ਮਾਲਵੇ ਦਾ ਪ੍ਰਸਿੱਧ ਮੇਲਾ 'ਗੁਰੂ ਕੀ ਢਾਬ'

1.jpg 

 

 

 

ਪੰਜਾਬ ਮੇਲਿਆਂ ਦੀ ਧਰਤੀ ਹੈ.ਖਾਸ ਕਰਕੇ ਮਾਲਵਾ ਇਲਾਕੇ ਵਿੱਚ ਲੱਗਣ ਵਾਲੇ ਮੇਲਿਆਂ ਵਿੱਚੋਂ 'ਗੁਰੂ ਕੀ ਢਾਬ' ਦੇ ਮੇਲੇ ਦੀ ਆਪਣੀ ਵੱਖਰੀ ਮਹਾਨਤਾ ਹੈ. ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਪਿੰਡ ਗੁਰੂ ਕੀ ਢਾਬ ਵਿਖੇ ਇਹ ਮੇਲਾ ਹਰ ਸਾਲ ਦੋ ਅਤੇ ਤਿੰਨ ਅੱਸੂ ਨੂੰ ਲਗਾਇਆ ਜਾਂਦਾ ਹੈ.

 

ਇਸ ਸਾਲ ਵੀ 16 ਅਤੇ 17 ਸਤੰਬਰ ਨੂੰ ਇਹ ਮੇਲਾ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ. ਜਿਸ ਵਿੱਚ ਹਜਾਰਾਂ ਸ਼ਰਧਾਲੂਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ.ਮੇਲੇ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਵੀ ਕਾਨਫਰੰਸਾ ਕੀਤੀਆਂ ਗਈਆਂ. ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ.

ਜੈਤੋ ਤੋਂ 5 ਕਿ.ਮੀ. ਦੂਰ ਕੋਟਕਪੁਰਾ ਮੁੱਖ ਮਾਰਗ ਤੇ ਸਥਿੱਤ ਗੁਰਦੁਆਰਾ ਗੁਰੂ ਕੀ ਢਾਬ ਦੇ ਇਤਿਹਾਸ ਬਾਰੇ 'ਸੂਰਜ ਪ੍ਰਕਾਸ਼' ਗ੍ਰੰਥ ਵਿੱਚ ਜਿਕਰ ਕੀਤਾ ਗਿਆ ਹੈ ਕਿ ਗੂਰੂ ਗੋਬਿੰਦ ਸਿੰਘ ਜੀ ਆਨੰਦਪੁਰ ਦਾ ਕਿਲਾ ਛੱਡ ਕੇ ਸਿਰਸਾ ਨਈ ਪਾਰ ਕਰਕੇ, ਚਮਕੌਰ ਦੀ ਇਤਿਹਾਸਕ ਲੜਾਈ 'ਤੇ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਕੋਟਕਪੁਰਾ ਤੋਂ ਜੈਤੋ ਮੁਕਤਸਰ ਜਾਂਦੇ ਸਮੇਂ ਤਿੰਨ ਅੱਸੂ ਵਾਲੇ ਦਿਨ ਦੇ ਤੀਜੇ ਪਹਿਰ ਸੰਗਤ ਸਮੇਤ ਆ ਕੇ ਠਹਿਰੇ ਸਨ.

ਕਿਹਾ ਜਾਂਦਾ ਹੈ ਕਿ ਇਸ ਥਾਂ ਤੇ ਸ਼ਰੀਂਹ ਦਾ ਇੱਕ ਵੱਡਾ ਦਰੱਖਤ ਲੱਗਿਆ ਹੋਇਆ ਸੀ.ਉਸ ਦਰੱਖਤ ਵਿੱਚੋਂ ਇੱਕ ਆਦਮੀ ਨਿਕੱਲਿਆ ਅਤੇ ਉਸਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਨਿਵਾਂ ਦਿੱਤਾ.ਗੁਰੂ ਜੀ ਨੇ ਉਸਦਾ ਨਾਮ ਲੈ ਕੇ ਕਿਹਾ,'ਰਾਜੀ ਰਹਿ ਹੁਸੈਨ ਖਾਂ ਮੀਆਂ'. ਗੁਰੂ ਜੀ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਉਹ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ ਕਿ ਆਪ ਜੀ ਦੇ ਦਰਸ਼ਨ ਕਰਕੇ ਮੈਨੂੰ ਅਥਾਹ ਸੁੱਖ ਮਿਲਿਆ ਹੈ. ਮੈਨੂੰ ਤੁਹਾਡੇ ਦੀਦਾਰ ਦੀ ਬੜੇ ਚਿਰਾਂ ਤੋਂ ਤਾਂਘ ਸੀ ਜੋ ਅੱਜ ਪੂਰੀ ਹੋ ਗਈ ਹੈ.

