ਗਿਲਾਨੀ ਤੇ ਸੈਨਾ ਮੁਖੀ ਵਲੋਂ ਸਵਾਤ ਵਾਦੀ ਦਾ ਅਚਨਚੇਤ ਦੌਰਾ
ਇਸਲਾਮਬਾਦ, 10 ਅਗਸਤ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਅਤੇ ਸੈਨਾ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਨੇ ਅੱਜ ਸਵਾਤ ਵਾਦੀ ਦਾ ਅਚਨਚੇਤ ਦੌਰਾ ਕੀਤਾ ਜਿਥੇ ਸੈਨਿਕ ਤਾਲਿਬਾਨ ਅੱਤਵਾਦੀਆਂ ਖਿਲਾਫ ਕਾਰਵਾਈ ਕਰ ਰਹੇ ਹਨ। ਟੈਲੀਵੀਜ਼ਨ ਚੈਨਲਾਂ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ
ਇਸ ਦੌਰੇ ਦਾ ਉਦੇਸ਼ ਸੁਰੱਖਿਆ ਸਥਿਤੀ ਅਤੇ ਅੱਤਵਾਦ ਕਾਰਨ ਬੇਘਰ ਹੋਏ ਲੋਕਾਂ ਦੀ ਘਰ ਵਾਪਸੀ ਦਾ ਉਚ ਪੱਧਰੀ ਜਾਇਜ਼ਾ ਲੈਣਾ ਹੈ। ਸਵਾਤ ਵਿਚ ਸ਼ਾਂਤੀ ਸਮਝੌਤਾ ਟੁੱਟ ਜਾਣ ਪਿੱਛੋਂ ਮਈ ਮਹੀਨੇ ਦੇ ਸ਼ੁਰੂ ਵਿਚ ਤਾਲਿਬਾਨ ਦਾ ਸਫਾਇਆ ਕਰਨ ਲਈ ਸਵਾਤ ਵਾਦੀ ਵਿਚ ਫ਼ੌਜ ਭੇਜੇ ਜਾਣ ਤੋਂ ਬਾਅਦ ਗਿਲਾਨੀ ਦਾ ਉਸ ਖਤੇਰ ਦਾ ਇਹ ਪਹਿਲਾ ਦੌਰਾ ਹੈ। ਇਸ ਦੌਰੇ ਨੂੰ ਕਾਫੀ ਮਹੱਤਵਪੂਰਣ ਸਮਝਿਆ ਜਾ ਰਿਹਾ ਹੈ ਕਿਉਂਕਿ ਫ਼ੌਜ ਸੱਤ ਹਫਤਿਆਂ ਤੋਂ ਚਲਾਈ ਜਾ ਰਹੀ ਕਾਰਵਾਈ ਖਤਮ ਕਰਨ ਦੇ ਕਿਨਾਰੇ ਪਹੁੰਚ ਗਈ ਹੈ। ਇਸ ਦੌਰੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਵੀ ਸ੍ਰੀ ਗਿਲਾਨੀ ਦੇ ਨਾਲ ਸਨ। ਸਵਾਤ ਦੇ ਮੁੱਖ ਸ਼ਹਿਰ ਮਿੰਗੋਰਾ ਪਹੁੰਚਣ ’ਤੇ ਗਿਲਾਨੀ ਨੇ ਸੁਰੱਖਿਆ ਸਥਿਤੀ ਅਤੇ ਬੇਘਰ ਹੋਏ ਹਜ਼ਾਰਾਂ ਲੋਕਾਂ ਦੀ ਘਰ ਵਾਪਸੀ ਬਾਰੇ ਸੈਨਾ ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਸੈਦੂ ਸ਼ਰੀਫ ਵਿਖੇ ਲੜਕੀਆਂ ਦੇ ਸਕੂਲ ’ਚ ਵੀ ਗਏ ਜਿਥੇ ਫ਼ੌਜ ਕਾਫੀ ਤਾਦਾਦ ’ਚ ਮੌਜੂਦ ਹੈ। ਲੜਕੀਆਂ ਲਈ ਸਿੱਖਿਆ ਨੂੰ ਗੈਰਇਸਲਾਮਿਕ ਕਹਿ ਕੇ ਵਿਰੋਧ ਕਰ ਰਹੇ ਤਾਲਿਬਾਨ ਅੱਤਵਾਦੀਆਂ ਨੇ ਸਮੁੱਚੀ ਵਾਦੀ ਵਿਚ 200 ਸਕੂਲਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂ ਉਡਾ ਦਿੱਤਾ। ਬਾਅਦ ਵਿਚ ਪ੍ਰਧਾਨ ਮੰਤਰੀ ਨੇ ਇਕ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ।