.....ਅੌਰਤ ..... ਜਸਬੀਰ ਸਿੰਘ ਸੰਧੂ .....

ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ'ਤੇ ਮਨ ਨੂੰ ਛੂਹ ਜਾਣ ਵਾਲੀ ਇੱਕ ਰਚਨਾ ਜਸਬੀਰ ਸਿੰਘ ਸੰਧੂ ਜੀ ਦੀ ਕਲਮ ਤੋਂ ਦੋਸਤੋ

ਕਦੇ ਕਿਸ਼ਤੀ, ਕਦੇ ਦਰਿਆ, ਕਦੇ ਪਤਵਾਰ ਹੈ ਔਰਤ,
ਕਦੇ ਸਾਗਰ, ਕਦੇ ਕੰਢਾ, ਕਦੇ ਮੰਝਧਾਰ ਹੈ ਔਰਤ !
***
ਕਦੇ ਝਾਂਸੀ, ਕਦੇ ਚੰਡੀ, ਕਦੇ ਬੇਜ਼ਾਰ ਹੈ ਔਰਤ,
ਕਦੇ ਹੌਕਾ, ਕਦੇ ਹੰਝੂ, ਕਦੇ ਲਲਕਾਰ ਹੈ ਔਰਤ !
***
ਕਦੇ ਸੁਰ ਹੈ, ਕਦੇ ਨਗਮਾ, ਕਦੇ ਫਨਕਾਰ ਹੈ ਔਰਤ,
ਨਵੇਂ ਦਿਨ ਦਾ ਨਵਾਂ ਚਿਹਰਾ, ਨਵਾਂ ਕਿਰਦਾਰ ਹੈ ਔਰਤ!
***
ਕਦੇ ਮੁਰਦੇ ਦੀ ਬੂ ਵਾਂਗੂੰ,ਹਵਾ ਦੀ ਮਹਿਕ ਖਾ ਜਾਵੇ,
ਕਦੇ ਪਰ ਗੁਲ, ਗੁਲਸ਼ਨ ਤੇ ਕਦੇ ਗੁਲਜ਼ਾਰ ਹੈ ਔਰਤ!
***
ਕਦੇ ਜੁਗਨੂੰ, ਕਦੇ ਦੀਪਕ, ਕਦੇ ਚੰਨ ਹੈ,ਕਦੇ ਤਾਰਾ,
ਕਦੇ ਪਰ ਅੱਗ ਦਾ ਇਕ ਦਹਿਕਦਾ ਅੰਗਿਆਰ ਹੈ ਔਰਤ!
***
ਕਦੇ ਬੇਬਸ ਨਹੀਂ ਹੁੰਦੀ, ਕਿਸੇ ਜ਼ੰਜ਼ੀਰ ਵਿਚ ਬੰਨ੍ਹੀ,
ਕਦੇ ਮਮਤਾ ਦੇ ਧਾਗੇ ਵਿਚ ਵੀ ਲਾਚਾਰ ਹੈ ਔਰਤ !
***
ਕਦੇ ਜੀਵਨ ਦੇ ਕਾਗਜ਼ ਤੇ ਖੁਸ਼ੀ ਦੀ ਮੋਹਰ ਲਾ ਦੇਵੇ,
ਕਦੇ ਹੈ ਜਿਤ ਦਾ ਦਾਅਵਾ, ਕਦੇ ਪਰ ਹਾਰ ਹੈ ਔਰਤ !
***
ਕਦੇ ਫਿਤਨਾ, ਕਦੇ ਫ਼ਤਵਾ, ਕਦੇ ਫੁਰਮਾਨ ਬਣ ਜਾਵੇ,
ਕਦੇ ਵਰਦਾਨ ਬਣ ਜਾਵੇ, ਕਦੇ ਫਿਟਕਾਰ ਹੈ ਔਰਤ!
***
ਬਿਨਾਂ ਬੰਦੇ ਤੋਂ ਹਸਤੀ ਏਸਦੀ, ਸਾਂਵੀਂ ਨਹੀਂ ਹੁੰਦੀ,
ਤੇ ਹਰ ਬੰਦੇ ਦੇ ਸਾਹਵਾਂ ਦੀ, ਬਣੀ ਮੁਖਤਾਰ ਹੈ ਔਰਤ !
***
ਕਦੇ ਗਿੱਧਾ, ਕਦੇ ਕਿਕਲੀ, ਕਦੇ ਜਾਗੋ, ਕਦੇ ਜੁਗਨੀ,
ਕਦੇ ਹੈ ਹੇਕ ਗੀਤਾਂ ਦੀ, ਕਦੇ ਝਨਕਾਰ ਹੈ ਔਰਤ!
***
ਉਦੋਂ ਫਿਰ ਮੂੰਹ ਲੁਕਾਵਣ ਦੀ, ਜਗ੍ਹਾ ਲਭਦੀ ਨਹੀਂ ਮੈਨੂੰ,
ਕਿਸੇ ਬਾਰੇ ਜਦੋਂ ਸੁਣਦਾਂ ਕਿ ਇਹ ਬਦਕਾਰ ਹੈ ਔਰਤ!
***
ਕਦੇ ਚੂੜੀ, ਕਦੇ ਚੁੰਨੀ, ਕਦੇ ਮੌਲੀ, ਕਦੇ ਮਹਿੰਦੀ,
ਸਿਰੋਂ ਨੰਗੀ, ਕਦੇ ਬੇਬੱਸ ਤੇ ਬੇਜ਼ਾਰ ਹੈ ਔਰਤ!
***
ਕਦੇ ਕਤਰਾ, ਕਦੇ ਸਾਗਰ, ਕਦੇ ਕਿਣਕਾ, ਕਦੇ ਪਰਬਤ,
ਕਦੇ ਪਰਜਾ, ਕਦੇ ਨੇਤਾ, ਕਦੇ ਸਰਕਾਰ ਹੈ ਔਰਤ!