ਸੁਖਬੀਰ ਉਪ-ਮੁੱਖ ਮੰਤਰੀ ਵਜੋਂ 10 ਨੂੰ ਸਹੁੰ ਚੁੱਕਣਗੇ
ਚੰਡੀਗੜ੍ਹ, 7 ਅਗਸਤ (ਹਰਕਵਲਜੀਤ ਸਿੰਘ)-ਸ: ਸੁਖਬੀਰ ਸਿੰਘ ਬਾਦਲ ਰਾਜ ਦੇ ਉਪ-ਮੁੱਖ ਮੰਤਰੀ ਵਜੋਂ 10 ਅਗਸਤ ਦਿਨ ਸੋਮਵਾਰ ਨੂੰ ਸਹੁੰ ਚੁੱਕਣਗੇ। ਇਹ ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ ਵਿਚ ਸਵੇਰੇ 11 ਵਜੇ ਹੋਵੇਗਾ। ਰਾਜ ਸਰਕਾਰ ਵੱਲੋਂ ਰਾਜ ਭਵਨ ਨੂੰ ਦਿੱਤੀ ਗਈ ਸੂਚਨਾ ਅਨੁਸਾਰ ਇਸ ਸਹੁੰ ਚੁੱਕ ਸਮਾਗਮ ਵਿਚ ਕੇਵਲ ਸ: ਸੁਖਬੀਰ ਸਿੰਘ ਬਾਦਲ ਵੱਲੋਂ ਹੀ ਸਹੁੰ ਚੁੱਕੇ ਜਾਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ‘ਅਜੀਤ’ ਨੂੰ ਦੱਸਿਆ ਕਿ ਸਹੁੰ ਚੁੱਕ ਸਮਾਗਮ ਬਹੁਤ ਹੀ ਸਾਦੇ ਢੰਗ ਦਾ ਹੋਵੇਗਾ ਅਤੇ ਰਾਜ ਸਰਕਾਰ ਵੱਲੋਂ ਇਸ ਮੰਤਵ ਲਈ ਸੱਦਾ ਪੱਤਰ ਵੀ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਭੇਜੇ ਜਾ ਰਹੇ ਹਨ ਜੋ ਅਜਿਹੇ ਸਮਾਗਮਾਂ ਲਈ ਜ਼ਰੂਰੀ ਸਮਝੇ ਜਾਂਦੇ ਹਨ। ਇਕ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਕੀ ਪਾਰਟੀ ਦੀ ਕੋਰ ਕਮੇਟੀ ਵਿਚ ਸ: ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਮੁੱਦਾ ਵੀ ਵਿਚਾਰਿਆ ਜਾ ਸਕਦਾ ਹੈ ਤਾਂ ਸ: ਬਾਦਲ ਨੇ ਸਪੱਸ਼ਟ ਕੀਤਾ ਕਿ ਅਜਿਹਾ ਮੁੱਦਾ ਪਾਰਟੀ ਦੇ ਵਿਧਾਨਕਾਰ ਦਲ ਵਿਚ ਵਿਚਾਰਿਆ ਜਾਂਦਾ ਹੈ ਨਾ ਕਿ ਕੋਰ ਕਮੇਟੀ ਦੀਆਂ ਬੈਠਕਾਂ ਵਿਚ। ਇਸ ਮੌਕੇ ਸ: ਸੁਖਬੀਰ ਸਿੰਘ ਬਾਦਲ ਨੇ ਵੀ ਪੱਤਰਕਾਰਾਂ ਨੂੰ ਆਪਣੇ ਸਹੁੰ ਚੁੱਕ ਸਮਾਗਮ ਸਬੰਧੀ ਕਿਸੇ ਤਰ੍ਹਾਂ ਦਾ ਸੰਕੇਤ ਦੇਣ ਤੋਂ ਇਨਕਾਰ ਕੀਤਾ ਪ੍ਰੰਤੂ ਕਿਹਾ ਕਿ ਆਉਂਦੇ ਸਮੇਂ ਵਿਚ ਉਨ੍ਹਾਂ ਦੀ ਮੁੱਖ ਤਰਜੀਹ ਰਾਜ ਵਿਚ ਬਿਜਲੀ ਉਤਪਾਦਨ ਨੂੰ ਵਧਾਉਣਾ ਅਤੇ ਰਾਜ ਵਿਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨਾ ਹੋਵੇਗਾ। ਅੱਜ ਦੇ ਸਹੁੰ ਚੁੱਕ ਸਮਾਗਮ ਵਿਚ ਸ: ਬਿਕਰਮ ਸਿੰਘ ਮਜੀਠੀਆ, ਸ: ਸੁਰਜੀਤ ਸਿੰਘ ਰੱਖੜਾ, ਸ: ਸ਼ੇਰ ਸਿੰਘ ਘੁਬਾਇਆ, ਜਥੇਦਾਰ ਤੋਤਾ ਸਿੰਘ, ਸ੍ਰੀ ਭੁਪਿੰਦਰ ਸੈਣੀ, ਸ: ਉਜਾਗਰ ਸਿੰਘ ਬਡਾਲੀ, ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਐਮ. ਡੀ. ਰਵੀਕਰਨ ਸਿੰਘ ਕਾਹਲੋਂ ਅਤੇ ਅਕਾਲੀ ਦਲ ਤੇ ਭਾਜਪਾ ਦੇ ਬਹੁਤ ਸਾਰੇ ਵਿਧਾਨਕਾਰ ਅਤੇ ਦੂਜੇ ਆਗੂ ਵੀ ਹਾਜ਼ਰ ਸਨ ਜਦੋਂ ਕਿ ਰਾਜ ਦੇ ਮੁੱਖ ਸਕੱਤਰ ਸ੍ਰੀ ਐਸ. ਸੀ. ਅਗਰਵਾਲ ਤੋਂ ਇਲਾਵਾ ਕੁਝ ਸੀਨੀਅਰ ਅਧਿਕਾਰੀ ਵੀ ਇਸ ਸਮਾਗਮ ਲਈ ਉ¤ਚੇਚੇ ਤੌਰ ’ਤੇ ਪੁੱਜੇ ਹੋਏ ਸਨ।