ਆਟਾ-ਦਾਲ ਦੀ ਸਹੀ ਵੰਡ ਨਾ ਕਰਨ ’ਤੇ ਰਾਸ਼ਨ ਦੇ 7 ਡਿਪੂ ਮੁਅੱਤਲ-ਦਸਾਂ ਨੂੰ ਨੋਟਿਸ ਜਾਰੀ
ਬਠਿੰਡਾ, 5 ਅਗਸਤ- ਡਿਪਟੀ ਕਮਿਸ਼ਨਰ ਬਠਿੰਡਾ ਜੀ ਵਲੋਂ ਆਟਾ-ਦਾਲ ਸਕੀਮ ਅਧੀਨ ਡਿਪੂ ਹੋਲਡਰਾਂ ਵਲੋਂ ਕੀਤੀ ਜਾ ਰਹੀ ਕਣਕ ਅਤੇ ਦਾਲ ਦੀ ਵੰਡ ਦੀ ਪੜਤਾਲ ਕਰਨ ਲਈ ਉਪ-ਮੰਡਲ ਮੈਜਿਸਟ੍ਰੇਟ, ਬਠਿੰਡਾ, ਰਾਮਪੁਰਾ ਅਤੇ ਤਲਵੰਡੀ ਸਾਬੋ ਰਾਹੀਂ ਜ਼ਿਲ੍ਹੇ ਦੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਪਟਵਾਰੀ, ਪੰਚਾਇਤ ਸਕੱਤਰ, ਕਾਨੂੰਗੋ, ਸੀ.ਆਰ.ਓਜ਼ ਦੀ ਡਿਊਟੀ ਲਗਾਈ ਗਈ, ਜਿਨ੍ਹਾਂ ਵਲੋਂ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿਚ ਜਾ ਕੇ ਸਮੂਹ ਆਟਾ-ਦਾਲ ਕਾਰਡ ਧਾਰਕਾਂ ਦਾ ਆਮ ਇਜਲਾਸ ਬੁਲਾ ਕੇ ਇਹ ਪਤਾ ਕੀਤਾ ਗਿਆ ਕਿ ਕੀ ਡੀਪੂ ਹੋਲਡਰਾਂ ਵਲੋਂ ਉਨ੍ਹਾਂ ਨੂੰ ਵਧੀਆ ਕੁਆਲਟੀ ਦੀ ਅਤੇ ਸਹੀ ਮਾਤਰਾ ਵਿਚ ਕਣਕ ਅਤੇ ਦਾਲ ਦੀ ਸਪਲਾਈ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਉਨ੍ਹਾਂ ਨੂੰ ਆਟਾ ਦਾਲ ਦੀ ਕੁਆਲਟੀ ਸੰਬੰਧੀ ਅਤੇ ਸਮੇਂ ਸਿਰ ਸਪਲਾਈ ਸੰਬੰਧੀ ਵੀ ਪੁੱਛਿਆ ਗਿਆ।
ਇਸ ਪੜਤਾਲ ਦੌਰਾਨ ਜ਼ਿਲ੍ਹੇ ਦੇ ਜ਼ਿਆਦਾਤਰ ਪਿੰਡਾਂ ਵਿਚ ਆਟਾ-ਦਾਲ ਕਾਰਡ ਧਾਰਕਾਂ ਵਲੋਂ ਡਿਪੂ ਹੋਲਡਰਾਂ ਰਾਹੀਂ ਆਟਾ ਦਾਲ ਸਕੀਮ ਅਧੀਨ ਮਿਲ ਰਹੀ ਕਣਕ ਦਾਲ ਦੀ ਸਪਲਾਈ ਸਬੰਧੀ ਸੰਤੁਸ਼ਟੀ ਪ੍ਰਗਟ ਕੀਤੀ ਗਈ ਅਤੇ ਜ਼ਿਲ੍ਹੇ ਦੇ 17 ਪਿੰਡਾਂ ਵਿਚ ਡੀਪੂ ਹੋਲਡਰਾਂ ਵਿਰੁੱਧ ਰਾਸ਼ਨ ਦੀ ਸਹੀ ਵੰਡ, ਘੱਟ ਤੋਲ ਅਤੇ ਸਮੇਂ ਸਿਰ ਵੰਡ ਨਾ ਕਰਨ ਸੰਬੰਧੀ ਰਿਪੋਰਟ ਪ੍ਰਾਪਤ ਹੋਈ ਹੈ। ਇਸ ਲਈ ਉਕਤ ਪੜਤਾਲ ਰਿਪੋਰਟ ਦੇ ਆਧਾਰ ਤੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਹੁਕਮਾਂ ਅਨੁਸਾਰ ਇਨ੍ਹਾਂ ਵਿਚੋਂ 7 ਪਿੰਡਾਂ ਦੇ ਡੀਪੂ ਹੋਲਡਰਾਂ ਸ੍ਰੀਮਤੀ ਅਨੀਤਾ ਦੇਵੀ ਪਿੰਡ ਭੀਸੀਆਣਾ, ਸ੍ਰੀ ਗੁਰਸੇਵਕ ਸਿੰਘ ਪਿੰਡ ਨਰੂਆਣਾ, ਸ੍ਰੀ ਬਲਦੇਵ ਸਿੰਘ ਪਿੰਡ ਤੁੰਗਵਾਲੀ, ਸ੍ਰੀ ਮਨੋਹਰ ਲਾਲ ਪਿੰਡ ਕਲਿਆਣ ਸੁੱਖਾ, ਸ੍ਰੀ ਬਿੱਕਰ ਸਿੰਘ ਪਿੰਡ ਕੋਟਲੀ ਸਾਬੋ, ਸ੍ਰੀ ਪਵਨ ਕੁਮਾਰ ਪਿੰਡ ਕੋਰੇਆਣਾ, ਸ੍ਰੀਮਤੀ ਬਲਵਿੰਦਰ ਕੌਰ ਪਿੰਡ ਮੰਡੀ ਕਲਾਂ ਦੇ ਰਾਸ਼ਨ ਡੀਪੂ ਦੇ ਲਾਇਸੰਸ ਤੁਰੰਤ ਮੁਅੱਤਲ ਕਰ ਦਿੱਤੇ ਗਏ ਹਨ ਅਤੇ 10 ਹੋਰ ਪਿੰਡਾਂ ਮਹਿਮਾ ਸਰਜਾ, ਕੋਠੇ ਨਾਥੇਆਣਾ, ਮੀਆਂ, ਜੀਦਾ, ਮਹਿਤਾ, ਬੰਗੀ ਨਿਹਾਲ ਸਿੰਘ, ਜੱਜਲ, ਫਰੀਦਕੋਟ ਕੋਟਲੀ, ਰਾਮਗੜ੍ਹ ਭੂੰਦੜ ਅਤੇ ਪਿੰਡ ਸੇਮਾਂ ਦੇ ਡੀਪੂ ਹੋਲਡਰਾਂ ਨੂੰ ਵਜ੍ਹਾ ਬਿਆਨ ਕਰੋ ਨੋਟਿਸ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਇਹ ਵੀ ਕਿਹਾ ਗਿਆ ਕਿ ਬਠਿੰਡਾ ਜ਼ਿਲ੍ਹੇ ਵਿਚ ਆਟਾ-ਦਾਲ ਸਕੀਮ ਅਧੀਨ 3,740 ਖਪਤਕਾਰਾਂ ਨੂੰ ਆਟਾ-ਦਾਲ ਸਕੀਮ ਅਧੀਨ ਕਣਕ ਅਤੇ ਦਾਲ ਦੀ ਸਪਲਾਈ ਕੀਤ ਜਾ ਰਹੀ ਹੈ। ਜੇਕਰ ਕਿਸੇ ਵੀ ਡਿਪੂ ਹੋਲਡਰ ਵਲੋਂ ਇਸ ਸਕੀਮ ਅਧੀਨ ਕਣਕ-ਦਾਲ ਦੀ ਵੰਡ ਵਿਚ ਕਿਸੇ ਤਰ੍ਹਾਂ ਦੀ ਕੋਤਾਹੀ ਕੀਤੀ ਗਈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।