ਦਾਤਾ ਬੰਦੀ ਛੋੜ

7.jpg

ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਉਸ ਸਮੇਂ ਗੁਰੂ ਜੀ ਨੇ ਫੈਸਲਾ ਕਰ ਲਿਆ ਕਿ ਹੁਣ ਧਰਮ ਦੀ ਰਾਖੀ ਸ਼ਾਂਤੀ ਨਾਲ ਨਹੀਂ ਹੋ ਸਕਦੀ ਜੁਲਮ ਦਾ ਟਾਕਰਾ ਕਰਨ ਲਈ ਹੁਣ ਤਲਵਾਰ ਉਠਾਉਣੀ ਹੀ ਪਵੇਗੀ। ਗੁਰੂ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਅਤੇ ਅਕਾਲ ਤਖਤ ਸਾਹਿਬ ਵਿੱਚ ਬਿਰਾਜਮਾਨ ਹੋਏ।

ਉਸ ਸਮੇਂ ਦੀ ਹਕੂਮਤ ਦੇ ਜੁਲਮ ਇਤਨੇ ਵੱਧ ਚੁੱਕੇ ਸੀ ਕਿ, ਕੋਈ ਵੀ ਹਿੰਦੂ ਦਸਤਾਰ ਨਹੀਂ ਸਜਾ ਸਕਦਾ ਸੀ, ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਸੀ। ਕੋਈ ਦੋ ਫੁੱਟ ਉੱਚਾ ਥੜਾ ਨਹੀਂ ਬਣਵਾ ਸਕਦਾ ਸੀ। ਪਰ ਗੁਰੂ ਸਾਹਿਬ ਜੀ ਨੇ ਹਕੂਮਤ ਦੇ ਇਕ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਇਹ ਸਭ ਚੀਜਾਂ ਸਾਰੇ ਲੋਕਾਂ ਵਾਸਤੇ ਆਮ ਕਰ ਦਿੱਤੀਆਂ।

ਬਾਹਰਲੇ ਪੰਚਾਇਤੀ ਫੈਸਲੇ ਵੀ ਗੁਰੂ ਜੀ ਆਪ ਹੀ ਕਰਦੇ। ਇਸ ਚੜ੍ਹਦੀ ਕਲਾ ਨੂੰ ਵੇਖ ਕੇ ਜਹਾਂਗੀਰ ਕਦੋਂ ਬਰਦਾਸ਼ਤ ਕਰ ਸਕਦਾ ਸੀ। ਦੂਜੇ ਪਾਸੇ ਚੰਦੂ ਜਿਸ ਨੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਹੀਦ ਕਰਵਾਇਆ ਸੀ। ਉਸ ਨੂੰ ਵੀ ਚਿੰਤਾ ਹੋ ਗਈ ਕਿ ਹੁਣ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਨਹੀਂ ਛੱਡਣਗੇ।

ਚੰਦੂ ਜਹਾਂਗੀਰ ਨੂੰ ਚੁੱਕਣ ਲੱਗਾ। ਉਸ ਨੇ ਬਾਦਸ਼ਾਹ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਨੇ ਫੌਜਾਂ ਰੱਖ ਲਿਆ ਹਨ, ਬੈਠਣ ਵਾਸਤੇ ਤਖਤ ਰਚਾ ਲਿਆ ਹੈ ਜੇ ਇਹਨਾਂ ਨੂੰ ਕਾਬੂ ਨਾ ਪਾਇਆ ਤਾਂ ਇਹ ਕਿਸੇ ਦਿਨ ਜਰੂਰ ਹੀ ਪਾਤਸ਼ਾਹੀ ਵਿੱਚ ਰੌਲਾ ਪਾ ਦੇਵੇਗਾ। ਜਹਾਂਗੀਰ ਨੇ ਆਪਣੇ ਵਜੀਰ, ਵਜ਼ੀਰ ਖਾਂ ਅਤੇ ਅਹਿਲਕਰ ਕਿੰਚਤ ਬੇਗ ਨੂੰ ਗੁਰੂ ਜੀ ਪਾਸ ਅੰਮ੍ਰਿਤਸਰ ਭੇਜਿਆ ਕਿ ਗੁਰੂ ਸਾਹਿਬ ਜੀ ਦਿੱਲੀ ਲੈ ਕੇ ਆਉ।

ਗੁਰੂ ਸਾਹਿਬ ਜੀ ਨੇ ਆਪਣੇ ਸਿਆਣੇ ਸਿੱਖ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ ਅਤੇ ਮਾਤਾ ਜੀ ਨਾਲ ਸਲਾਹ ਕਰ ਕੇ ਦਿੱਲੀ ਜਾਣ ਦੀ ਤਿਆਰੀ ਕੀਤੀ। ਗੁਰੂ ਸਾਹਿਬ ਜੀ ਆਪਣੇ ਨਾਲ ਪੰਜ ਸਿੱਖ ਲੈ ਕੇ ਸੰਗਤਾਂ ਨੂੰ ਤਾਰਦੇ ਹੋਏ ਦਿੱਲੀ ਪਹੁੰਚੇ। ਉੱਥੇ ਜਹਾਂਗੀਰ ਨੇ ਗੁਰੂ ਸਾਹਿਬ ਜੀ ਦਾ ਸਤਿਕਾਰ ਕੀਤਾ ਅਤੇ ਆਸਣ ਤੇ ਬਿਠਾਇਆ। ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਜਹਾਂਗੀਰ ਦੁਸ਼ਮਨੀ ਦੀ ਗੱਲ ਨੂੰ ਭੁੱਲ ਗਿਆ।

ਦੂਜੇ ਪਾਸੇ ਚੰਦੂ ਦੀ ਚਿੰਤਾ ਹੋਰ ਵੱਧ ਗਈ ਉਹ ਗੁਰੂ ਸਾਹਿਬ ਜੀ ਨੂੰ ਮਰਵਾਉਣਾ ਚਾਹੁੰਦਾ ਸੀ। ਚੰਦੂ ਨੇ ਇੱਕ ਨਜੂੰਮੀਏ ਨੂੰ ਸੱਦ ਕੇ ਆਖਿਆ ਕਿ ਮੈਂ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਨੂੰ ਮਰਵਾਉਣਾ ਚਾਹੁੰਦਾ ਹਾਂ। ਇਸ ਵਾਸਤੇ ਜਹਾਂਗੀਰ ਨੂੰ ਕਹੋ ਕਿ ਤੁਹਾਡੇ ਉੱਤੇ ਸਾੜੇ ਸਤੀ ਆਈ ਹੈ। ਇਸ ਦੇ ਉਪਾਅ ਵਜੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰੋ ਕਿ ਉਸ ਗਵਾਲੀਅਰ ਦੇ ਕਿਲੇ ਵਿੱਚ ਇਕਾਂਤ ਵਿੱਚ ਬੈਠ ਕੇ 40 ਦਿਨ ਮਾਲਾ ਫੇਰਨ ਤਾਂ ਸਾੜੇ ਸਤੀ ਟਲ ਜਾਵੇਗੀ। ਇਹ ਸਭ ਕਰਨ ਲਈ ਨਜੂੰਮੀਏ ਨੂੰ ਚੰਦੂ ਨੇ ਪੰਜ ਹਜਾਰ ਰੁੱਪਏ ਇਨਾਮ ਵਿੱਚ ਦਿੱਤੇ।

ਦੂਜੇ ਦਿਨ ਨਜੂੰਮੀਆ ਬਗਲ ਵਿੱਚ ਕਿਤਾਬ ਲੈ ਕੇ ਬੁਰਾ ਜਿਹਾ ਮੂੰਹ ਬਣਾ ਕੇ ਜਹਾਂਗੀਰ ਨੂੰ ਸਲਾਮ ਕੀਤੀ, ਨਜੂੰਮੀਏ ਦੀ ਅਜਿਹੀ ਸ਼ਕਲ ਵੇਖ ਕੇ ਬਾਦਸ਼ਾਹ ਨੇ ਕਿਹਾ ਤੇਰਾ ਚਿਹਰਾ ਮੁਰਝਾਇਆ ਕਿਉਂ ਹੈ? ਨਜੂੰਮੀਏ ਨੇ ਹੋਰ ਭੈੜਾ ਜਿਹਾ ਮੂੰਹ ਬਣਾ ਕੇ ਕਿਹਾ ਮੈਨੂੰ ਪਤਾ ਲਗਿਆ ਹੈ ਹਜੂਰ ਤੇ ਸਾੜ ਸਤੀ ਆਈ ਗਈ ਹੈ। ਇਹ ਬਹੁਤ ਬੁਰਾ ਗ੍ਰਿਹ ਹੈ। ਇਸ ਦਾ ਉਪਾਅ ਕਰਨਾ ਬਹੁਤ ਜਰੂਰੀ ਹੈ। ਜਦੋਂ ਜਹਾਂਗੀਰ ਨੇ ਉਪਾਅ ਪੁੱਛਿਆ ਤਾਂ ਨਜੂੰਮੀਏ ਨੇ ਕਿਹਾ ਕੋਈ ਬਹੁਤ ਵੱਡਾ ਮਹਾਂਪੁਰਖ ਹੋਵੇ ਜੋ ਦਿਨ ਰਾਤ ਪ੍ਰਮਾਤਮਾ ਦਾ ਨਾਂਅ ਲੈਣ ਵਾਲਾ ਹੋਵੇ ਅਤੇ ਲੋਕਾਂ ਵਿੱਚ ਮੰਨਿਆ ਹੋਇਆ ਹੋਵੇ। ਜੇ ਉਹ 40 ਦਿਨ ਗਵਾਲੀਅਰ ਦੇ ਕਿਲ੍ਹੇ ਵਿੱਚ ਇਕਾਂਤ ਬੈਠ ਕੇ ਤਪ ਕਰੇ ਤਾਂ ਇਹ ਗ੍ਰਿਹ ਦੂਰ ਹੋ ਸਕਦਾ ਹੈ।

ਨਜੂੰਮੀਏ ਦੀ ਗੱਲ ਸੁਣ ਕੇ ਜਹਾਂਗੀਰ ਨੇ ਕਿਹਾ ਇਹੋ ਜਿਹਾ ਕਿਹੜਾ ਮਹਾਂਪੁਰਖ ਹੋ ਸਕਦਾ ਹੈ। ਨਜੂੰਮੀਏ ਨੇ ਮੌਕਾ ਵੇਖ ਕੇ ਕਿਹਾ ਇਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਪਾਸ ਆਏ ਹੋਏ ਹਨ ਉਹ ਬਹੁਤ ਸ਼ਕਤੀਮਾਨ ਅਤੇ ਵੱਡੇ ਮਹਾਂਪੁਰਖ ਹਨ।

ਜਹਾਂਗੀਰ ਨੇ ਇਹ ਸਾਰੀ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਹੀ ਮੇਰੀ ਸਾੜ ਸੱਤੀ ਨੂੰ ਦੂਰ ਕਰ ਸਕਦੇ ਹੋ। ਕਿਰਪਾ ਕਰ ਕੇ ਆਪ ਮੇਰੇ ਲਈ 40 ਦਿਨ ਗਵਾਲੀਅਰ ਦੇ ਕਿਲ੍ਹੇ ਵਿੱਚ ਇਕਾਂਤ ਵਿੱਚ ਬੈਠ ਕੇ ਤਪ ਕਰੋ। ਜਹਾਂਗੀਰ ਦੀ ਗੱਲ ਸੁਣ ਕੇ ਅੰਤਰਜਾਮੀ ਗੁਰੂ ਸਾਹਿਬ ਜੀ ਜਾਣ ਗਏ ਕਿ ਇਹ ਚੰਦੂ ਦੀ ਨਵੀਂ ਚਾਲ ਹੈ। ਗੁਰੂ ਸਾਹਿਬ ਜੀ ਜਾਣਦੇ ਸਨ ਕਿ ਚੰਦੂ ਨੂੰ ਕਿਸ ਤਰ੍ਹਾਂ ਸਜਾ ਦੇਣੀ ਹੈ ਅਤੇ ਉਹਨਾਂ ਨੇ ਜਹਾਂਗੀਰ ਨੂੰ ਕਿਹਾ ਸਾੜੇ ਸੱਤੀ ਤੁਹਾਡੇ ਉੱਤੇ ਨਹੀਂ ਕਿਸੇ ਹੋਰ ਤੇ ਆਈ ਹੈ, ਪਰ ਜੇ ਸਾਡੇ ਗਵਾਲੀਅਰ ਵਿੱਚ ਜਾਣ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਤਾਂ ਅਸੀਂ ਚਲੇ ਜਾਂਦੇ ਹਾਂ। ਗੁਰੂ ਸਾਹਿਬ ਜੀ ਜਾਣਦੇ ਸਨ ਕਿ ਉੱਥੇ ਜਾ ਕੇ ਉਹਨਾਂ ਨੂੰ ਬੰਦੀਆਂ ਨੂੰ ਮੁਕਤ ਵੀ ਕਰਵਾਉਣਾ ਹੈ ਇਸ ਲਈ ਗਵਾਲੀਅਰ ਜਾਣਾ ਵੀ ਜਰੂਰੀ ਹੈ।

ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਜਹਾਂਗੀਰ ਬਹੁਤ ਖੁਸ਼ ਹੋਇਆ ਅਤੇ ਉਹ ਗੁਰੂ ਸਾਹਿਬ ਜੀ ਨਾਲ ਗਵਾਲੀਅਰ ਲਈ ਰਵਾਨਾ ਹੋ ਗਿਆ। ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਆਏ। ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਬਵੰਜਾ ਰਾਜੇ ਕੈਦ ਕੀਤੇ ਹੋਏ ਸਨ। ਉਹ ਸਾਰੇ ਗੁਰੂ ਜੀ ਦੇ ਦਰਸ਼ਨਾ ਲਈ ਆਏ।

ਗੁਰੂ ਸਾਹਿਬ ਜੀ ਨੇ ਰਾਜਿਆਂ ਦੇ ਮੁਰਝਾਏ ਚਿਹਰੇ, ਕਮਜ਼ੋਰ ਸਰੀਰ ਅਤੇ ਮੈਲੇ ਕੱਪੜੇ ਵੇਖੇ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿਲ੍ਹੇ ਦੇ ਮੁੱਖ ਪ੍ਰਬੰਧਕ ਨੂੰ ਰੁੱਪਏ ਦਿੱਤੇ ਅਤੇ ਕਿਹਾ ਰਾਜਿਆਂ ਨੂੰ ਨਵੇਂ ਕੱਪੜੇ ਅਤੇ ਕੜ੍ਹਾਹ ਪਰਸ਼ਾਦ ਦਿੱਤਾ ਜਾਵੇ। ਕਿਲ੍ਹੇ ਦਾ ਮੁੱਖ ਪ੍ਰਬੰਧਕ ਹਰਿਦਾਸ ਗੁਰੂ ਸਾਹਿਬ ਜੀ ਨੂੰ ਬਹੁਤ ਪ੍ਰੇਮ ਕਰਦਾ ਸੀ। ਉਸ ਨੇ ਗੁਰੂ ਸਾਹਿਬ ਜੀ ਦੀ ਆਗਿਆ ਦਾ ਪਾਲਨ ਚੰਗੀ ਤਰ੍ਹਾਂ ਕੀਤਾ।

ਚੰਦੂ ਬਹੁਤ ਖੁਸ਼ ਹੋਇਆ ਕਿ ਗੁਰੂ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਹੋ ਗਏ। ਉਸ ਨੇ ਇੱਕ ਚਿੱਠੀ ਕਿਲ੍ਹੇ ਦੇ ਮੁੱਖ ਪ੍ਰਬੰਧਕ ਹਰਿਦਾਸ ਜੀ, ਜੋ ਕਿ ਚੰਦੂ ਦੀ ਰਿਸ਼ਤੇਦਾਰੀ ਵਿੱਚ ਸਨ ਉਹਨਾਂ ਨੂੰ ਲਿਖੀ ਕਿ ਉਹ ਛੇਤੀ ਗੁਰੂ ਸਾਹਿਬ ਜੀ ਨੂੰ ਮਾਰ ਦੇਣ ਇਸ ਕੰਮ ਬਦਲੇ ਚੰਦੂ ਉਹਨਾਂ ਨੂੰ ਵੱਡੀ ਨੌਕਰੀ ਅਤੇ ਪੰਜ ਹਜਾਰ ਰੁੱਪਏ ਦੇਵੇਗਾ।

