ਮੁਸ਼ੱਰਫ਼ ਖਿਲਾਫ਼ ਹੋਵੇਗਾ ਦੇਸ਼-ਧ੍ਰੋਹ ਦਾ ਮਾਮਲਾ ਦਰਜ
ਇਸਲਾਮਾਬਾਦ : 6 ਅਗਸਤ
ਮੁੰਬਈ ਹਮਲਿਆਂ ਦੀ ਜਾਂਚ ਵਿੱਚ ਅਹਿਮ ਕਦਮ ਚੁਕਦਿਆਂ ਜਿੱਥੇ ਪਾਕਿਸਤਾਨ ਨੇ ਲਸ਼ਕਰ ਨਾਲ ਜੁੜੇ ਇੱਕ ਪ੍ਰਮੁੱਖ ਦਹਿਸ਼ਤਗਰਦ ਨੂੰ ਗ੍ਰਿਫ਼ਤਾਰ ਕੀਤਾ ਹੈ, ਉਥੇ ਪਾਕਿਸਤਾਨ ਦੀ ਬੇਨਤੀ ‘ਤੇ ਇੰਟਰਪੋਲ ਨੇ 26 ਨਵੰਬਰ ਨੂੰ ਮੁੰਬਈ ‘ਤੇ ਹੋਏ ਹਮਲਿਆਂ ਦੇ ਸਬੰਧ ਵਿੱਚ 13 ਸ਼ੱਕੀਆਂ ਖਿਲਾਫ਼ ਗਲੋਬਲ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇੱਕ ਅਹਿਮ ਘਟਨਾਕ੍ਰਮ ਤਹਿਤ ਪਾਕਿਸਤਾਨ ਦੇ ਇੱਕ ਮੰਤਰੀ ਨੇ ਕਿਹਾ ਹੈ ਕਿ ਸੰਵਿਧਾਨ ਦੀ ਉਲੰਘਣਾ ਦੇ ਦੋਸ਼ ਹੇਠ
ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਖਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਐਫਆਈਏ ਦੀ ਵਿਸ਼ੇਸ਼ ਜਾਂਚ ਇਕਾਈ ਨੇ ਬੁੱਧਵਾਰ ਦੇਰ ਰਾਤ ਜਮੀਲ ਅਹਿਮਦ ਨਾਂ ਦੇ ਇੱਕ ਦਹਿਸਤਗਰਦ ਨੂੰ ਗ੍ਰਿਫ਼ਤਾਰ ਕੀਤਾ। ਐਫਆਈਏ ਮੁਤਾਬਕ ਇਸ ਵਿਅਕਤੀ ਦੇ ਲਸ਼ਕਰ ਨਾਲ ਸਬੰਧ ਸਨ। ਅਹਿਮਦ ਨੂੰ ਲਸ਼ਕਰ ਦੇ ਪੰਜ ਦਹਿਸ਼ਤਗਰਦਾਂ ਜਕੀ ਉਰ ਰਹਿਮਾਨ ਲਖਵੀ, ਅੱਬੂ ਅਲਕਾਮਾ, ਜ਼ਰਾਰ ਸ਼ਾਹ, ਸਾਹਿਦ ਜਮੀਲ ਰਿਆਜ਼ ਤੇ ਹਾਮਿਦ ਅਮੀਨ ਸਾਦਿਕ ਨਾਲ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਅਹਿਮਦ ਮੁੰਬਈ ਹਮਲਿਆਂ ਨਾਲ ਸਬੰਧਤ ਗਤੀਵਿਧੀਆਂ ‘ਚ ਸ਼ਾਮਲ ਸੀ। ਸੂਤਰਾਂ ਨੇ ਅਹਿਮਦ ਦੀ ਗ੍ਰਿਫ਼ਤਾਰੀ ਨੂੰ ਅਹਿਮ ਕਰਾਰ ਦਿੱਤਾ ਹੈ, ਕਿਉਂਕਿ ਉਸਦੀ ਗ੍ਰਿਫ਼ਤਾਰੀ ਇਸ ਮਾਮਲੇ ਵਿੱਚ ਅਹਿਮ ਖੁਲਾਸੇ ਕਰੇਗੀ।
ਦੂਜੇ ਪਾਸੇ ਅੰਤਰਰਾਸ਼ਟਰੀ ਪੁਲਿਸ ਏਜੰਸੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਪਾਕਿਸਤਾਨ ਦੀ ਬੇਨਤੀ ‘ਤੇ ਮੁੰਬਈ ਹਮਲਿਆਂ ਦੇ ਸਬੰਧ ਵਿੱਚ ਲੋੜੀਂਦੇ 13 ਸ਼ੱਕੀਆਂ ਖਿਲਾਫ਼ ਗਲੋਬਲ ਅਲਰਟ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗਲੋਬਲ ਅਲਰਟ ਵਿੱਚ ਇੰਟਰਪੋਲ ਦੇ ਮੈਂਬਰ ਦੇਸ਼ਾਂ ਨੂੰ ਭਗੌੜੇ ਦਹਿਸ਼ਤਗਰਦਾਂ ਦਾ ਪਤਾ ਲਗਾਉਣ ਲਈ ਕਿਹਾ ਜਾਂਦਾ ਹੈ। ਇੰਟਰਪੋਲ ਦੇ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸ਼ੱਕੀਆਂ ਦਾ ਪਤਾ ਲਗਾਉਣ ਤੋਂ ਬਾਅਦ ਪਾਕਿਸਤਾਨੀ ਅਧਿਕਾਰੀ ਇਨ੍ਹਾਂ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨਗੇ। ਇਸ ਬਿਆਨ ਵਿੱਚ ਸੰਕੇਤ ਦਿੱਤਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਦਹਿਸ਼ਤਗਰਦ ਪਾਕਿਸਤਾਨ ਵਿੱਚ ਨਹੀਂ ਹਨ।
ਇਸੇ ਦੌਰਾਨ ਮੁਸ਼ੱਰਫ਼ ਵਿਰੁੱਧ ਕਾਰਵਾਈ ਬਾਰੇ ਪਾਕਿਸਤਾਨ ਦੇ ਕਾਨੂੰਨ ਰਾਜ ਮੰਤਰੀ ਅਫ਼ਜ਼ਲ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੀ ਕੌਮੀ ਅਸੈਂਬਲੀ ਇੱਕ ਪ੍ਰਸਤਾਵ ਪਾਸ ਕਰਕੇ ਇਹ ਪਤਾ ਲਗਾਵੇਗੀ ਕਿ ''ਕੀ ਦੇਸ਼ ਧ੍ਰੋਹ ਦੀ ਕਾਰਵਾਈ ਲਈ ਪ੍ਰਵੇਜ਼ ਮੁਸ਼ੱਰਫ਼ ਜ਼ਿੰਮੇਵਾਰ ਸਨ ਜਾਂ ਨਹੀਂ।‘‘ ਜਨਾਬ ਸਿੱਧੂ ਨੇ ਦੈਨਿਕ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਮਾਮਲਾ ਇਸਲਾਮਾਬਾਦ ਦੀ ਸੈਸ਼ਨ ਅਦਾਲਤ ਵਿੱਚ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸੈਸ਼ਨ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਤਾਂ ਮਾਮਲੇ ਦੀ ਕਾਰਵਾਈ ਉਸੇ ਤਰ੍ਹਾਂ ਚਲੇਗੀ ਜਿਸ ਤਰ੍ਹਾਂ ਕਤਲ ਦੇ ਹੋਰ ਮਾਮਲਿਆਂ ਦੀ ਚਲਦੀ ਹੈ। ਉਨ੍ਹਾਂ ਕਿਹਾ ਕਿ ਸੈਸ਼ਨ ਅਦਾਲਤ ਮੁਸ਼ੱਰਫ਼ ਤੇ ਹੋਰਨਾਂ ਖਿਲਾਫ਼ ਸਜ਼ਾ ਏ ਮੌਤ ਦਾ ਹੁਕਮ ਵੀ ਦੇ ਸਕਦੀ ਹੈ ਪਰ ਨਾਲ ਹੀ ਇਸ ਫੈਸਲੇ ਨੂੰ ਚੁਣੌਤੀ ਵੀ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇੱਕ ਸੀਨੀਅਰ ਮੰਤਰੀ ਨੇ ਇਸ ਤਰ੍ਹਾਂ ਦਾ ਬਿਆਨ ਦੇ ਕੇ ਸਿੱਧ ਕਰ ਦਿੱਤਾ ਹੈ ਕਿ ਮੁਸ਼ੱਰਫ਼ ਨਾਲ ਆਮ ਵਿਅਕਤੀ ਵਾਂਗ ਹੀ ਵਰਤਾ ਕੀਤਾ ਜਾਵੇ।
ਇਸੇ ਤਰ੍ਹਾਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਇੱਕ ਸੀਨੀਅਰ ਆਗੁੂ ਨੇ ਕਿਹਾ ਕਿ ਮੁਸ਼ੱਰਫ਼ ਖਿਲਾਫ਼ ਪ੍ਰਸਤਾਵ ਦਾ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਮੈਂਬਰ ਵਿਰੋਧ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਸੀਨੀਅਰ ਆਗੂ ਚੌਧਰੀ ਨਿਸਾਰ ਅਲੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਨੇ ਕੌਮੀ ਅਸੈਂਬਲੀ ਵਿੱਚ ਮੁਸ਼ੱਰਫ਼ ਖਿਲਾਫ਼ ਪ੍ਰਸਤਾਵ ਪੇਸ਼ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਭਾਰਤ ਵੱਲੋਂ ਸਈਦ ਖਿਲਾਫ਼ ਕਾਰਵਾਈ ਲਈ ਦਿੱਤੇ ਸਬੂਤ ਨਾ ਕਾਫ਼ੀ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਹ ਆਪਣੇ ਕਾਨੂੰਨ ਅਨੁਸਾਰ ਹੀ ਕੰਮ ਕਰਨਗੇ।