂ ਨੇ ਕੋਈ 4 ਘੰਟੇ ਨਿੱਠ ਕੇ ਮਾਣਿਆ। ਕਵੀ ਦਰਬਾਰ ਦੀ ਸ਼ੁਰੂਆਤ ਰੇਸ਼ਮ ਸਿੱਧੂ ਵੱਲੋਂ ਸਵਾਗਤੀ ਸ਼ਬਦ ਕਹਿਣ ਤੋਂ ਬਾਅਦ ਉਸਤਾਦ ਗਾਇਕ ਸੁਖਦੇਵ ਸਾਹਿਲ ਵੱਲੋਂ ਗਾਇਨ ਕੀਤੇ ਗਏ ਬਾਬਾ ਫਰੀਦ ਦੇ ਸਲੋਕਾਂ, ਬਾਬਾ ਬੁੱਲ੍ਹੇਸ਼ਾਹ ਦੀ ਕਾਫੀ ਅਤੇ ਕੁਝ ਸਮਕਾਲੀ ਸ਼ਾਇਰਾਂ ਦੇ ਕਲਾਮ ਨਾਲ ਹੋਈ। ਤਬਲੇ ’ਤੇ ਸਾਥ ਦੇ ਰਹੇ ਛੋਟੀ ਉਮਰ ਵਿਚ ਪ੍ਰਪੱਕ ਤਬਲਚੀ
ਸੁਰਜੀਤ ਬਾਵਾ ਦੇ ਸੁਰੀਲੇ ਸੁਮੇਲ ਨੇ ਸਮਾਂ ਬੰਨ੍ਹ ਕੇ ਰੱਖ ਦਿੱਤਾ। ਕਵੀ ਦਰਬਾਰ ਦਾ ਸੰਚਾਲਨ ਐਨੀ ਅਖ਼ਤਰ, ਰੇਸ਼ਮ ਸਿੱਧੂ ਅਤੇ ਵੇਦ ਵੱਟੁਕ ਨੇ ਵੱਖ-ਵੱਖ ਸ਼ਾਇਰਾਂ ਨੂੰ ਬੜੇ ਢੁਕਵੇਂ ਅੰਦਾਜ਼ ਵਿਚ ਸਰੋਤਿਆਂ ਦੇ ਸਨਮੁੱਖ ਕਰਦਿਆਂ ਕੀਤਾ। ਕਵੀਆਂ ਨੇ ਉਰਦੂ, ਪੰਜਾਬੀ ਅਤੇ ਹਿੰਦੀ ਸ਼ਾਇਰੀ ਦੀ ਨਿਰਮਲ ਸ਼ਹਿਬਰ ਲਾ ਦਿੱਤੀ। ਹਿੰਦੀ ਕਵੀਆਂ ਵਿਚ ਡਾ: ਵੇਦ ਵੱਟੁਕ ਸਮੇਤ ਸ਼ਾਮਿਲ ਸਨ ਡਾ: ਸ਼ਾਮ ਨਰਾਇਣ ਸ਼ੁਕਲਾ, ਅਰਚਨਾ ਪਾਂਡੇ, ਨੀਲੂ ਗੁਪਤਾ, ਬ੍ਰਹਮਾਨੰਦ ਪਾਂਡੇ ਅਤੇ ਬਖਸ਼ੀਸ਼ ਕੌਰ। ਨਾਮਵਰ ਸਟੇਜ ਸੰਚਾਲਕ ਅਤੇ ਰੇਡੀਓ ਹੋਸਟ ਐਨੀ ਅਖ਼ਤਰ ਨੇ ਉਰਦੂ ਸ਼ਾਇਰੀ ਲਈ ਜਨਾਬ ਜਾਵੇਦ ਸਈਅਦ, ਫ਼ਾਰੂਖ ਤਰਾਜ਼, ਆਜ਼ਾਦ ਜ¦ਧਰੀ, ਗੁਰਚਰਨ ਸਿੰਘ ਫ਼ਲਕ ਅਤੇ ਜਨਾਬ ਫ਼ਿਰੋਜ਼ ਕਾਜ਼ੀ ਨੂੰ ਆਪਣਾ ਕਲਾਮ ਸੁਣਾਉਣ ਲਈ ਸੱਦਾ ਦਿੱਤਾ।
ਐਨੀ ਅਖ਼ਤਰ ਨੇ ਵਿਚ-ਵਿਚਾਲੇ ਬਹੁਤ ਸਾਰੇ ਪ੍ਰਭਾਵਸ਼ਾਲੀ ਉਰਦੂ ਸ਼ਿਅਰ ਸੁਣਾ ਕੇ ਸਰੋਤਿਆਂ ਦੀ ਦਾਦ ਵਸੂਲੀ। ਜਾਵੇਦ ਸਈਅਦ ਹੁਰਾਂ ਉਰਦੂ ਕਲਾਮ ਦੇ ਨਾਲ ਆਪਣੇ ਮਜ਼ਾਹੀਆ ਪੰਜਾਬੀ ਸ਼ਿਅਰ ਅਤੇ ਨਜ਼ਮ ਸੁਣਾਈ ਜਿਸ ਨਾਲ ਉਰਦੂ ਸ਼ਾਇਰੀ ਉਹਲੇ ਛੁਪੇ ਖਾਲਸ ਪੰਜਾਬੀ ਜਾਵੇਦ ਸਈਅਦ ਦਾ ਨਕਾਬ ਲਹਿ ਗਿਆ ਅਤੇ ਸਰੋਤਿਆਂ ਨੇ ਜਾਵੇਦ ਸਈਅਦ ਦੇ ਦੋਵਾਂ ਰੂਪਾਂ ਦਾ ਬਹੁਤ ਆਨੰਦ ਮਾਣਿਆ। ਫਿਰੋਜ਼ ਕਾਜ਼ੀ ਨੇ ਉਰਦੂ ਨਜ਼ਮਾਂ ਦੇ ਨਾਲ ਕੁਝ ਸੰਸਕ੍ਰਿਤ ਦੇ ਸਲੋਕ ਵੀ ਉਚਾਰੇ। ਖਾਸ ਮਹਿਮਾਨ ਡਾ: ਜਸਵੰਤ ਸਿੰਘ ਨੇਕੀ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਡਾ: ਗੁਰੂਮੇਲ ਸਿੱਧੂ ਨੇ ਉਨ੍ਹਾਂ ਦੀ ਜਾਣ-ਪਹਿਚਾਣ ਸਰੋਤਿਆਂ ਨਾਲ ਕਰਵਾਈ ਅਤੇ ਅਕੈਡਮੀ ਵੱਲੋਂ ਜੀ ਆਇਆਂ ਨੂੰ ਕਿਹਾ। ਨੇਕੀ ਹੋਰਾਂ ਆਪਣੀ ਪਹਿਲੀ ਕਿਤਾਬ ‘ਅਸਲੇ ਤੇ ਓਹਲੇ’ ਵਿਚ ਸ਼ਾਮਿਲ ਇਕ ਨਜ਼ਮ ਨਾਲ ਸ਼ੁਰੂਆਤ ਕੀਤੀ ਅਤੇ ਕਈ ਹੋਰ ਨਜ਼ਮਾਂ ਵੀ ਸੁਣਾਈਆਂ ਜੋ ਬਹੁਤ ਸਲਾਹੀਆਂ ਗਈਆਂ। ਨੇਕੀ ਹੋਰੀਂ ਬ੍ਰਿਜ ਭਾਸ਼ਾ ਦੇ ਵੀ ਗਿਆਤਾ ਹਨ। ਉਨ੍ਹਾਂ ਬ੍ਰਿਜ ਭਾਸ਼ਾ ਵਿਚ ਪਹਿਲੀ ੳੇੁਮਰੇ ਲਿਖੀ ਇਕ ਨਜ਼ਮ ਵੀ ਸੁਣਾਈ। ਸੁਰਿੰਦਰ ਸੀਰਤ, ਗੁਰੂਮੇਲ ਸਿੱਧੂ ਅਤੇ ਕੁਲਵਿੰਦਰ ਨੇ ਆਪਣੀਆਂ ਨਵੀਆਂ ਕਿਤਾਬਾਂ ਦੀ ਇਕ-ਇਕ ਕਾਪੀ ਡਾ: ਨੇਕੀ ਨੂੰ ਭੇਟ ਕੀਤੀ। ਪੰਜਾਬੀ ਸ਼ਾਇਰਾਂ ’ਚੋਂ ਸੁਰਿੰਦਰ ਸੀਰਤ, ਕੁਲਵਿੰਦਰ, ਹਰਜਿੰਦਰ ਕੰਗ, ਡਾ: ਸੁਖਪਾਲ ਸੰਘੇੜਾ, ਜਗਜੀਤ, ਈਸ਼ਰ ਸਿੰਘ ਮੋਮਨ, ਰੇਸ਼ਮ ਸਿੱਧੂ, ਮੇਜਰ ਭੁਪਿੰਦਰ ਦੁਲੇਰ, ਹਰਭਜਨ ਢਿੱਲੋਂ, ਸੁੱਖੀ ਧਾਲੀਵਾਲ, ਕੁਲਵੰਤ ਸੇਖੋਂ, ਜਸ ਫ਼ਿਜ਼ਾ, ਕਮਲ ਬੰਗਾ, ਫਾਰੂਖ ਤਰਾਜ਼ ਅਤੇ ਇਸ਼ਾਪੁਰ ਸਿੱਧੂ ਨੇ ਆਪਣਾ ਕਲਾਮ ਪੇਸ਼ ਕੀਤਾ। ਸ਼ਾਇਰਾ ਨਵਨੀਤ ਪੰਨੂ ਅਤੇ ਅਮਰਜੀਤ ਕੌਰ ਪੰਨੂ ਨੇ ਅੰਗਰੇਜ਼ੀ ਨਜ਼ਮਾਂ ਪੇਸ਼ ਕੀਤੀਆਂ ਜਿਸ ਨਾਲ ਇਸ ਕਵੀ ਦਰਬਾਰ ਵਿਚ ਸ਼ਾਮਿਲ ਭਾਸ਼ਾਵਾਂ ਦੀ ਗਿਣਤੀ 6 ਹੋ ਗਈ। ਗਾਇਕ ਧਰਮਵੀ ਥਾਂਦੀ ਨੇ ਕੁਲਵੰਤ ਸੇਖੋਂ ਅਤੇ ਸੁੱਖੀ ਧਾਲੀਵਾਲ ਦੇ ਕੁਝ ਸਾਹਿਤਕ ਗੀਤ ਗਾ ਕੇ ਸੁਣਾਏ। ਅਖੀਰ ਵਿਚ ਰੇਸ਼ਮ ਸਿੱਧੂ ਨੇ ਹਾਜ਼ਰ ਸਭ ਸ਼ਾਇਰਾਂ ਅਤੇ ਸਰੋਤਿਆਂ ਦਾ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਸ਼ੁਕਰੀਆ ਕੀਤਾ। ਸਰੋਤਿਆਂ ਵਿਚ ਸ਼ਾਮਿਲ ਸਨ ਡਾ: ਖਵਾਜ਼ਾ ਅਸ਼ਰਫ, ਜਸਵੰਤ ਸਿੰਘ ਖਹਿਰਾ, ਮੇਜਰ ਸੋਹਣ ਸਿੰਘ ਸੰਧੂ, ਜਸਵੰਤ ਸਿੰਘ ਘਰਿੰਡਾ, ਸੁਰਿੰਦਰ ਕੌਰ ਬਰਾੜ, ਕੁਲਦੀਪ ਧਾਲੀਵਾਲ ਆਦਿ।