ਜਾਗਤ ਜੋਤਿ ਦਲਜੀਤ ਸਿੰਘ
img1090901012_1_1.jpg
ਸਿੱਖ ਧਰਮ ਦਾ ਮੂਲ 1469 ਈ. ਤੋਂ ਹੀ ਬੱਝ ਗਿਆ ਸੀ। ਜਦੋਂ ਅਕਾਲ ਪੁਰਖ ਨੇ ਆਪਣੇ ਗੁਣ ਆਕਾਰ ਵਿੱਚ ਪ੍ਰਗਟ ਕੀਤੇ ਤਾਂ ਉਸ ਆਕਾਰ ਦਾ ਨਾਂਅ ਸ਼੍ਰੀ ਗੁਰੂ ਨਾਨਕ ਸਾਹਿਬ ਹੋਇਆ:

"ਜੋਤਿ ਰੂਪ ਹਰਿ ਆਪਿ ਗੁਰੂ ਨਾਨਕੁ ਕਹਾਯਉ"

ਗੁਰੂ ਨਾਨਕ ਸਾਹਿਨ ਨੇ ਪਰੰਪਰਾਗਤ ਧਰਮਾਂ ਦੇ ਸਿਧਾਂਤਾਂ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਅਜਿਹੇ ਸਿਧਾਂਤਾਂ ਦੀ ਨੀਂਹ ਰੱਖੀ ਜਿਸ ਦੁਆਰਾ ਆਮ ਲੁਕਾਈ ਨੂੰ ਵਹਿਮਾਂ-ਭਰਮਾਂ ਅਤੇ ਵਿਅਰਥ ਕਰਮ-ਕਾਂਡਾਂ ਵਿੱਚੋਂ ਕੱਢ ਕੇ ਇੱਕ ਅਕਾਲ ਪੁਰਖ ਦੀ ਅਰਾਧਨਾ ਲਈ ਪ੍ਰੇਰਿਆ। ਦੂਜੇ ਪਾਸੇ ਸਮਾਜ ਵਿੱਚੋਂ ਧਰਮ ਮੂਲ ਖੰਭ ਲਾ ਕੇ ਉੱਡ ਚੁੱਕਾ ਸੀ ਤੇ ਕਾਜ਼ੀ ਅਤੇ ਪੰਡਤ ਵੱਢੀ ਖੋਰ ਹੋ ਚੁੱਕੇ ਸਨ। ਗੁਰੂ ਸਾਹਿਬ ਨੇ ਜਾਤ-ਪਾਤ ਵਿੱਚ ਵੰਡੀ ਹੋਈ ਲੁਕਾਈ ਨੂੰ 'ਏਕਸ ਕੇ ਹਮ ਬਾਰਿਕ' ਦਾ ਸਿਧਾਂਤ ਦਿੱਤਾ।

ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖ਼ਸ਼ ਉਨ੍ਹਾਂ ਨੂੰ 'ਗੁਰੂ ਅੰਗਦ' ਜਾਣ ਤੇ ਮੱਥਾ ਟੇਕਿਆ"

"ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ"

ਗੁਰੂ ਅੰਗਦ ਸਾਹਿਬ ਜੀ ਨੇ ਬਾਣੀ ਦੀ ਸੰਭਾਲ ਤੇ ਵਿਸਤਾਰ ਆਪਣੇ ਗੁਰੂ-ਕਾਲ ਵਿੱਚ ਕੀਤੀ ਅਤੇ ਗੁਰਮੁਖੀ ਲਿਪੀ ਨੂੰ ਸੰਵਾਰਿਆ ਤੇ ਪ੍ਰਚਾਰਿਆ। ਨਾਲ ਹੀ ਆਪ ਜੀ ਨੇ ਪਾਠਸ਼ਾਲਾਵਾਂ ਅਤੇ ਮੱਲ ਅਖਾੜੇ ਖੋਲ੍ਹੇ।

