ਨੌਜਵਾਨ ਕੁੜੀਓ ! ਤੁਹਾਡੇ ਗ਼ੌਰ ਕਰਨ ਲਈ ਛੋਟੀ ਬਹਿਰ ਦੀ ਵਿਸ਼ੇਸ ਗ਼ਜ਼ਲ

kvita.jpgਗ਼ਜ਼ਲ ਅਮਰ 'ਸੂਫੀ'

ਅਪਣਾ ਆਪ ਸੰਭਾਲ ਕੁੜੇ।
ਸੁੱਚੇ ਰਿਸ਼ਤੇ ਪਾਲ ਕੁੜੇ।

ਹੁਸਨ ਲੁਟੇਰੇ ਥਾਂ ਥਾਂ 'ਤੇ,
ਸੁੱਟੀ ਬੈਠੇ ਜਾਲ ਕੁੜੇ।

ਪੂਰੇ ਘਰ ਦੀ ਇੱਜ਼ਤ ਹੈ,
ਚੁੰਨੀ ਰੱਖ ਸੰਭਾਲ ਕੁੜੇ।

ਤਕ ਉਨ੍ਹਾਂ ਦੀ ਨੀਅਤ ਜੋ,
ਤੈਨੂੰ ਦੱਸਣ 'ਮਾਲ' ਕੁੜੇ।

ਮੋਹ ਦੀ ਇਕ ਪਿਆ ਕੇ ਚੂਲੀ,
ਦਿੰਦੇ ਜਿਸਮ ਹੰਘਾਲ ਕੁੜੇ।

ਜਿੰਨ੍ਹਾਂ ਨੂੰ ਤੂੰ ਅਪਣਾ ਸਮਝੇਂ,
ਉਹ ਹੀ ਕਰਨ ਹਲਾਲ ਕੁੜੇ।

ਪਿਆਰ ਖਜ਼ਾਨਾ ਸਾਂਭੀ ਰੱਖ,
ਹੋ ਨ ਬਹੀਂ ਕੰਗਾਲ ਕੁੜੇ।

ਮੂੰਹ ਦੇ ਮਿੱਠੇ, ਮਨ ਦੇ ਕਾਲੇ,
ਤਨ ਦੇ ਫਿਰਨ ਦਲਾਲ ਕੁੜੇ।

ਦਾਗ਼ੀ ਕਰ ਬਾਗ਼ੀ ਹੋ ਜਾਂਦੇ,
ਮੁੜ ਨਾ ਪੁੱਛਣ ਹਾਲ ਕੁੜੇ।

ਜੀਵਨ ਤਾਰ ਹਿਲਾ ਐਪਰ,
ਹੋਈਂ ਨਾ ਬੇਤਾਲ ਕੁੜੇ।

ਮੋਹ ਦੀ ਪੂਣੀ ਕੱਤੀਂ ਤੂੰ,
ਪਿਆਰ ਚਰਖੜੇ ਨਾਲ ਕੁੜੇ।

ਹੁਸਨ ਜਵਾਨੀ ਸੁੱਚਾ ਗਹਿਣਾ,
ਮਿਲਦਾ ਕਿਸਮਤ ਨਾਲ ਕੁੜੇ।

ਹਰ ਇਕ ਬੋਦੀ ਰੀਤ ਬਦਲ,
ਜੋ ਖਾਧੀ ਜੰਗਾਲ ਕੁੜੇ।

ਸੀਨੇ ਦੇ ਵਿਚ ਸਾਂਭੀ ਰੱਖ,
ਸਾਗਰ ਵਰਗਾ ਉਬਾਲ ਕੁੜੇ।

ਜਬਰ ਵਿਰੁੱਧ ਹਮੇਸ਼ਾਂ ਤੂੰ,
ਖੜ੍ਹ 'ਜੀਂ ਬਣ ਕੇ ਢਾਲ ਕੁੜੇ।

ਅੰਬਰ ਵਰਗੀ ਰੱਖੀ ਸੋਚ,
ਪੈਰੀਂ ਰੱਖ ਭੁਚਾਲ ਕੁੜੇ।

ਤਕੜੀ ਹੋ ਕੇ ਕਦਮ ਵਧਾ,
'ਸੂਫ਼ੀ' ਤੇਰੇ ਨਾਲ ਕੁੜੇ।
....................................