ਹਰਿਦਾਸ ਜੀ ਨੇ ਚਿੱਠੀ ਪੜ੍ਹੀ ਅਤੇ ਉਹ ਚਿੱਠੀ ਗੁਰੂ ਸਾਹਿਬ ਜੀ ਨੂੰ ਦੇ ਦਿੱਤੀ। ਗੁਰੂ ਸਾਹਿਬ ਜੀ ਨੇ ਚਿੱਠੀ ਪੜ੍ਹੀ ਅਤੇ ਭਾਈ ਬਿਧੀ ਚੰਦ ਨੂੰ ਚਿੱਠ ਸੰਭਾਲਨ ਲਈ ਦੇ ਦਿੱਤੀ। ਗੁਰੂ ਸਾਹਿਬ ਜੀ ਨੇ ਕਿਲ੍ਹੇ ਵਿੱਚ ਸਰਕਾਰੀ ਪੈਸੇ ਦੇ ਅੰਨ ਜਲ ਨੂੰ ਛੱਕਣ ਤੋਂ ਮਨ੍ਹਾਂ ਕਰ ਦਿੱਤਾ। ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਪੰਜ ਸਿੱਖ ਕਿਰਤ ਕਰ ਦੇ ਉਹਨਾਂ ਦੇ ਪੈਸੇ ਨਾਲ ਲੰਗਰ ਬਣਦਾ ਉਸ ਪਰਸ਼ਾਦੇ ਨੂੰ ਗੁਰੂ ਜੀ ਛੱਕਦੇ ਸਨ।

ਜਦੋਂ ਗੁਰੂ ਸਾਹਿਬ ਜੀ ਕਿਲ੍ਹੇ ਵਿੱਚ ਸਨ ਤਾਂ ਸੰਗਤਾਂ ਨੂੰ ਚਿੰਤਾ ਹੋਈ। ਬਾਦਸ਼ਾਹ ਆਪਣੀ ਮੌਜ ਵਿੱਚ ਬੇ-ਪ੍ਰਵਾਹ ਹੁੰਦੇ ਹਨ। ਜਿਸ ਕਰ ਕੇ ਜਹਾਂਗੀਰ ਨੂੰ ਇਹ ਖਿਆਲ ਹੀ ਨਹੀਂ ਆਇਆ ਕਿ ਗੁਰੂ ਸਾਹਿਬ ਜੀ ਨੂੰ ਕਿਲ੍ਹੇ ਵਿੱਚੋਂ ਕਢਣਾ ਹੈ। ਜਦੋਂ ਇਸ ਤਰ੍ਹਾਂ ਕਿਲ੍ਹੇ ਵਿੱਚ ਰਹਿੰਦੀਆਂ ਕਾਫੀ ਸਮਾਂ ਬੀਤ ਗਿਆ ਤਾਂ ਗੁਰੂ ਜੀ ਦੇ ਸਿੱਖ ਭਾਈ ਜੇਠਾ ਜੀ ਤੇ ਭਾਈ ਪੈੜਾ ਜੀ ਬਾਦਸ਼ਾਹੀ ਪਹਿਰੇਦਾਰੀ ਤੋਂ ਗੁਪਤ ਹੋ ਕੇ ਜਹਾਂਗੀਰ ਦੇ ਮਹਿਲਾਂ ਵਿੱਚ ਸ਼ੇਰਾਂ ਦਾ ਰੂਪ ਧਰ ਕੇ ਪਹੁੰਚੇ, ਜਿਥੇ ਜਹਾਂਗੀਰ ਸੁੱਤਾ ਹੋਇਆ ਸੀ। ਦੋਹਾਂ ਸ਼ੇਰਾਂ ਨੇ ਜਹਾਂਗੀਰ ਦੀ ਛਾਤੀ ਉਤੇ ਪੰਜੇ ਰੱਖੇ ਜਦੋਂ ਉਸਨੂੰ ਦਬਾਇਆ ਤਾਂ ਜਹਾਂਗੀਰ ਜਾਗ ਕੇ ਡਰ ਨਾਲ ਚੀਕਾਂ ਮਾਰਨ ਲੱਗਿਆ। ਸ਼ੇਰਾਂ ਨੇ ਕਿਹਾ ਗੁਰੂ ਸਾਹਿਬ ਜੀ ਨੂੰ ਛੇਤੀ ਰਿਹਾਅ ਕਰੋ ਨਹੀਂ ਤਾਂ ਅਸੀਂ ਤੁਹਾਨੂੰ ਨਹੀਂ ਛੱਡਾਂਗੇ।