ਤੀਜੇ ਗੁਰੂ ਨਾਨਕ ਦੇ ਰੂਪ ਵਿੱਚ ਗੁਰੂ ਅਮਰਦਾਸ ਜੀ 'ਨਿਮਾਣਿਆਂ ਦੇ ਮਾਣ', 'ਨਿਤਾਣਿਆਂ ਦੇ ਤਾਣ', 'ਨਿਓਟਿਆਂ ਦੀ ਓਟ' ਕਰਕੇ ਜਾਣੇ ਗਏ। ਆਪ ਜੀ ਨੇ ਕੱਚੀ ਬਾਣੀ ਨੂੰ ਨੱਥ ਪਾਉਣ ਲਈ ਵਿੱਚ ਨਿਬੇੜਾ ਕਰ ਦਿੱਤਾ।

'ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।। ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ।।'

ਨਾਲ ਹੀ ਆਪ ਜੀ ਨੇ ਅਮੀਰ ਅਤੇ ਗਰੀਬ ਨੂੰ ਇੱਕ ਥਾਂ ਬੈਠ ਕੇ ਲੰਗਰ ਛੱਕਣ ਦੀ ਪ੍ਰੇਰਣਾ ਦਿੱਤੀ ਅਤੇ ਗੁਰਮਤਿ ਦੇ ਪ੍ਰਚਾਰ ਲਈ 22 ਮੰਜੀਆਂ ਸਥਾਪਤ ਕੀਤੀਆਂ। ਗੁਰੂ ਰਾਮਦਾਸ ਜੀ ਨੇ ਸੰਗੀਤ ਤੇ ਰਾਗ ਪੱਖੋਂ ਬਾਣੀ ਦੀ ਕਲਾਤਮਕਤਾ ਨੂੰ ਸਿਖਰਾਂ ਤੱਕ ਪਹੁੰਚਾਇਆ। ਨਾਲ ਹੀ ਆਪ ਜੀ ਨੇ ਬਾਣੀ ਤੇ ਗੁਰੂ ਵਿੱਚ ਅਭੇਦਤਾ ਨੂੰ ਸਪਸ਼ਟਤਾ ਦੇ ਨਾਲ ਬਿਆਨ ਕੀਤਾ:

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ।। ਗੁਰੁ ਬਾਣੀ ਕਹੈ ਸੇਵਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।।

ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਵੱਧ ਬਾਣੀ ਰਚਨਾ ਅਤੇ ਸੰਪੂਰਨ ਬਾਣੀ ਦਾ ਸੰਕਲਨ ਤੇ ਸੰਪਾਦਨ ਕੀਤਾ। ਇਹ ਦੁਨੀਆ ਦਾ ਪਹਿਲਾ ਅਜਿਹਾ ਧਾਰਮਿਕ ਗ੍ਰੰਥ ਹੋਇਆ ਜਿਸਦਾ ਸੰਪਾਦਨ ਖੁਦ ਧਰਮ ਦੇ ਬਾਨੀ ਨੇ ਆਪ ਕੀਤਾ। 'ਆਦਿ ਗ੍ਰੰਥ' ਦੇ ਪਹਿਲੇ ਪ੍ਰਕਾਸ਼ ਤੋਂ ਬਾਅਦ ਗੁਰੂ ਸਾਹਿਬ ਜੀ ਇਸ ਨੂੰ 'ਪੋਥੀ ਪਰਮੇਸਰ ਦਾ ਥਾਨੁ' ਕਹਿ ਕੇ ਨਿਵਾਜਿਆ ਅਤੇ ਆਪਣਾ ਸਿੰਘਾਸਨ ਨੀਵਾਂ ਲਾਉਣਾ ਸ਼ੁਰੂ ਕਰ ਦਿੱਤਾ। ਨਾਲ ਹੀ ਆਪ ਜੀ ਨੇ ਬਾਣੀ ਨੂੰ ਪੂਰਨ ਸਤਿਕਾਰ ਤੇ ਪਿਆਰ ਕੀਤਾ ਅਤੇ ਇਹੀ ਜਾਚ ਸੰਗਤ ਨੂੰ ਸਿਖਾਈ।

ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 'ਮੀਰੀ-ਪੀਰੀ' ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਭਗਤੀ ਤੇ ਸ਼ਕਤੀ ਦਾ ਸੁਮੇਲ ਕਰਦਿਆਂ ਸ਼੍ਰੀ ਅਕਾਲ ਤਖਤ ਦੀ ਸਥਾਪਨਾ ਕੀਤੀ। ਨਾਲ ਹੀ ਆਪ ਜੀ ਨੇ ਬਾਣੀ ਦੇ ਪ੍ਰਚਾਰ ਤੇ ਪਸਾਰ ਲਈ ਆਦਿ ਗ੍ਰੰਥ ਦੇ ਬਹੁਤ ਸਾਰੇ ਉਤਾਰੇ ਕਰਵਾਏ ਅਤੇ ਸਭ ਤੋਂ ਵੱਧ ਉਤਾਰੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਦੇ ਸਮੇਂ ਹੋਏ ਮਿਲਦੇ ਹਨ।

