19 ਜ਼ਿਲ੍ਹਿਆਂ ‘ਚ 10 ਲੱਖ ਬੇਰੁਜ਼ਗਾਰ
ਚੰਡੀਗੜ੍ਹ : 6 ਅਗਸਤ
ਪੰਜਾਬ ‘ਚ ਤਕਰੀਬਨ 10 ਲੱਖ ਨੌਜਵਾਨ ਬੇਰੁਜ਼ਗਾਰ ਹਨ। ਸਰਕਾਰ ਵੱਲੋਂ ਇਨ੍ਹਾਂ ਬੇਰੁਜ਼ਗਾਰਾਂ ਨੂੰ ਅੱਗੇ ਦੋ ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ। ਇੱਕ ਜੋ ਕਿ ਪੂਰੀ ਤਰ੍ਹਾਂ ਬੇਰੁਜ਼ਗਾਰ ਹਨ ਤੇ ਦੂਜੇ (ਅੰਡਰ ਇੰਪਲਾਈਡ) ਜਿਹੜੇ ਕੋਈ ਕੰਮ ਧੰਦਾ ਤਾਂ ਕਰ ਰਹੇ ਹਨ ਲੇਕਿਨ ਆਪਣੀ ਸਿੱਖਿਆ ਤੇ ਤਜ਼ਰਬੇ ਅਨੁਸਾਰ ਆਪਣੇ ਮੌਜੂਦ ਰੁਜ਼ਗਾਰ ਤੋਂ ਸੰਤੁਸ਼ਟ ਨਹੀਂ ਹਨ। ਰਾਜ ‘ਚ ਪੂਰੀ ਤਰ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ 3 ਲੱਖ ਦੇ ਕਰੀਬ ਹੈ, ਜਦੋਂ ਕਿ 7 ਲੱਖ ਦੇ ਕਰੀਬ ਅੰਡਰ
ਇੰਪਲਾਈਡ ਹਨ, ਜੋ ਕਿ ਆਪਣੀ ਮੌਜੂਦਾ ਨੌਕਰੀ ਤੋਂ ਖੁਸ਼ ਨਹੀਂ ਹਨ। ਜਦੋਂ ਕਿ ਰੁਜ਼ਗਾਰ ਵਿਭਾਗ ਕੋਲ ਕੇਵਲ 4 ਲੱਖ 10 ਹਜ਼ਾਰ ਬੇਰੁਜ਼ਗਾਰ ਰਜਿਸਟਰਡ ਹਨ। ਇਹ ਖੁਲਾਸਾ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸਰਵੇਖਣ ‘ਚ ਹੋਇਆ ਹੈ।
ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 20 ਸਤੰਬਰ 2007 ‘ਚ ਰੁਜ਼ਗਾਰ ਉਤਪਾਦਨ ਤੇ ਟਰੇਨਿੰਗ ਵਿਭਾਗ ਰਾਹੀਂ ਰਾਜ ‘ਚ ਬੇਰੁਜ਼ਗਾਰਾਂ ਦੀ ਗਿਣਤੀ ਜਾਣਨ ਲਈ ਇੱਕ ਸਰਵੇਖਣ ਸ਼ੁਰੂ ਕੀਤਾ ਸੀ। ਪਰ ਕਿਸੇ ਨਾ ਕਿਸੇ ਕਾਰਨ ਕੋਈ ਨਾ ਕੋਈ ਚੋਣਾਂ ਹੋਣ ਕਾਰਨ ਇਸ ਸਰਵੇਖਣ ਦਾ ਕੰਮ ਵਿੱਚ-ਵਿੱਚ ਰੁਕਦਾ ਰਿਹਾ। ਪਰ ਹੁਣ ਇਹ ਸਰਵੇਖਣ 20 ਜ਼ਿਲ੍ਹਿਆਂ ‘ਚੋਂ ਤਕਰੀਬਨ 19 ਜ਼ਿਲ੍ਹਿਆਂ ‘ਚ ਪੂਰਾ ਹੋ ਚੁੱਕਾ ਹੈ ਤੇ ਅੰਤਿਮ ਜ਼ਿਲ੍ਹੇ ਅੰਮ੍ਰਿਤਸਰ ‘ਚ ਇਹ ਸਰਵੇਖਣ 15 ਅਗਸਤ ਤੱਕ ਪੂਰਾ ਹੋ ਜਾਵੇਗਾ। ਸਰਵੇਖਣ ਲਈ ਤਕਰੀਬਨ 30 ਲੱਖ ਦਾ ਬਜਟ ਆਇਆ ਸੀ, ਜੋ ਕਿ ਜ਼ਿਲ੍ਹਾਵਾਰ ਡਿਪਟੀ ਕਮਿਸ਼ਨਰਾਂ ਨੂੰ ਛਪਾਈ ਸਮੱਗਰੀ ਤੇ ਹੋਰ ਸਟੇਸ਼ਨਰੀ ਦੇ ਖ਼ਰਚ ਲਈ ਵੰਡ ਦਿੱਤਾ ਗਿਆ ਸੀ। ਇਹ ਸਰਵੇਖਣ ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਹੋਇਆ ਹੈ। ਪਿੰਡਾਂ ‘ਚ ਸਰਵੇਖਣ ਦਾ ਜ਼ਿੰਮਾ ਬਲਾਕ ਵਿਕਾਸ ਅਧਿਕਾਰੀਆਂ ਨੂੰ ਸੌਂਪਿਆ ਗਿਆ, ਜਦੋਂ ਕਿ ਸ਼ਹਿਰਾਂ ‘ਚ ਸਰਵੇਖਣ ਦਾ ਜ਼ਿੰਮਾ ਮਿਉਂਸਪਲ ਕਮੇਟੀਆਂ ਨੂੰ ਸੌਂਪਿਆ ਗਿਆ ਸੀ। ਸਰਵੇਖਣ ‘ਚ ਸਾਹਮਣੇ ਆਏ ਤੱਥਾਂ ਅਨੁਸਾਰ ਹੀ ਰਾਜ ਵਿੱਚ 10 ਲੱਖ ਦੇ ਕਰੀਬ ਬੇਰੁਜ਼ਗਾਰਾਂ ਦੀ ਪਹਿਚਾਣ ਹੋਈ ਹੈ। ਰਾਜ ‘ਚ ਬੇਰੁਜ਼ਗਾਰਾਂ ਦੀ ਵਧਦੀ ਗਿਣਤੀ ਤੋਂ ਚਿੰਤਤ ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪਾਦਨ ਤੇ ਟਰੇਨਿੰਗ ਵਿਭਾਗ ਨੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦੇਣ ਲਈ ਜ਼ਿਲ੍ਹਾਂ ਪੱਧਰ ‘ਤੇ ਸੰਸਥਾਨ ਖੋਲ੍ਹੇ ਹਨ, ਜਿੱਥੇ ਕਿ ਰਿਟੇਲ, ਮਾਰਕੀਟਿੰਗ, ਅਕਾਂਊਂਟਸ, ਇਲੈਕਟਰੀਕਲ, ਪਲੰਬਰ, ਰੈਫ਼ਰੀਜਰੇਟਰ, ਕੰਪਿਊਟਰ ਹਾਰਡ ਵੇਅਰ ਤੇ ਸਾਫ਼ਟਵੇਅਰ ਦੇ ਸ਼ਾਰਟ ਟਰਮ ਕੋਰਸ ਕਰਵਾਏ ਜਾ ਰਹੇ ਹਨ, ਜਿਸ ਤੋਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਣ। ਵਿਭਾਗ ਦੇ ਅਧਿਕਾਰੀਆਂ ਵੱਲੋਂ ਸਥਾਨਕ ਸਨਅਤਕਾਰਾਂ ਨਾਲ ਗੱਲ ਕਰਕੇ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਰੁਜ਼ਗਾਰ ਲਈ ਤਿਆਰ ਕੀਤਾ ਜਾ ਰਿਹਾ ਹੈ।
