ਕਿੱਥੇ ਸੂਤੜੀ ਵਾਣ ਦੇ ਮੰਜੇ, ਉਹ ਟਾਹਲੀ ਦੇ ਪਾਵੇ।
ਟੁੱਟੇ ਸੇਰੂ, ਬਾਹੀ ਪੁਆ ਲਓ, ਆਵਾਜ਼ ਨਾ ਕਿੱਧਰੋਂ ਆਵੇ।
ਨਾ ਮਿੱਟੀ ਦੇ ਭਾਂਡੇ ਰਹਿ ਗਏ, ਦੁੱਧ ਰਿੜਕਣ ਦੀ ਚਾਟੀ।
ਪਿੱਤਲ ਦੇ ਗਲਾਸ, ਕੌਲੀਆਂ, ਨਾ ਛੰਨੇ ਨਾ ਬਾਟੀ।
ਘੜੇ ਤੇ ਝੱਜਰਾਂ ਪਾਣੀ ਦੇ ਨਾਲ, ਭਰ ਕੇ ਕੌਣ ਟਿਕਾਵੇ।
ਕਿੱਥੇ ਸੂਤੜੀ ਵਾਣ ਦੇ ਮੰਜੇ, ਉਹ ਟਾਹਲੀ ਦੇ ਪਾਵੇ।
ਭੜੋਲੀ ਨਾ ਹੁਣ ਦਿਸਦੀ ਕਿਧਰੇ, ਨਾ ਸਾਗ਼ ਦੀ ਤੌੜੀ।
ਕਿਰਾਇਆਂ ਜੋਗੀ ਰਹਿ ਗਈ ਮਿੱਤਰੋ, ਉਹ ਲੱਕੜ ਦੀ ਪੌੜੀ।
ਕੂੰਡੇ, ਕਾੜ੍ਹਨੀ, ਛਾਬੇ, ਛਿੱਕੇ, ਘਰ ਨਾ ਕੋਈ ਲਿਆਵੇ।
ਕਿੱਥੇ ਸੂਤੜੀ ਵਾਣ ਦੇ ਮੰਜੇ, ਉਹ ਟਾਹਲੀ ਦੇ ਪਾਵੇ।
ਨਾ ਹੁਣ ਕਿਧਰੇ ਦਿਸਣ ਸਬਾਤਾਂ, ਚੌਂਕੇ ਦੇ ਵਿਚ ਚੁੱਲ੍ਹੇ।
ਤੰਦੂਰ ਤੇ ਲੋਹਾਂ ਉਤੇ ਲੋਕੀਂ, ਰੋਟੀ ਲਾਹੁਣੀ ਭੁੱਲੇ।
ਭਾਂਡੇ ਕਲੀ ਕਰਾ ਲਓ ਵਾਲਾ, ਭਾਈ ਨਾ ਹੋਕਾ ਲਾਵੇ।
ਕਿੱਥੇ ਸੂਤੜੀ ਵਾਣ ਦੇ ਮੰਜੇ, ਉਹ ਟਾਹਲੀ ਦੇ ਪਾਵੇ।
ਛੱਜ, ਅਟੇਰਨੇ ਨਜ਼ਰ ਨਾ ਆਵਣ, ਲੱਭੇ ਨਾ ਫੁੱਲਕਾਰੀ।
ਚਲਾਉਂਦੀ ਨਾ ਹੁਣ ਰੂੰ ਵੇਲਣੀ, ਵਿਚ ਘਰਾਂ ਦੇ ਨਾਰੀ।
'ਆਤਮਾ ਸਿੰਘ ਵੀ ਚਿੱਟੀ ਵਾਲਾ', ਸੱਚੇ ਗੀਤ ਬਣਾਵੇ।
ਕਿੱਥੇ ਸੂਤੜੀ ਵਾਣ ਦੇ ਮੰਜੇ, ਉਹ ਟਾਹਲੀ ਦੇ ਪਾਵੇ।
-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ। ਫੋਨ : 0181-2796427.
|