ਬੈਂਕ ਕਰਮਚਾਰੀਆਂ ਨੇ ਕੰਮ ਠੱਪ ਰੱਖਿਆ
ਮਲੋਟ, 6 ਅਗਸਤ-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ’ਤੇ ਬੈਂਕ ਕਰਮਚਾਰੀਆਂ ਵੱਲੋਂ ਤਨਖ਼ਾਹਾਂ ਵਿਚ ਵਾਧੇ ਅਤੇ ਹੋਰ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਹੜਤਾਲ ਦੌਰਾਨ ਅੱਜ ਮਲੋਟ ਵਿਖੇ ਵੀ ਸਰਕਾਰੀ ਬੈਂਕਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ। ਦੋ ਦਿਨਾ ਹੜਤਾਲ ਦੇ ਪਹਿਲੇ ਦਿਨ ਅੱਜ ਸ਼ਹਿਰੀਆਂ ਤੋਂ ਇਲਾਵਾ ਪਿੰਡਾਂ ਤੋਂ ਆਉਣ ਵਾਲੇ ਉਪਭੋਗਤਾਵਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਪਭੋਗਤਾਵਾਂ ਨੂੰ ਅੱਜ ਸਮੇਤ ਅਗਲੇ ਚਾਰ ਦਿਨਾਂ ਤੱਕ
ਖੱਜਲ ਹੋਣਾ ਪੈ ਸਕਦਾ ਹੈ ਕਿਉਂਕਿ 6 ਅਤੇ 7 ਦੀ ਹੜਤਾਲ ਹੋਣ ਤੋਂ ਅਗਲੇ ਦਿਨ ਸਨਿਚਰਵਾਰ ਹੈ ਅਤੇ ਉਸਤੋਂ ਅਗਲਾ ਦਿਨ ਐਤਵਾਰ ਦਾ ਛੁੱਟੀ ਵਾਲਾ ਦਿਨ ਹੈ। ਇਸ ਮੌਕੇ ਬੈਂਕ ਕਰਮਚਾਰੀਆਂ ਦਾ ਕਹਿਣਾ ਸੀ ਕਿ ਪਹਿਲਾਂ ਤਨਖ਼ਾਹਾਂ ਵਿਚ 17.5 ਫੀਸਦੀ ਵਾਧਾ ਕਰਨ ਦੀ ਪੇਸ਼ਕਸ਼ ਸੀ, ਜੋ 13 ਫੀਸਦੀ ਕਰ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਇਹ ਬੈਂਕਾਂ ਵੱਲਂ ਇਹ ਹੜਤਾਲ ਕੀਤੀ ਗਈ ਹੈ।
ਜੈਤੋ, (ਕਰਮਜੀਤ ਮਾਨ)-ਯੂਨਾਈਟਿਡ ਫ਼ੋਰਮ ਆਫ਼ ਬੈਂਕਸ ਇੰਪਲਾਈਜ਼ ਯੂਨੀਅਨ ਦੇ ਸੱਦੇ ’ਤੇ ਅੱਜ ਜੈਤੋ ਇਲਾਕੇ ਦੀਆਂ ਸਾਰੀਆਂ ਕੌਮੀਕ੍ਰਿਤ ਬੈਂਕਾਂ ਦੇ ਕਰਮਚਾਰੀ ਹੜਤਾਲ ’ਤੇ ਰਹੇ ਜਿਸ ਦੇ ਨਤੀਜੇ ਵਜੋਂ ਬੈਂਕਾਂ ਦਾ ਕੰਮਕਾਜ ਪੂਰਨ ਤੌਰ ’ਤੇ ਠੱਪ ਰਿਹਾ। ਹੜਤਾਲ ਕਾਰਨ ਬੈਂਕਾਂ ਦੇ ਗਾਹਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਵਿਦਿਆਰਥੀ ਦਾਖ਼ਲਾ ਪ੍ਰੀਖਿਆਵਾਂ ਲਈ ਜ਼ਰੂਰੀ ਡਰਾਫ਼ਟ ਬਣਾਉਣ ਤੋਂ ਵਾਂਝੇ ਰਹੇ। ਬੈਂਕ ਕਰਮਚਾਰੀਆਂ ਨੇ ਸਥਾਨਕ ਸਟੇਟ ਬੈਂਕ ਆਫ਼ ਪਟਿਆਲਾ ਦੇ ਸਾਹਮਣੇ ਧਰਨਾ ਦੇ ਕੇ ਕੇਂਦਰ ਸਰਕਾਰ ਵੱਲੋਂ ਬੈਂਕ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਣ ’ਤੇ ਰੋਸ ਪ੍ਰਗਟ ਕੀਤਾ। ਸਟੇਟ ਬੈਂਕ ਆਫ਼ ਪਟਿਆਲਾ ਦੇ ਕਰਮਚਾਰੀ ਆਗੂ ਪ੍ਰਵੀਨ ਜੈਨ ਨੇ ਆਈ. ਬੀ. ਏ. ’ਤੇ ਦੋਸ਼ ਲਾਇਆ ਕਿ ਉਹ ਕਰਮਚਾਰੀ ਆਗੂਆਂ ਨਾਲ ਪਹਿਲੀ ਹੋ ਚੁੱਕੀ ਦੋ ਧਿਰੀ ਗਲੱਬਾਤ ’ਚ ਹੋਈ ਆਮ ਸਹਿਮਤੀ ਤੋਂ ਭੱਜ ਗਈ ਹੈ ਅਤੇ ਤਨਖ਼ਾਹ ’ਚ ਵਾਧਾ 17 ਪ੍ਰਤੀਸ਼ਤ ਮੰਨ ਕੇ ਹੁਣ 13 ਪ੍ਰਤੀਸ਼ਤ ਕਰਨ ਦੀ ਗੱਲ ਕਰ ਰਹੀ ਹੈ ਤੇ ਪੈਨਸ਼ਨ ਦੀ ਨਵੀਂ ਆਪਸ਼ਨ ਦੇਣ ਸਬੰਧੀ ਨਿੱਤ ਨਵੀਆਂ ਸ਼ਰਤਾਂ ਲਾਈਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਭਲਕੇ ਵੀ ਸਾਰੀਆਂ ਬੈਂਕਾਂ ਵਿਚ ਮੁਕੰਮਲ ਹੜਤਾਲ ਰਹੇਗੀ ਤੇ ਯੂਨਾਈਟਿਡ ਫੋਰਮ ਦੇ ਆਗੂਆਂ ਵੱਲੋਂ 11 ਅਗਸਤ ਨੂੰ ਮੀਟਿੰਗ ਕਰਕੇ ਆਉਣ ਵਾਲੇ ਦਿਨਾ ’ਚ ਅਣਮਿਥੇ ਸਮੇਂ ਲਈ ਹੜਤਾਲ ਕਰਨ ਦਾ ਪ੍ਰੋਗਰਾਮ ਤਹਿ ਕੀਤਾ ਜਾਵੇਗਾ।
ਗਿੱਦੜਬਾਹਾ, (ਰਾਜੂ)-ਤਨਖਾਹਾਂ ਵਿਚ ਵਾਧਾ ਨਾਲ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਪਬਲਿਕ ਸੈਕਟਰ ਬੈਂਕ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਹੜਤਾਲ ਕੀਤੀ । ਅੱਜ ਪਹਿਲੇ ਦਿਨ ਗਿੱਦੜਬਾਹਾ ਵਿਖੇ ਸਾਰੇ ਬੈਂਕ ਬੰਦ ਹੋਣ ਕਾਰਨ ਬੈਂਕ ਗਾਹਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਕੰਮ ਕਾਜ ਪ੍ਰਭਾਵਿਤ ਹੋਇਆ।