....~ਸਮੁੰਦਰਾ~di -ਜਲ ਪਰੀਆਂ |.... |
![]() ਜਲ ਪਰੀਆਂ | ਉਦਾਸ ਗੀਤ ਗਾਉਂਦੀਆਂ ਮਲਾਹਾਂ ਦੇ ਸੁਪਨੇ ਲੈਂਦੀਆਂ, ਜਲ ਪਰੀਆਂ ਹਵਾਵਾਂ ਨੂੰ ਪੁਛਦੀਆਂ : ਕਦ ਮੁੜਣਾ ਏ ? ਚੁੰਮ, ਲਹਿਰਾਂ 'ਤੇ ਲਿਖਦੀਆਂ ਉਨ੍ਹਾਂ ਦੇ ਨਾਅ ਰੋਂਦੀਆਂ ਹੱਸਣ ਲੱਗਦੀਆਂ ਨੇ | ਮੀਲਾਂ ਹੇਠ, ਕੋਰਲ ਦੇ ਜੰਗਲਾਂ ਵਿਚ ਰਹਿੰਦੀਆਂ ਹੋ ਜਾਂਦੀਆਂ ਨੇ ਜਦ ਉਦਾਸ ਤਾਂ ਉੱਤੇ ਆ ਲਾਖੇ ਤੇ ਅਸਪਾਤ ਬਦਨ ਮਲਾਹਾਂ ਨੂੰ ਲਭਣ ਲੱਗਦੀਆਂ ਨੇ | ਯਾਦ ਕਰਦੀਆਂ ਨੇ ਓਹ ਦਿਨ ਜਦ ਹੋ ਕਿਸ਼ਤੀ 'ਤੇ ਸਵਾਰ ਸਮੁੰਦਰ ਤੋਂ ਪਾਰ ਓਹ ਬਨਸਪਤੀ ਵਿਚ ਘੁੰਮਣ ਗਈਆਂ ਸਨ | ਤੇ ਗਈ ਰਾਤ ਤਕ ਜੰਗਲ ਦੀਆਂ ਮਹਿਕਾਂ ਤੇ ਟਟਿਹਨਿਆਂ ਦੇ ਝੁੰਡਾਂ ਵਿਚ ਫੁੱਲ, ਪੱਤਿਆਂ 'ਤੇ ਊਂਘਦੀਆਂ ਓਹ ਆਪਣੇ ਆਸ਼ਕਾਂ ਦੀਆਂ ਬਾਹਾਂ ਵਿਚ ਪਈਆਂ ਸਨ | ਸਾਗਰ ਸੁਰਖ ਤੇ ਚਾਂਦੀ ਹੋਇਆ ਸੀ ਜਦ ਓਹ ਘਰਾਂ ਨੂੰ ਮੁੜੀਆਂ ਸਨ | ਚਲੇ ਗਏ ਸਨ ਓਹ ਜੰਗਲੀ ਵੇਲਾਂ ਦੀ ਮੌਲੀ ਗੁੱਟ ਬਨ੍ਹ ਕੇ ਛੇਤੀਂ ਮੁੜਨ ਦੇ ਵਾਇਦੇ ਕਰਕੇ | ਪਰ ਇੱਕ ਮੁੱਦਤ ਹੋਈ ਮੁੜੇ ਨਾ ਓਹ ਜਿਓਂ ਭੁਲ੍ਹ ਗਏ ਸਭ ਵਾਇਦੇ ਓਹ ? ਹਰ ਰੋਜ਼, ਹੁਣ ਸਮੁੰਦਰ ਦੇ ਸਿਆਹ ਹੋਣ ਤਕ ਆਖ਼ਿਰੀ ਬਾਦਬਾਂ ਦੇ ਲੰਘ ਜਾਣ ਤਕ ਉਦਾਸ ਗੀਤ ਗਾਉਂਦੀਆਂ ਉਡੀਕਦੀਆਂ ਰਹਿੰਦੀਆਂ ਨੇ ਮਲਾਹਾਂ ਨੂੰ ਜਲ ਪਰੀਆਂ | ~ਸਮੁੰਦਰਾ~ |