ਟੋਰਾਂਟੋ ’ਚ ਭਾਰਤ ਦੇ ਆਜ਼ਾਦੀ ਦਿਵਸ ਦੀਆਂ ਰੌਣਕਾਂ
ਟੋਰਾਂਟੋ, 10 ਅਗਸਤ-ਸਤਪਾਲ ਸਿੰਘ ਜੌਹਲ-ਭਾਰਤ ਦੇ ਆਜ਼ਾਦੀ ਦਿਵਸ ਦੀਆਂ ਰੌਣਕਾਂ ਟੋਰਾਂਟੋ ਵਿਚ ਦੇਖਣ ਨੂੰ ਮਿਲੀਆਂ। ਭਾਰਤੀ ਕੌਂਸਲਖਾਨੇ ਦੇ ਸਹਿਯੋਗ ਨਾਲ ਪੈਨੋਰਾਮਾ ਇੰਡੀਆ ਸੰਸਥਾ ਵੱਲੋਂ ਉਲੀਕੇ ਗਏ ਆਜ਼ਾਦੀ ਜਸ਼ਨਾਂ ਦੇ ਪ੍ਰੋਗਰਾਮ ਵਿਚ ਕੈਨੇਡਾ ਵਾਸੀ ਹਰੇਕ ਵਰਗ ਦੇ ਭਾਰਤੀ ਮੂਲ ਦੇ ਲੋਕਾਂ ਨੇ ਹੁੰਮ-ਹੁਮਾ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ’ਤੇ ਕੈਨੇਡਾ ਦੀ ਪਾਰਲੀਮੈਂਟ ਦੇ ਕੁਝ ਮੈਂਬਰਾਂ ਤੋਂ ਇਲਾਵਾ ਉਂਟਾਰੀਓ ਦੇ ਦੋ ਕੈਬਨਿਟ ਮੰਤਰੀਆਂ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਅਤੇ ਕੈਨੇਡਾ ਦੇ
ਰਾਸ਼ਟਰੀ ਗੀਤ ਵਜਾ ਕੇ ਕੀਤੀ ਗਈ ਜਿਸ ਤੋਂ ਬਾਅਦ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਸੁਣਨ ਨੂੰ ਮਿਲੇ। ਉਂਟਾਰੀਓ ਦੀ ਕੈਬਨਿਟ ਵਿਚ ਪੰਜਾਬੀ ਮੰਤਰੀ ਹਰਿੰਦਰ ਤੱਖਰ ਨੇ ਮੁੱਖ ਮੰਤਰੀ ਡਾਲਟਨ ਮਗਿੰਟੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਅਤੇ ਕਿਹਾ ਕਿ ਮਗਿੰਟੀ ਇਕ ਟਰੇਡ ਮਿਸ਼ਨ ’ਤੇ ਜਲਦੀ ਭਾਰਤ ਫੇਰੀ ’ਤੇ ਜਾ ਰਹੇ ਹਨ। ਭਾਰਤੀ ਕੌਂਸਲ ਜਨਰਲ ਪ੍ਰੀਤੀ ਸਰਨ ਨੇ ਇੰਡੋ-ਕੈਨੇਡੀਅਨ ਭਾਈਚਾਰੇ ਨੂੰ 62ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਕੈਨੇਡਾ ਵਾਸੀ ਭਾਰਤੀਆਂ ਨੂੰ ਭਾਰਤ ਅਤੇ ਕੈਨੇਡਾ ਦੀਆਂ ਕਦਰਾਂ ਕੀਮਤਾਂ ਨੂੰ ਧਿਆਨ ਵਿਚ ਰੱਖ ਕੇ ‘ਅੰਬੈਸਡਰ’ ਵਜੋਂ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ। ਗਾਇਕ ਸਰਦੂਲ ਸਿਕੰਦਰ ਨੇ ਵਿਸ਼ੇਸ਼ ਹਾਜ਼ਰੀ ਭਰਦਿਆਂ ਆਖਿਆ ਕਿ ਭਾਰਤੀਆਂ ਨੂੰ ਆਜ਼ਾਦੀ ਦਾ ਨਿੱਘ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਪ੍ਰਾਪਤ ਹੋਇਆ ਹੈ। ਉਂਟਾਰੀਓ ਦੀ ਸਿੱਖਿਆ ਮੰਤਰੀ ਕੈਥਲੀਨ ਵਿਨ, ਵਿਧਾਇਕ ਵਿੱਕ ਢਿੋਲੋਂ, ਸੰਸਦ ਮੈਂਬਰ ਬੌਨੀ ਕਰੌਂਬੀ, ਜਾਸਮੀਨ ਰਤਾਂਸੀ, ਕ੍ਰਿਸਟੀ ਡੰਕਨ ਅਤੇ ਰੌਬ ਓਲੀਫਾਂਟ ਵੀ ਸੰਬੋਧਨ ਕਰਨ ਵਾਲਿਆਂ ਵਿਚ ਸ਼ਾਮਿਲ ਸਨ। ਕਾਂਗਰਸ ਦੇ ਸਕੱਤਰ ਗੁਰਕੀਰਤ ਸਿੰਘ ਵੀ ਇਸ ਸਮਾਗਮ ਵਿਚ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਵਿਚ ਭਾਰਤ ਦੀ ਆਜ਼ਾਦੀ ਦਾ ਦਿਹਾੜਾ ਮਨਾ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ ਦੁਨੀਆ ਦਾ ਨੰਬਰ ਵੰਨ ਲੋਕਤੰਤਰ ਹੈ ਅਤੇ ਭਾਰਤੀਆਂ ਨੂੰ ਭਾਰਤ ’ਤੇ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਭਾਰਤ ਨੂੰ ਦਿੱਤੀ ਜਾ ਰਹੀ ਅਗਵਾਈ ਦੀ ਪ੍ਰਸੰਸਾ ਕੀਤੀ। ਕੌਂਸਲ ਜਨਰਲ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਸਾਬਕਾ ਫੌਜੀਆਂ ਦੀ ਅਗਵਾਈ ਵਿਚ ਇੰਡੀਆ ਡੇਅ ਪਰੇਡ ਸ਼ੁਰੂ ਹੋਈ। ਪਰੇਡ ਸ਼ੁਰੂ ਹੁੰਦਿਆਂ ਹੀ ਮੀਂਹ ਦੇ ਭਾਰੀ ਛਰਾਟੇ ਪੈਣ ਲੱਗ ਪਏ ਪਰ ਕੁਝ ਲੋਕਾਂ ਨੇ ਤਾਂ ਛੱਤਰੀਆਂ ਤਾਣ ਲਈਆਂ ਅਤੇ ਕਈਆਂ ਨੇ ਭਿੱਜਦੇ ਹੋਏ ਚੱਲਣਾ ਜਾਰੀ ਰੱਖਿਆ ਅਤੇ ਇਹ ਪਰੇਡ ਨਿਰਵਿਘਨ ਚੱਲਦੀ ਗਈ। ਪਰੇਡ ਦੌਰਾਨ ਮੀਡੀਆ ਦੀ ਉ¤à¨˜à©€ ਸ਼ਖਸੀਅਤ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਭਾਵੁਕ ਹੋ ਕੇ ਕਾਵਿਕ ਅੰਦਾਜ਼ ਵਿਚ ਦੱਸਿਆ ਕਿ ਆਜ਼ਾਦੀ ਦੇ ਇਸ ਦਿਹਾੜੇ ਵਾਸਤੇ ਹੋ ਗਏ ਹੀਰੇ ਗੁੰਮ, ਮਰਜੀਵੜਿਆਂ ਕਿਤਨਿਆਂ ਲਈਆਂ ਫਾਹੀਆਂ ਚੁੰਮ ਸ਼ਹੀਦਾਂ ਦੇ ਇਨ੍ਹਾਂ ਚੁੰਮਣਾ ਕਰਕੇ ਹੀ ਅੱਜ ਅਸੀਂ ਆਜ਼ਾਦੀ ਦੇ ਹੱਕਦਾਰ ਬਣੇ ਹਾਂ। ਪਰੇਡ ਤੋਂ ਬਾਅਦ ਡੰਡਾਸ ਸਕੁਏਅਰ ’ਤੇ ਸਜੀ ਸਟੇਜ ਤੋਂ ਦੇਰ ਸ਼ਾਮ ਤੱਕ ਰੰਗਾਰੰਗ ਪ੍ਰੋਗਰਾਮ ਚੱਲਦਾ ਰਿਹਾ। ਇਸ ਮੌਕੇ ’ਤੇ ਜਿੱਥੇ ਕੌਂਸਲ ਤੀਰਥ ਸਿੰਘ ਅਤੇ ਐਮ.ਪੀ. ਸਿੰਘ ਕਾਫੀ ਸਰਗਰਮ ਨਜ਼ਰ ਆਏ, ਓਥੇ ਇਕਬਾਲ ਗਿੱਲ, ਗੁਰਦੇਵ ਸਿੰਘ ਮਾਨ, ਅਵਤਾਰ ਸਿੰਘ ਬੈਂਸ, ਜਗਮੋਹਣ ਸਿੰਘ, ਗੁਰਸ਼ਰਨ ਬੌਬੀ ਸਿੱਧੂ, ਬਲਰਾਜ ਦਿਓਲ, ਜੁਗਿੰਦਰ ਸਿੰਘ ਬਾਸੀ, ਕੰਵਲਜੀਤ ਸਿੰਘ ਕੰਵਲ ਤੇ ਜਸਵਿੰਦਰ ਸਿੰਘ ਖੋਸਾ ਵੀ ਮੌਜੂਦ ਸਨ।