ਗਰੀਬ ਬੇਸਹਾਰਾ ਬੱਚਿਆਂ ਦੀ ਮਦਦ ਕਰੇਗੀ ਸਟੀਵ ਵਾਗ ਫਾਊਂਡੇਸ਼ਨ
ਮੈਲਬੌਰਨ, 10 ਅਗਸਤ-ਆਸਟਰੇਲੀਆ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵੱਲੋਂ ਬੱਚਿਆਂ ਦੀਆਂ ਨਾਮੁਰਾਦ ਬਿਮਾਰੀਆਂ ਤੇ ਗਰੀਬ, ਬੇਸਹਾਰਾ ਬਾਲਕਾਂ ਦੀ ਮੱਦਦ ਲਈ ਸੰਸਾਰ ਪੱਧਰ ’ਤੇ ਮੱਦਦ ਕਰਨ ਲਈ ਸਟੀਵ ਵਾਗ ਫਾਊਂਡੇਸ਼ਨ ਬਣਾਈ ਗਈ ਹੈ। ਇਸ ਬਣਾਈ ਗਈ ਸੰਸਥਾ ਲਈ ਫੰਡ ਇਕੱਠਾ ਕਰਨ ਲਈ ਭਾਰਤੀ ਭਾਈਚਾਰੇ ਵੱਲੋਂ ਇਕ
ਬਾਲੀਵੁੱਡ ਰਾਤ ਦਾ ਆਯੋਜਨ ਕੀਤਾ ਗਿਆ, ਜਿਸ ’ਚ ਮਿਸਟਰ ਫਿਲਪ ਰੌਡੱਕ ਮੈਂਬਰ ਪਾਰਲੀਮੈਂਟ ਨੇ ਭਾਰਤ ਤੇ ਆਸਟਰੇਲੀਆ ਦੇ ਸੰਬੰਧ ਹੋਰ ਮਜ਼ਬੂਤ ਕਰਨ ਲਈ ਹਰ ਸੰਭਵ ਕਦਮ ਚੁੱਕਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਆਸਟਰੇਲੀਆ ਵੀ ਭਾਰਤ ਵਾਂਗ ਵੱਖ-ਵੱਖ ਭਾਈਚਾਰੇ ਦੇ ਲੋਕਾਂ ਦਾ ਦੇਸ਼ ਹੈ ਤੇ ਉਥੇ ਹਰ ਇਕ ਦੇ ਧਰਮ ਦੀ ਪੂਰੀ ਇੱਜ਼ਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ’ਚ ਨਸਲੀ ਵਿਤਕਰਾ ਬਿਲਕੁਲ ਨਹੀਂ ਹੈ ਤੇ ਅਸੀਂ ਸਾਰੇ ਲੋਕਾਂ ਦਾ ਸਤਿਕਾਰ ਕਰਦੇ ਹਾਂ। ਇਸ ਮੌਕੇ ਮਿਸ ਵਰਲਡ ਪੰਜਾਬਣ 2006 ਰਹਿ ਚੁੱਕੀ ਫ਼ਿਲਮੀ ਅਦਾਕਾਰਾ ਜਪੁਜੀ ਖਹਿਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।
ਇਹ ਜਾਣਕਾਰੀ ਪ੍ਰੇਮ ਪ੍ਰਕਾਸ਼ ਸਿੰਘ ਵੱਲੋਂ ਦਿੱਤੀ ਗਈ।