ਸਲਾਹੁਣਯੋਗ ਕੰਮ ਕਰ ਰਹੀ ਹੈ ਕੈਨੇਡਾ ਸਰਕਾਰ-ਦਵਿੰਦਰ ਸ਼ੋਰੀ
ਕੈਲਗਰੀ, 13 ਅਗਸਤ-ਆਰਥਿਕ ਮੰਦੇ ਦੇ ਇਸ ਦੌਰ ਵਿਚ ਕੈਨੇਡਾ ਦੀ ਕੰਜ਼ਰਵੇਟਿਵ ਸਰਕਾਰ ਪਰਿਵਾਰਾਂ ਲਈ ਸਲਾਹੁਣਯੋਗ ਕੰਮ ਕਰ ਰਹੀ ਹੈ। ਇਹ ਵਿਚਾਰ ਕੈਲਗਰੀ ਨੌਰਥ ਈਸਟ ਤੋਂ ਮੈਂਬਰ ਪਾਰਲੀਮੈਂਟ ਐਡਵੋਕੇਟ ਦਵਿੰਦਰ ਸ਼ੋਰੀ ਨੇ ਪ੍ਰਗਟ ਕੀਤੇ। ਐਡਵੋਕੇਟ ਦਵਿੰਦਰ ਸ਼ੋਰੀ ਨੇ ਕਿਹਾ ਕਿ ਸਰਕਾਰ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ
ਸਮਝਦੀ ਹੈ ਅਤੇ ਸਾਡੀ ਸਰਕਾਰ ਨੇ ਕੈਨੇਡਾ ਦੇ ਆਰਥਿਕ ਐਕਸ਼ਨ ਪਲਾਨ ਵਿਚ ਪਰਿਵਾਰਾਂ ਦੀ ਸਹਾਇਤਾ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਲ ਚਾਈਲਡ ਕੇਅਰ ਬੈਨੀਫਿਟ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੈਰਿਜ ਪੈਨੇਲਟੀ ਟੈਕਸ ਪ੍ਰਣਾਲੀ ਵਿਚੋਂ ਹਟਾ ਲਈ ਗਈ ਹੈ। ‘ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨਸ’ ਨੂੰ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਪਰਿਵਾਰ ਆਪਣੇ ਭਵਿੱਖ ਲਈ ਵਧੀਆ ਯੋਜਨਾ ਬਣਾ ਸਕਣ।
ਉਨ੍ਹਾਂ ਦੱਸਿਆ ਕਿ ਕੰਜ਼ਰਵੇਟਿਵ ਸਰਕਾਰ ਜਵਾਨ ਪਰਿਵਾਰਾਂ ਨੂੰ ਉਨ੍ਹਾਂ ਦਾ ਪਹਿਲਾ ਘਰ ਖਰੀਦਣ ਲਈ ਸਹਾਇਤਾ ਕਰਦੀ ਹੈ ਤੇ ਉਨ੍ਹਾਂ ਨੂੰ 750 ਡਾਲਰ ਦੀ ਟੈਕਸ ਛੋਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪਹਿਲੀ ਵਾਰ ਘਰ ਖਰੀਦਣ ਜਾਂ ਉਸਾਰਨ ਲਈ ਜ਼ਿਆਦਾ ਝੰਜਟ ਤੋਂ ਨਿਜਾਤ ਦੁਆਈ ਗਈ ਹੈ। ਉਹ ਹੁਣ ਆਰ. ਆਰ. ਐਸ. ਪੀ. ਸੇਵਿੰਗਜ਼ ਤੋਂ 25 ਹਜਾਰ ਡਾਲਰ ਤੱਕ ਲੈ ਸਕਦੇ ਹਨ। ਪਹਿਲਾਂ ਇਹ ਲਿਸਟ 20 ਹਜ਼ਾਰ ਤੱਕ ਸੀ। ਇਸ ਤੋਂ ਇਲਾਵਾ ਘਰਾਂ ਦੀ ਮੁਰੰਮਤ ਆਦਿ ਲਈ ‘ਹੋਮ ਰੈਨੋਵੇਸ਼ਨ ਟੈਕਸ ਕ੍ਰੈਡਿਟ’ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ ਹੈ। ਇਸ ਲਈ ਪਰਿਵਾਰ 10 ਹਜ਼ਾਰ ਡਾਲਰ ਤੱਕ ਲੈ ਸਕਦੇ ਹਨ। ਜਿਸ ਵਿੱਚ 1350 ਡਾਲਰ ਦੀ ਛੋਟ ਦਿੱਤੀ ਜਾਂਦੀ ਹੈ।