ਮੈਨੂੰ ਲੱਗਦਾ ਹੈ ਕਿ ਮੇਰੇ ਸਾਰੇ ਪਾਪ ਧੋਤੇ ਗਏ ਹਨ ਅਤੇ ਮੇਰਾ ਕਲਿਆਣ ਹੋ ਗਿਆ ਹੈ.ਉਸ ਸੁੰਦਰ ਸਰੂਪ ਵਾਲੇ ਵਿਅਕਤੀ ਦੇ ਚਲੇ ਜਾਣ ਤੋਂ ਬਾਅਦ ਸੰਗਤਾਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਉਹ ਕੌਣ ਸੀ ਤਾਂ ਗੁਰੂ ਜੀ ਨੇ ਕਿਹਾ ਕਿ ਉਹ ਇੱਕ ਸ਼ਹੀਦ ਸੀ ਜੋ ਕਿਸੇ ਵਿਘਨ ਕਾਰਨ ਮੁਕਤੀ ਪ੍ਰਾਪਤ ਨਹੀਂ ਕਰ ਸਕਿਆ ਸੀ ਅੱਜ ਉਸਦੀ ਮੁਕਤੀ ਹੋ ਗਈ ਹੈ. ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਨੂੰ 'ਦੋਦਾ ਤਾਲਾ' ਦਾ ਨਾਮ ਦਿੱਤਾ.ਸ਼ਰਧਾਲੂਆਂ ਵੱਲੋਂ ਇਸ ਸਥਾਨ ਤੇ ਇੱਕ ਸ਼ਾਨਦਾਰ ਇਤਿਹਾਸਕ ਗੁਰਦੁਆਰਾ ਬਣਾਇਆ ਗਿਆ ਹੈ. ਜਿਸਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਕਰਵਾਈ, ਇੱਕ ਦੀਵਾਨ ਹਾਲ ਅਤੇ ਲੰਗਰ ਵਾਲੀ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਇੱਥੇ ਹੀ ਇੱਕ ਵੱਡਾ ਅੱਠ ਚੁੰਡਾ ਸਰੋਵਰ ਤਿਆਰ ਕੀਤਾ ਗਿਆ ਹੈ. ਸ਼ਰਧਾਲੂਆਂ ਦਾ ਵਿਸ਼ਵਾਸ਼ ਹੈ ਕਿ ਇਸ ਵਿੱਚ ਇਸ਼ਨਾਨ ਕਰਨ ਵਾਲੇ ਦੀ ਅਠਰਾਹ ਦੀ ਬਿਮਾਰੀ ਦੂਰ ਹੋ ਜਾਂਦੀ ਹੈ.

ਇਸ ਸਥਾਨ ਤੇ ਦੋ ਅੱਸੂ ਵਾਲੇ ਦਿਨ ਅਖੰਡ ਪਾਠ ਆਰੰਭ ਕਰਵਾਏ ਜਾਂਦੇ ਹਨ, ਜਿਸ ਦੇ ਭੋਗ ਚਾਰ ਅੱਸੂ ਨੂੰ ਪਾਏ ਜਾਂਦੇ ਹਨ.ਤਿੰਨ ਅੱਸੂ ਵਾਲੇ ਦਿਨ ਇਸ਼ਨਾਨ ਅਤੇ ਰਾਜਸੀ ਕਾਨਫਰੰਸਾਂ ਦੇ ਨਾਲ ਨਾਲ ਢਾਡੀ ਜੱਥਿਆਂ ਦਾ ਪ੍ਰੋਗਰਾਮ ਵੀ ਲਗਾਤਾਰ ਚੱਲਦਾ ਰਹਿੰਦਾ ਹੈ. ਮੇਲੇ ਦੇ ਆਖਰੀ ਦਿਨ ਇੱਥੇ ਕਬੱਡੀ ਅਤੇ ਕੁਸ਼ਤੀ ਦੇ ਮੁਕਾਬਲੇ ਹੁੰਦੇ ਹਨ.ਇਸ ਛੋਟੇ ਜਿਹੇ ਪਿੰਡ ਵਿੱਚ ਦੋ ਤਿੰਨ ਅੱਸੂ ਵਾਲੇ ਦਿਨ ਖੂਬ ਰੌਣਕਾਂ ਲੱਗਦੀਆਂ ਹਨ. ਇਸ ਦਿਨ ਦੂਰ ਦੁਰਾਡੇ ਇਲਾਕਿਆਂ ਤੋਂ ਹਜਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਤੇ ਮੇਲੇ ਦੇ ਸ਼ੌਕੀਨ ਵਹੀਰਾਂ ਘੱਤ ਕੇ ਇੱਥੇ ਪਹੁੰਚਦੇ ਹਨ ਅਤੇ ਪਿੰਡ ਵਾਸੀਆਂ ਵਿੱਚ ਬਾਹਰੋਂ ਆਏ ਸ਼ਰਧਾਲੂਆਂ ਅਤੇ ਸ਼ੌਕੀਨਾਂ ਦੀ ਪ੍ਰਾਹੁਣਚਾਰੀ ਵੀ ਦੇਖਣ ਯੋਗ ਹੁੰਦੀ ਹੈ.