ਜਦੋਂ ਇਹ ਸਿੱਖ ਗੁਰੂ ਸਾਹਿਬ ਜੀ ਪਾਸ ਪਹੁੰਚੇ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਸ਼ੇਰ ਬਣ ਕੇ ਜੋ ਕੰਮ ਕੀਤਾ ਉਹ ਠੀਕ ਨਹੀਂ ਸੀ। ਫਿਰ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਇੱਕ ਪੱਤਰ ਗਵਾਲੀਅਰ ਵਿੱਚ ਭੇਜਿਆ ਅਤੇ ਬੇਨਤੀ ਕੀਤੀ ਕਿ ਆਪ ਜੀ ਛੇਤੀ ਵਾਪਸ ਆ ਜਾਓ।

ਗੁਰੂ ਸਾਹਿਬ ਜੀ ਨੇ ਚਿੱਠੀ ਪੜ੍ਹੀ ਅਤੇ ਉਸ ਦੇ ਜਵਾਬ ਵਿੱਚ ਇਹ ਚਿੱਠੀ ਦਿੱਤੀ ਕਿ ਅਸੀਂ ਗਵਾਲੀਅਰ ਤੋਂ ਉਦੋਂ ਬਾਹਰ ਆਵਾਂਗੇ ਜਦੋਂ ਤੁਸੀਂ ਇੱਥੇ ਕੈਦ ਕੀਤੇ ਬਵੰਜਾ ਰਾਜਿਆਂ ਨੂੰ ਵੀ ਛੱਡ ਦਿਉਗੇ। ਜੇ ਤੁਸੀਂ ਇਹਨਾਂ ਨੂੰ ਨਹੀਂ ਛੱਡ ਸਕਦੇ ਤਾਂ ਅਸੀਂ ਬਾਹਰ ਨਹੀਂ ਆਵਾਂਗੇ।

ਜਹਾਂਗੀਰ ਗੁਰੂ ਸਾਹਿਬ ਜੀ ਦਾ ਜਵਾਬ ਪੜ੍ਹ ਕੇ ਸੋਚ ਵਿੱਚ ਪੈ ਗਿਆ ਕਿ ਬਹੁਤ ਮੁਸ਼ਕਿਲ ਨਾਲ ਤਾਂ ਮੈਂ ਇਹਨਾਂ ਰਾਜਿਆਂ ਨੂੰ ਕੈਦ ਕੀਤਾ ਹੈ। ਪਰ ਬਹੁਤ ਸੋਚਣ ਦੇ ਬਾਅਦ ਉਸ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੇ ਆਪ ਜੀ ਦੀ ਇਹੀ ਇੱਛਾ ਹੈ ਤਾਂ ਆਪ ਕਿਰਪਾ ਕਰੋ ਜਿੰਨ੍ਹੇ ਰਾਜੇ ਆਪ ਜੀ ਚੋਲੇ ਦੀਆਂ ਕਲੀਆਂ ਫੜ ਕੇ ਬਾਹਰ ਆ ਸਕਦੇ ਉਹਨਾਂ ਨੂੰ ਕੱਢ ਲਉ।

ਗੁਰੂ ਸਾਹਿਬ ਜੀ ਨੇ ਜਹਾਂਗੀਰ ਦੀ ਗੱਲ ਸੁਣ ਕੇ ਆਪਣੇ ਲਈ ਇੱਕ ਬਵੰਜਾ ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਅਤੇ ਇੱਕ-ਇੱਕ ਰਾਜੇ ਨੂੰ ਇੱਕ-ਇੱਕ ਕਲੀ ਫੜਾਈ ਤੇ ਸਾਰੇ ਰਾਜਿਆਂ ਨੂੰ ਬਾਹਰ ਕੱਢਿਆ। ਇਸ ਪ੍ਰਕਾਰ ਰਾਜਿਆਂ ਨੇ ਗੁਰੂ ਸਾਹਿਬ ਜੀ ਦੀ ਜੈ ਜੈਕਾਰ ਕੀਤੀ। ਇਸ ਲਈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਾਤਾ ਬੰਦੀ ਛੋੜ ਵੀ ਕਿਹਾ ਜਾਂਦਾ ਹੈ। ਬਾਹਰ ਆਉਣ ਦੇ ਬਾਅਦ ਆਪ ਜੀ ਨੇ ਚੰਦੂ ਦੀ ਪੋਲ ਵੀ ਜਹਾਂਗੀਰ ਅੱਗੇ ਖੋਲੀ ਅਤੇ ਉਸ ਨੂੰ ਸਜਾ ਦਿੱਤੀ।