ਜਿੱਥੇ ਗੁਰੂ ਹਰਿ ਰਾਇ ਸਾਹਿਬ ਜੀ ਨੇ ਲੋਕਾਂ ਦੇ ਇਲਾਜ ਲਈ ਕੇਂਦਰ ਖੋਲ੍ਹੇ, ਉੱਥੇ ਬਾਣੀ ਦੇ ਅਦਬ-ਸਤਿਕ ਆਰ ਨੂੰ ਕਾਇਮ ਰੱਖਣ ਲਈ ਪੁੱਤਰ ਦਾ ਤਿਆਗ ਵੀ ਕਰਨਾ ਪਿਆ ਤਾਂ ਆਪ ਨੇ ਰਾਮ ਰਾਇ ਨੂੰ ਮੂੰਹ ਨਾ ਲਾਇਆ ਅਤੇ ਯੋਗਤਾ ਨੂੰ ਪ੍ਰਮੁੱਖ ਰਖਦਿਆ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਿਆਈ ਦੀ ਸੌਂਪਣਾ ਕੀਤੀ।

ਗੁਰੂ ਹਰਿਕ੍ਰਿਸ਼ਣ ਸਾਹਿਬ ਨੇ ਸੰਗਤਾਂ ਨੂੰ 'ਬਾਬਾ ਬਕਾਲੇ' ਦਾ ਸੰਕੇਤ ਕਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਸੌਂਪ ਦਿੱਤੀ। ਆਪ ਨੇ ਇਸ ਬਾਣੀ ਦੇ ਪ੍ਰਚਾਰ-ਪਸਾਰ ਲਈ ਵੱਡੇ ਪ੍ਰਚਾਰਕ ਦੌਰੇ ਕੀਤੇ, ਆਪ ਜੀ ਨੇ ਬਾਣੀ ਉਚਾਰੀ ਅਤੇ ਇੱਕ ਨਵਾਂ ਰਾਗ ਜੈਜਾਵੰਤੀ ਵੀ ਵਰਤਿਆ।

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪ੍ਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਨਾਲ ਹੀ ਆਪ ਜੀ ਨੇ ਪਾਉਂਟਾ ਸਾਹਿਬ ਤੇ ਅਨੰਦਪੁਰ ਸਾਹਿਬ ਵਿਖੇ ਬਾਣੀ ਦੀ ਸੰਭਾਲ, ਲਿਖਾਈ ਤੇ ਵਿਆਖਿਆ ਦਾ ਵੱਡੇ ਪੱਧਰ ਉੱਤੇ ਪ੍ਰਬੰਧ ਕੀਤਾ ਅਤੇ ਤਲਵੰਡੀ ਸਾਬੋ ਵਿਖੇ ਅੱਜ ਦੀ ਮੋਜੂਦਾ 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ' ਦੀ ਬੀੜ ਦਾ ਸਰੂਪ ਤਿਆਰ ਕਰਵਾਇਆ, ਜਿਸ ਨੂੰ ਨਾਂਦੇੜ ਵਿਖੇ ਗੁਰਿਆਈ ਦੀ ਸੌਂਪਣਾ ਕਰ, ਆਪ ਮੱਥਾ ਟੇਕ ਕੇ, ਗੁਰੁ ਜੋਤਿ ਉਸ ਵਿੱਚ ਟਿਕਾ ਕੇ, ਸਿੱਖਾਂ ਨੂੰ 'ਸ਼ਬਦ ਗੁਰੂ' ਦੇ ਲੜ ਲਾ ਦਿੱਤਾ। ਇਸ ਤਰ੍ਹਾਂ ਆਪ ਨੇ ਗੁਰੂ ਪੰਥ ਦੀ ਤਾਬਿਆਂ ਕਰ ਦਿੱਤੀ।