ਟਰੇਨਿੰਗ ਦੇਣ ਸਬੰਧੀ ਇਹ ਪ੍ਰੋਗਰਾਮ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ ਤੇ ਵਿਭਾਗ ਹੁਣ ਤੱਕ 1130 ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਟਰੇਨਿੰਗ ਦੇ ਚੁੱਕਾ ਹੈ, ਜਿਸ ‘ਚੋਂ 50 ਫੀਸਦੀ ਦੇ ਕਰੀਬ ਨੌਜਵਾਨ ਕਿਤੇ ਨਾ ਕਿਤੇ ਨੌਕਰੀ ਲੱਗ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇੱਕ ਐਕਟ ਪਾਸ ਕੀਤਾ ਗਿਆ ਹੈ ਜਿਸ ਅਨੁਸਾਰ ਕਿਸੇ ਵੀ ਸਨਅਤ, ਦੁਕਾਨ ਜਾਂ ਅਦਾਰੇ ‘ਤੇ ਤਾਇਨਾਤ ਕੀਤਾ ਜਾਣ ਵਾਲਾ ਸੁਰੱਖਿਆ ਗਾਰਡ ਟਰੇਨਿੰਗਸ਼ੁਦਾ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਸਕਿਉਰਿਟੀ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਇੱਕ ਸੰਸਥਾਨ ਸਥਾਪਤ ਕੀਤਾ ਗਿਆ ਹੈ, ਜਿੱਥੇ ਨੌਜਵਾਨਾਂ ਨੂੰ ਸੁਰੱਖਿਆ ਗਾਰਡ ਸਬੰਧੀ ਮੁਫ਼ਤ ਟਰੇਨਿੰਗ ਦਿੱਤੀ ਜਾਂਦੀ ਹੈ ਤੇ ਇਸ ਸੰਸਥਾਨ ‘ਚ ਮੁਫ਼ਤ ਰਿਹਾਇਸ਼ ਤੇ ਹੋਰ ਸਹੂਲਤਾਂ ਦਾ ਵੀ ਸਰਕਾਰ ਵੱਲੋਂ ਇੰਤਜ਼ਾਮ ਕੀਤਾ ਗਿਆ ਹੈ। ਹੁਣ ਤੱਕ ਸੰਸਥਾਨ ‘ਚੋਂ 1565 ਨੌਜਵਾਨ ਟਰੇਨਿੰਗ ਲੈ ਚੁੱਕੇ ਹਨ ਤੇ 100 ਫੀਸਦੀ ਨੌਜਵਾਨ ਨੌਕਰੀਆਂ ‘ਤੇ ਲੱਗ ਚੁੱਕੇ ਹਨ।
ਰੁਜ਼ਗਾਰ ਦੇ ਮੌਕੇ ਵਧਾਉਣ ਲਈ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ‘ਤੇ ਰੁਜ਼ਗਾਰ ਮੇਲੇ ਲਗਾਉਣ ਸਬੰਧੀ ਵੀ ਇਜਾਜ਼ਤ ਮੰਗੀ ਗਈ ਹੈ। ਵਿਭਾਗ ਵੱਖ-ਵੱਖ ਸਨਅਤਕਾਰਾਂ ਨਾਲ ਗੱਲ ਕਰਕੇ ਹਰ ਜ਼ਿਲ੍ਹੇ ‘ਚ ਸਾਲ ‘ਚ ਦੋ ਵਾਰ ਰੁਜ਼ਗਾਰ ਮੇਲੇ ਲਗਾਉਣਾ ਚਾਹੁੰਦਾ ਹੈ, ਜਿੱਥੇ ਨੌਜਵਾਨਾਂ ਨੂੰ ਮੌਕੇ ‘ਤੇ ਹੀ ਨੌਕਰੀ ਦਿੱਤੀ ਜਾ ਸਕੇ। ਅਜਿਹਾ ਹੀ ਰੁਜ਼ਗਾਰ ਮੇਲਾ ਇਸ ਸਾਲ ਜਲੰਧਰ ‘ਚ ਲਗਾਇਆ ਗਿਆ ਸੀ, ਜਿੱਥੇ ਤਕਰੀਬਨ 80 ਨੌਜਵਾਨਾਂ ਨੂੰ ਮੌਕੇ ‘ਤੇ ਸਨਅਤਕਾਰਾਂ ਵੱਲੋਂ ਨੌਕਰੀ ਦਿੱਤੀ ਗਈ ਸੀ।