ਲੱਖਾਂ ਦੇ ਸਟੈਂਪ ਘੁਟਾਲੇ ਨੇ ਮਾਲ ਵਿਭਾਗ ’ਚ ਮਚਾਇਆ ਹੜਕੰਪ-ਜਾਂਚ ਜਾਰੀ
ਹੁਸ਼ਿਆਰਪੁਰ, 5 ਅਗਸਤ-ਸਟੈਂਪ ਘੁਟਾਲੇ ਦੇ ਸਾਹਮਣੇ ਆਉਣ ਨਾਲ ਤਹਿਸੀਲ ਕੰਪਲੈਕਸ ਅਤੇ ਪ੍ਰਸ਼ਾਸ੍ਯਨਿਕ ਅਧਿਕਾਰੀਆਂ ਵਿਚ ਪੂਰੀ ਤਰ੍ਹਾਂ ਹੜਕੰਪ ਮਚ ਗਿਆ ਹੈ। ਇਹ ਘੁਟਾਲਾ ਜੋ ਕੱਲ੍ਹ 3 ਲੱਖ ਤੋਂ ਸ਼ੁਰੂ ਹੋਇਆ ਸੀ ਮੁੱਢਲੀ ਜਾਂਚ ਤੋਂ ਬਾਅਦ ਹੀ 50 ਲੱਖ ਦੇ ਅੰਕੜੇ ਨੂੰ ਪਾਰ ਕਰ ਗਿਆ ਅਤੇ ਇਸ ਦੀ ਬਰੀਕੀ ਨਾਲ ਜਾਂਚ ਜਾਰੀ ਹੈ। ਸੂਤਰਾਂ ਅਨੁਸਾਰ ਇਸ ਘੁਟਾਲੇ ਦੇ ਕਰੋੜਾਂ ਰੁਪਏ ਤੱਕ ਪਹੁੰਚਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਕੋਈ ਵੀ ਅਧਿਕਾਰੀ
ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਸੂਤਰਾਂ ਅਨੁਸਾਰ ਮਾਲ ਵਿਭਾਗ ਵੱਲੋਂ ਇਸ ਚਾਲੂ ਸਾਲ ਦੌਰਾਨ ਹੋਈਆਂ ਹਜ਼ਾਰਾਂ ਰਜਿਸਟਰੀਆਂ ਦੀ ਜਾਂਚ ਤੋਂ ਬਾਅਦ ਲੱਖਾਂ ਰੁਪਏ ਦਾ ਘੁਟਾਲਾ ਸਾਹਮਣੇ ਆ ਚੁੱਕਾ ਹੈ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਮਾਲ ਵਿਭਾਗ ਵੱਲੋਂ ਸਟੇਟ ਬੈਂਕ ਆਫ ਇੰਡੀਆ ਅਤੇ ਖਜ਼ਾਨਾ ਦਫਤਰ ਤੋਂ ਵੀ ਰਿਕਾਰਡ ਮੰਗਵਾ ਕੇ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਸਟੈਂਪ ਘੁਟਾਲੇ ਦਾ ਉਸ ਸਮੇਂ ਪਰਦਾਫਾਸ਼ ਹੋਇਆ ਜਦੋਂ ਬੀਤੇ ਦਿਨ ਭੱਠਾ ਮਾਲਕ ਸ਼ਿਵ ਵਾਲੀਆ ਪੁੱਤਰ ਪ੍ਰਭਦਿਆਲ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ ਨੇ ਆਦਮਵਾਲ ਵਿਖੇ ਖਰੀਦੀ ਜ਼ਮੀਨ ਦੀ ਰਜਿਸਟਰੀ ਲਈ ਸਰਕਾਰੀ ਸਟੈਂਪ ਡਿਊਟੀ ਜੋ 407550 ਲੱਖ ਬਣਦੀ ਸੀ ਸਟੈਂਪ ਵੈਂਡਰ ਨੂੰ ਜਮ੍ਹਾਂ ਕਰਵਾਉਣ ਲਈ ਕਿਹਾ ਜਿਸ ਨੇ ਅੱਗੋਂ ਰੱਖੇ ਆਪਣੇ ਕਰਿੰਦੇ ਵਿੱਕੀ ਮਲਹੋਤਰਾ ਪੁੱਤਰ ਕ੍ਰਿਸ਼ਨ ਲਾਲ ਵਾਸੀ ਬਹਾਦਰਪੁਰ ਨੂੰ ਇਹ ਰਕਮ ਜਮ੍ਹਾ ਕਰਵਾਉਣ ਲਈ ਬੈਂਕ ਭੇਜਿਆ ਜਿਥੇ ਵਿੱਕੀ ਮਲਹੋਤਰਾ ਨੇ ਬੈਂਕ ਵਿਚ 107550 ਰੁਪਏ ਜਮ੍ਹਾਂ ਕਰਵਾਏ ਅਤੇ ਰਸੀਦ ’ਤੇ ਬਹੁਤ ਹੀ ਹੁਸ਼ਿਆਰੀ ਨਾਲ 1 ਦੀ ਥਾਂ 4 ਕਰ ਦਿੱਤਾ। ਸ਼ੱਕ ਪੈਣ ’ਤੇ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਵਿੱਕੀ ਮਲਹੋਤਰਾ ਨੇ 3 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸ਼ਿਕਾਇਤ ’ਤੇ ਥਾਣਾ ਸਿਟੀ ਪੁਲਿਸ ਵੱਲੋਂ ਵਿੱਕੀ ਮਲਹੋਤਰਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਕੇਸ ਦਰਜ ਕਰਕੇ ਇਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਅਦਾਲਤ ਵੱਲੋਂ ਦੋਸ਼ੀ ਵਿੱਕੀ ਮਲਹੋਤਰਾ ਨੂੰ 2 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ।