ਤੀਆਂ ਤੋਂ ਰੱਖੜੀ ਤੱਕ ਦਾ ਪੰਜਾਬ
2326825__a2.jpgਪੰਜਾਬ ਦੇ ਦੇਸੀ ਮਹੀਨਿਆਂ ਵਿਚ ਸਾਉਣ (ਸਾਵਣ) ਦਾ ਮਹੀਨਾ ਇਕ ਵੱਖਰੀ ਤਬੀਅਤ ਦਾ ਮਹੀਨਾ ਹੁੰਦਾ ਹੈ, ਜਿਸ ਨਾਲ ਪੰਜਾਬੀਆਂ ਦੇ ਬਹੁ-ਅਨੁਭਵੀ ਚਾਅ-ਮਲਾਰ ਜੁੜੇ ਹੋਏ ਹਨ | ਜੇਠ-ਹਾੜ ਦੀਆਂ ਤਪਦੀਆਂ ਲੂਆਂ ਤੇ ਭਖਦੇ ਤੰਦੂਰ ਵਰਗੇ ਤਪਸ਼ੀ ਦਿਨਾਂ ਤੋਂ ਬਾਅਦ ਜਦ ਬੱਦਲਾਂ ਦੀਆਂ ਠੰਢੀਆਂ ਮਿੱਠੀਆਂ ਫੁਹਾਰਾਂ ਧਰਤੀ ਤੱਕ ਪਹੁੰਚਦੀਆਂ ਹਨ ਤਾਂ ਇਕ ਅਲੌਕਿਕ ਸੁਖਾਵਾਂ ਵਾਤਾਵਰਨ ਸਿਰਜਿਆ ਜਾਂਦਾ ਹੈ |

ਵਰਖਾ ਦੀਆਂ ਇਹ ਰਹਿਮਤਾਂ ਜਿਸਮਾਂ ਨੂੰ ਤਾਂ ਧੁਰ ਅੰਦਰ ਤੱਕ ਤਿ੍ਪਤੀ ਬਖਸ਼ਦੀਆਂ ਹੀ ਹਨ, ਇਹ ਉਪਜੀਵਕਾ ਦੇ ਸਾਧਨਾਂ 'ਚ ਵੀ ਵੱਡਾ ਰੋਲ ਅਦਾ ਕਰਦੀਆਂ ਹਨ | ਪੰਜਾਬ ਦੀ ਸੰਭਾਵਨਾਵਾਂ-ਭਰਪੂਰ, ਜਰਖੇਜ਼ ਧਰਤੀ ਇੰਜ ਮੌਲਦੀ ਹੈ ਜਿਵੇਂ ਨਵ-ਵਿਆਹੀ ਨਵੇਂ ਵਸਤਰਾਂ ਵਿਚ, ਗਹਿਣਿਆਂ-ਲੱਦੀ, ਮਹਿਕਦੀ-ਚਹਿਕਦੀ-ਟਹਿਕਦੀ, ਪੱਬ ਭੁੰਜੇ ਨਹੀਂ ਲਾਉਂਦੀ | ਜਿਵੇਂ ਸਿਰਜਣਾ-ਪ੍ਰਕਿਰਿਆ ਵਿਚ ਸੁਆਣੀ ਦਾ ਮੱਥਾ ਨੂਰੋ-ਨੂਰ ਹੁੰਦਾ ਹੈ | ਧਰਤੀ ਹੀ ਨਹੀਂ, ਆਸਮਾਨ ਵੀ ਪੁਰ-ਜਲੌਅ ਹੁੰਦਾ ਹੈ | ਉਹ ਅਕਾਸ਼ ਜਿੱਥੇ ਪੰਜਾਬੀਆਂ ਦਾ ਰੱਬ ਵੱਸਦੈ, ਸਵੇਰ ਤੋਂ ਸ਼ਾਮ ਤੱਕ ਕਈ ਰੰਗ-ਰੂਪ ਬਦਲਦੈ, ਦਿ੍ਸ਼ਟ-ਇੰਦਰੀਆਂ ਨੂੰ ਤਿ੍ਪਤ ਕਰਦੈ | ਕਾਲੇ-ਸਿਆਹ ਬੱਦਲਾਂ ਵਿਚ ਚਮਕਦੀਆਂ ਚਾਂਦੀ-ਰੰਗੀਆਂ ਬਿਜਲੀ ਦੀਆਂ ਤਾਰਾਂ ਕਿਆ ਇਲਾਹੀ ਨਜ਼ਾਰਾ ਬੰਨ੍ਹਦੀਆਂ ਹਨ | ਚਮਕਣ ਦੇ ਤਲਿਸਮੀ ਝਲਕਾਰਿਆਂ ਦੇ ਨਾਲ ਜਦ ਗੜ-ਗੜ ਕਰਦੀ ਗਰਜਾਹਟ ਮਿਲਦੀ ਹੈ ਤਾਂ ਮਨ-ਮਸਤਕ ਵਿਸਮਾਦੀ ਹੋ ਉਠਦੈ | ਅਕਾਸ਼ੋਂ ਵਰ੍ਹਦੀਆਂ ਕਣੀਆਂ ਜਦ ਧਰਤੀ 'ਤੇ ਡਿੱਗਦੀਆਂ ਹਨ ਤਾਂ ਡਿੱਗਣ ਵਾਲੀ ਵਸਤੂ ਦੇ ਅਨੁਸਾਰ ਕਈ ਕਿਸਮ ਦੀਆਂ ਸੰਗੀਤਕ ਲੈਆਂ ਪੈਦਾ ਕਰਦੀਆਂ ਹਨ | ਸਹਿਜ-ਭਾ ਡਿੱਗਦੀਆਂ ਫੁਹਾਰਾਂ ਦੀ ਲੈਅ ਹੋਰ ਅਤੇ ਤਾਬੜ-ਤੋੜ ਮੂਸਲਾਧਾਰ ਬਾਰਸ਼ ਦੀ ਹੋਰ | ਕਣੀਆਂ ਦਾ ਆਪਣਾ ਰਾਗ, ਪ੍ਰਣਾਲਿਆਂ ਦਾ ਆਪਣਾ | ਖਾਣ-ਪੀਣ, ਸੁੰਘਣ, ਦੇਖਣ ਅਤੇ ਮਹਿਸੂਸ ਕਰਨ ਦੀਆਂ ਸਭੋ ਇੰਦਰੀਆਂ ਤਿ੍ਪਤ ਹੋ ਹੋ ਜਾਂਦੀਆਂ ਹਨ |
ਇਸ ਸਮੇਂ ਦੌਰਾਨ ਜਿੱਥੇ ਕੁਦਰਤ ਆਪਣੇ ਰਹੱਸਮਈ ਸੰਸਾਰ ਵਿਚੋਂ ਕਈ ਨੇਹਮਤਾਂ ਪ੍ਰਦਾਨ ਕਰਦੀ ਹੈ, ਉਥੇ ਪੰਜਾਬੀ ਵੀ ਕੁਦਰਤ ਸੰਗ ਹੇਲ-ਮੇਲ ਹੋਣ ਵਿਚ ਕੋਈ ਕਸਰ ਨਹੀਂ ਛੱਡਦੇ, ਖਾਸ ਤੌਰ 'ਤੇ ਪੰਜਾਬਣਾਂ | ਪੰਜਾਬਣਾਂ ਨੇ ਸਾਉਣ ਦੇ ਮਹੀਨੇ ਵਿਚ ਰਲ ਬੈਠਣ ਅਤੇ ਖੁਸ਼ੀਆਂ ਮਨਾਉਣ ਲਈ ਰਿਸ਼ਤੇਦਾਰੀਆਂ ਦੇ ਮੋਹ-ਮੱਤੇ ਮੌਕੇ ਸੰਜੋਅ ਰੱਖੇ ਹਨ | ਅੱਜ ਦੇ ਕਾਰੋਬਾਰੀ-ਕੇਂਦਰਿਤ, ਗਲੋਬਲ ਸੰਸਾਰ ਨੂੰ ਦੇਣ ਲਈ ਜੇ ਪੰਜਾਬੀ ਵਿਰਾਸਤ ਕੋਲ ਕੁਝ ਹੈ ਤਾਂ ਉਹ ਹੈ ਪਰਿਵਾਰ- ਪ੍ਰਤੀਬੱਧਤਾ ਅਤੇ ਰਿਸ਼ਤੇਦਾਰੀਆਂ ਕਾਇਮ ਰੱਖਣ ਅਤੇ ਨਿਭਾਉਣ ਦੀ ਪਰੰਪਰਾ; ਆਪਸੀ ਮੋਹ-ਪਿਆਰ ਦੀਆਂ ਪੀਡੀਆਂ ਗੰਢਾਂ ਅਤੇ ਨਰੋਈਆਂ ਤੰਦਾਂ | ਇਸ ਦੀ ਮਿਸਾਲ ਹੈ ਸਾਉਣ ਮਹੀਨੇ ਵਿਚ ਮਨਾਏ ਜਾਂਦੇ ਦੋ ਤਿਉਹਾਰ ਜੋ ਮੁੱਖ ਤੌਰ 'ਤੇ ਔਰਤਾਂ ਨਾਲ ਸੰਬੰਧਤ ਹਨ: ਤੀਆਂ ਅਤੇ ਰੱਖੜੀ |
ਔਰਤ ਹਰ ਸਮਾਜ ਵਿਚ ਹੀ ਆਪਸੀ ਸਬੰਧਾਂ ਦੀ ਮਹਿਕ ਕਾਇਮ ਰੱਖਣ ਵਿਚ ਮਹੱਤਵਪੂਰਨ ਰੋਲ ਅਦਾ ਕਰਦੀ ਰਹੀ ਹੈ | ਸਮਾਜ ਵਿਚਲੇ ਖੂੁਨ ਦੇ ਸਾਰੇ ਰਿਸ਼ਤੇ ਜਨਨੀ ਤੋਂ ਹੀ ਬਣਦੇ-ਵਿਗਸਦੇ ਹਨ | ਜਨਮ ਦਾਤੀ ਹੀ ਰਿਸ਼ਤਿਆਂ ਦਾ ਪੰਘੂੜਾ ਅਤੇ ਪ੍ਰਤੀ-ਪਾਲਕ ਹੈ | ਪੰਜਾਬੀਆਂ ਨੇ ਹਮੇਸ਼ਾਂ ਹੀ ਧੀ-ਭੈਣ ਦੇ ਰਿਸ਼ਤੇ ਨੂੰ ਪਾਕ-ਪਵਿੱਤਰ ਰਿਸ਼ਤਾ ਗਿਣਿਆ ਹੈ | ਰਿਸ਼ਤਿਆਂ ਪੱਖੋਂ ਅਜੋਕੇ ਧੁੰਦੂਕਾਰੇ ਵਾਲੇ ਵਰਤਾਰਿਆਂ ਨੂੰ ਕੇਂਦਰ ਵਿਚ ਰੱਖ ਕੇ ਵੇਖਦਿਆਂ, ਇਹ ਅਹਿਸਾਸ ਨਿੱਤਰ ਆਉਂਦੇ ਹਨ ਕਿ ਪੰਜਾਬੀ ਸਮਾਜ ਮੁੱਖ ਤੌਰ 'ਤੇ ਹਯਾਈ ਮਰਿਆਦਾਵਾਂ ਕਾਇਮ ਰੱਖਣ ਵਾਲਾ ਸਮਾਜ ਹੈ | ਇਹ ਅਜਿਹਾ ਸਮਾਜ ਹੈ ਜਿਸ ਵਿਚ ਕੇਂਦਰੀ ਧੁਰੇ ਤੇ ਫਰਾਇਡੀਅਨ ਮਨੋ-ਵੇਗ ਅਤੇ ਮਨੋ-ਬਿਰਤੀਆਂ ਨਹੀਂ ਸਗੋਂ ਸਮਰਪਣ ਅਤੇ ਸ਼ਰਹ; ਪਾਕੀਜ਼ਗੀ ਅਤੇ ਪਵਿੱਤਰਤਾ; ਉੱਚਤਮ ਅਤੇ ਸੁੱਚਤਮ ਦੇ ਅਹਿਸਾਸ ਹਨ | ਪੰਜਾਬਣ ਦੇ ਮਨ ਵਿਚ ਵੀ ਕੰਤ-ਕਲੋਲ ਅਤੇ ਮਾਹੀ-ਮਿਲਣ ਦੇ ਅਨੇਕਾਂ ਚਾਵ-ਭਾਵ ਉੱਸਲਵੱਟੇ ਤਾਂ ਲੈਂਦੇ ਹਨ, ਪਰ ਉਸ ਲਈ ਬਾਬਲ ਦੀ ਇੱਜ਼ਤ, ਅੰਬੜੀ ਦਾ ਵਿਹੜਾ, ਚਾਚੇ-ਤਾਏ ਦੀਆਂ ਮੋਹ-ਪਿਆਰ ਦੀਆਂ ਤੰਦਾਂ, ਆਪਣੇ ਖੇਤਾਂ ਦੀ ਖੁਸ਼ਹਾਲੀ ਅਤੇ ਆਪਣੇ ਪਿੰਡ ਦੇ ਜੂਹਾਂ-ਬੇਲਿਆਂ ਦੀਆਂ ਅਦਭੁਤ ਖਿੱਚਾਂ, ਵੱਧ ਮਹੱਤਵਪੂਰਨ ਹਨ | ਇਹੀ ਵਜ੍ਹਾ ਹੈ ਕਿ ਪਹਿਲੇ ਸਮਿਆਂ ਵਿਚ ਵਿਆਹ ਤੋਂ ਬਾਅਦ ਸਖੀਆਂ ਸਹੇਲੀਆਂ, ਚਾਚੀਆਂ-ਤਾਈਆਂ, ਭਰਾ-ਭਰਜਾਈਆਂ ਏਥੋਂ ਤੱਕ ਕਿ ਮੱਝੀਆਂ-ਗਾਈਆਂ ਯਾਦਾਂ ਵਿਚ ਆਉਂਦੀਆਂ ਸਨ ਅਤੇ ਪੇਕਾ ਪਿੰਡ ਸੈਨਤਾਂ ਹੀ ਨਹੀਂ ਸੀ ਮਾਰਦਾ, ਕੂਕ ਕੂਕ ਕੇ ਪੁਕਾਰਦਾ ਸੀ | ਖਾਸ ਤੌਰ 'ਤੇ ਸਾਉਣ ਦੇ ਦਿਨਾਂ ਵਿਚ.
ਸਾਉਣ ਮਹੀਨਾ ਆਉਣ ਤੋਂ ਪਹਿਲਾਂ ਪਿੰਡ ਦੀ ਕੀ ਕੁਆਰੀ ਤੇ ਕੀ ਵਿਆਹੀ, ਕੀ ਬੇਬੇ ਤੇ ਕੀ ਬੀਬੀ, ਸਭ ਦੁਪਹਿਰ ਵੇਲੇ ਗਰਮੀ ਤੋਂ ਬਚਣ ਲਈ, ਹਵਾ-ਵਾਰੇ, ਪਿੰਡ ਦੇ ਬਾਹਰ ਵੱਲ, ਕਿਸੇ ਰੁੱਖ ਦੀ ਝੰਗੀ ਥੱਲੇ ਆ ਡੇਰੇ ਲਾਉਂਦੀਆਂ ਸਨ | ਕੋਈ ਚਰਖਾ ਡਾਹ ਲੈਂਦੀ, ਕੋਈ ਅਟੇਰਨ 'ਤੇ ਕੰਮ ਕਰਨ ਲੱਗਦੀ, ਕੋਈ ਪੱਖੀ ਬੁਣਨ ਲੱਗਦੀ, ਕੋਈ ਛੱਜ ਛੱਟਣ ਲੱਗਦੀ, ਕੋਈ ਫੁੱਲਕਾਰੀ 'ਤੇ ਫੁੱਲ-ਬੂਟੇ ਪਾਉਣ ਲੱਗਦੀ | ਵਿਚੇ ਹੀ ਦੁੱਖ-ਸੁੱਖ ਫੋਲੇ ਜਾਂਦੇ, ਚੁਗਲੀ-ਬੁਖਾਲੀ ਵੀ ਹੋ ਜਾਂਦੀ | ਵਿਚੋਂ ਹੀ ਕੋਈ ਜਣੀ ਗੀਤ ਗੁਣਗੁਣਾਉਣ ਲੱਗਦੀ, ਕੋਈ ਹੋਰ ਨਾਲ ਆਵਾਜ਼ ਰਲਾ ਦਿੰਦੀ | ਚਰਖੇ ਦੀ ਘੂਕਰ ਰੁੱਕ ਜਾਂਦੀ, ਸੂਈ ਫੁਲਕਾਰੀ ਦੇ ਵਿਚੇ ਖੁੱਭੀ ਰਹਿ ਜਾਂਦੀ | ਕੋਈ ਮਾਂਗਾ ਮਾਰਨ ਲੱਗਦੀ ਤੇ ਕੋਈ ਉੱਠ ਕੇ ਗਿੱਧਾ ਪਾਉਣ ਲੱਗਦੀ | ਹੌਲੀ-ਹੌਲੀ ਪਿੜ ਬੱਝ ਜਾਂਦਾ | ਗਿੱਧਾ ਮਘ ਉੱਠਦਾ | ਗੋਡਿਆਂ-ਗਿੱਟਿਆਂ ਤੱਕ ਜਿਸਮ ਪਸੀਨੋ-ਪਸੀਨੀ ਹੋ ਜਾਂਦੇ | ਕੋਈ ਹਿੰਮਤੀ ਕੁੜੀ ਪਿੰਡ ਦੇ ਕਿਸੇ ਲੰਘਦੇ-ਜਾਂਦੇ ਨੂੰ ਪੀਂਘ ਪਾਉਣ ਦਾ ਤਰਲਾ ਕਰਦੀ | ਅਗਲਾ ਤਾਂ ਦੌੜਿਆ ਆਉਂਦਾ ਤੇ ਕਿਸੇ ਮਜ਼ਬੂਤ ਟਾਹਣੇ 'ਤੇ ਪੀਂਘ ਪਾ ਦਿੰਦਾ | ਕਿਆ ਨਜ਼ਾਰਾ ਬੱਝਦਾ! ਕੁਦਰਤ ਦੀ ਗੋਦ ਵਿਚ ਪੀਂਘ ਝੂਟਣਾ ਕਿਸੇ ਮਾੜੀ-ਮੋਟੀ ਦਾ ਕੰਮ ਥੋੜ੍ਹਾ ਹੁੰਦੈ! | ਟਾਹਣੀਆਂ ਨੂੰ ਪੈਰ ਲਾਉਣ, ਮੂੰਹ ਨਾਲ ਪੱਤੇ ਤੋੜ ਲਿਆਉਣ ਜਾਂ ਇਕ ਹੱਥ ਨਾਲ ਪੱਤੇ ਤੋੜ ਲਿਆਉਣ ਦੇ ਮੁਕਾਬਲੇ ਚੱਲ ਪੈਂਦੇ | ਚੁੰਨੀਆਂ ਉੱਡ-ਪੁੱਡ ਜਾਂਦੀਆਂ, ਗੁੱਤਾਂ ਨਾਗਣਾਂ ਬਣ ਜਾਂਦੀਆਂ | ਮਨ ਹੋਰ ਉੱਚਾ, ਹੋਰ ਉੱਚਾ, ਕਿਤੇ ਦੂਰ-ਦੁਰੇਡੇ ਪਹੁੰਚ ਜਾਣਾ ਲੋਚਦਾ | ਸਿਆਣੀ ਉਮਰ ਦੀਆਂ ਔਰਤਾਂ ਉੱਚੀ ਉੱਚੀ ਡਰਾਵੇ ਦਿੰਦੀਆਂ, ਜਵਾਨੀ ਹੋਰ ਚਾਂਭਲਦੀ | ਓਧਰੋਂ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ | ਪੀਘਾਂ ਝੂਟਣ ਵਾਲੀਆਂ ਦੀਆਂ ਵਾਰੀਆਂ ਨਾ ਟੁੱਟਦੀਆਂ | ਓਧਰੋਂ ਫੁਹਾਰ ਆਣ ਲੱਥਦੀ | ਸਿਆਣੀ ਉਮਰ ਦੀਆਂ ਆਪਦਾ ਸਾਜ਼ੋ-ਸਾਮਾਨ ਲੈ ਘਰੀਂ ਪਹੁੰਚਦੀਆਂ | ਅੱਲ੍ਹੜਾਂ ਨੂੰ ਪਹਿਲੇ-ਪਹਿਲੇ ਮੀਂਹ ਵਿਚ ਭਿੱਜਣਾ ਚੰਗਾ-ਚੰਗਾ ਲੱਗਦਾ |
ਸਹੁਰੇ ਪਿੰਡ ਜਾ ਕੇ ਅਜਿਹੀਆਂ ਯਾਦਾਂ ਆਉਂਦੀਆਂ ਵੀ ਤੇ ਸਤਾਉਂਦੀਆਂ ਵੀ | ਖਾਸ ਤੌਰ 'ਤੇ ਸ਼ੁਰੂ-ਸ਼ੁਰੂ ਵਿਚ | ਇਸ ਲਈ ਮਾਪੇ ਕੁੜੀ ਨੂੰ ਥੋੜ੍ਹੇ ਥੋੜੇ ਸਮੇਂ ਬਾਦ ਪਿੰਡ ਲੈ ਆਉਂਦੇ | ਤੀਆਂ ਦੇ ਦਿਨਾਂ ਵਿਚ ਤਾਂ ਉਚੇਚੇ ਤੌਰ 'ਤੇ ਪਿਤਾ ਜਾਂ ਭਰਾ ਕੁੜੀ ਨੂੰ ਲੈਣ ਜਾਂਦਾ | ਖਾਲੀ ਹੱਥੀਂ ਤਾਂ ਧੀ-ਭੈਣ ਕੋਲ ਕਦੀ ਵੀ ਨਹੀਂ ਸੀ ਜਾਣਾ ਹੁੰਦਾ | ਬਾਪ ਜਾਂ ਭਰਾ ਕੱਪੜਾ-ਲੱਤਾ, ਫਲ-ਫਰੂਟ ਅਤੇ ਮਿਠਿਆਈ ਵਗੈਰਾ ਜ਼ਰੂਰ ਲੈ ਕੇ ਜਾਂਦਾ | ਸਹੁਰੇ ਜਦੋਂ ਲੈਣ ਆਉਂਦੇ ਉਹ ਵੀ ਘੱਟ ਨਾ ਕਰਦੇ | ਖਾਸ ਤੌਰ ਤੇ ਪਹਿਲੀ ਵਾਰ ਤਾਂ ਕਿੰਨਾਂ ਕੁਝ ਲੈ ਕੇ ਆਉਂਦੇ, ਜਿਸ ਨੂੰ ਪੜੇ੍ਹ-ਲਿਖੇ ਲੋਕ 'ਸੰਧਾਰਾ' ਆਖਦੇ ਹਨ | ਪੁਰਾਣੀਆਂ ਬੀਬੀਆਂ ਉਨ੍ਹਾਂ ਨੂੰ ਸਾਉਣ ਦੇ ਨਾਂਅ ਤੇ 'ਸਾਂਵਾੇ' ਹੀ ਕਹਿੰਦੀਆਂ ਸਨ | ਇਨ੍ਹਾਂ ਸਾਵਿਆਂ ਦਾ ਖਾਸ ਤੌਰ 'ਤੇ ਛੋਟੇ ਪਿੰਡਾਂ ਵਿਚ ਬੜਾ ਚਾਅ ਚੜਿ੍ਹਆ ਹੁੰਦਾ ਸੀ | ਸਹੁਰਿਆਂ ਨੇ ਕੁੜੀ ਲਈ ਅਤੇ ਉਸ ਦੇ ਪਰਿਵਾਰ ਲਈ ਤਾਂ ਕੱਪੜਾ-ਟਾਕੀ, ਗਹਿਣਾ-ਗੱਟਾ, ਫਲ-ਫਰੂਟ, ਮਠਿਆਈ ਵਗੈਰਾ ਲਿਆਉਣੀ ਹੀ ਹੁੰਦੀ ਸੀ, ਸਾਰੇ ਪਿੰਡ ਵਿਚ ਜਾਂ ਭਾਈਚਾਰੇ ਵਿਚ ਵੰਡਣ ਲਈ ਵੀ ਕੁਝ ਨਾਂ ਕੁਝ ਲੈ ਕੇ ਆਉਂਦੇ |
'ਸਾਵੇਂ' ਕਈ ਵਾਰੀ ਪਰਾਹੁਣਾ ਲੈ ਕੇ ਆਉਂਦਾ ਪਰ ਬਹੁਤੀ ਵਾਰ ਉਹਦੇ ਮਾਂ-ਪਿਉ ਵੀ ਆਣ ਢੁੱਕਦੇ | ਨਵੇਂ ਨਵੇਂ ਸਾਕਾਂ ਦੀ ਪਰਾਹੁਣਾਚਾਰੀ ਦਾ ਚਾਅ ਚੜ੍ਹ ਜਾਂਦਾ | ਸਾਉਣ ਵਿਚ ਘਾਹ-ਪੱਠਾ ਵਾਧੂ ਹੋਣ ਕਰਕੇ ਮੱਝੀਂ-ਗਾਈਾ ਵਲੋਂ ਚੋਖੇ ਦਿੱਤੇ ਦੁੱਧ ਦੀਆਂ ਖੀਰਾਂ ਬਣਨ ਲੱਗਦੀਆਂ, ਘਰ ਦੇ ਗੁੜ ਦੇ ਪੂੜੇ ਬਣਨ ਲੱਗਦੇ, ਗਰਮੀਆਂ ਵਿਚ ਦੁਪਹਿਰੇ ਆਪਣੇ ਹੱਥੀਂ ਵੱਟੀਆਂ ਸੇਵੀਆਂ ਰਿੱਝਣ ਲੱਗਦੀਆਂ | ਖੂਬ ਮਹਿਮਾਨ-ਨਿਵਾਜ਼ੀ ਹੁੰਦੀ | ਪਰਾਹੁਣੇ ਪਿੰਡ ਵਿਚ ਘੁੰਮਦੇ-ਫਿਰਦੇ, ਖੇਤਾਂ ਵਿਚ ਜਾਂਦੇ, ਹਰ ਕਿਸੇ ਦੇ ਵਾਕਫ ਬਣ ਬਣ ਬਹਿੰਦੇ.
ਪੇਕੇ ਪਿੰਡ ਤੀਆਂ ਦੇ ਮੌਕੇ 'ਤੇ ਉਚੇਚੇ ਤੌਰ 'ਤੇ ਆਈਆਂ ਕੁੜੀਆਂ ਇਕ-ਦੂਜੀ ਨੂੰ ਘੁੱਟ-ਘੁੱਟ ਕੇ ਮਿਲਦੀਆਂ | ਰਲ ਮਿਲ ਖੁੱਲ੍ਹੇ ਪਿੜਾਂ ਵਿਚ ਖੂਬ ਧਮੱਚੜ ਪਾਉਂਦੀਆਂ; ਰੁੱਖਾਂ ਤੇ ਪੀਘਾਂ ਝੂਟਦੀਆਂ, ਗਿੱਧੇ ਪਾਉਂਦੀਆਂ, ਗੀਤ ਗਾਉਂਦੀਆਂ, ਮਸ਼ਕਰੀਆਂ ਕਰਦੀਆਂ, ਇਕ-ਦੂਜੀ ਦੇ ਘਰ ਵਾਲੇ ਦਾ ਨਾਂਅ ਲੈ-ਲੈ ਮਖੌਲਾਂ ਕਰਦੀਆਂ, ਇਸ਼ਾਰਿਆਂ 'ਚ ਕਈ ਕੁਝ ਕਹਿੰਦੀਆਂ ਤੇ ਲੋਟ-ਪੋਟ ਹੋਈ ਜਾਂਦੀਆਂ | ਕੁਝ ਦਿਨਾਂ 'ਚ ਹੀ ਪੂਰਨਮਾਸ਼ੀ ਆ ਜਾਂਦੀ | ਸਵੇਰੇ ਸਵੇਰੇ ਨਹਾ-ਧੋ ਕੇ, ਵਾਹਿਗੁਰੂ-ਵਾਹਿਗੁਰੂ ਕਰਦੀਆਂ, ਸੁੱਚੇ ਮੂੰਹ ਆਪਣੇ ਵੀਰਾਂ ਨੂੰ ਰੱਖੜੀ ਬੰਨ੍ਹਦੀਆਂ ਤੇ ਮੂੰਹ ਮਿੱਠਾ ਕਰਾਉਂਦੀਆਂ | ਆਪਣੇ ਪਿਉ ਅਤੇ ਚਾਚੇ-ਤਾਇਆਂ ਨੂੰ ਵੀ ਰੱਖੜੀ ਬੰਨ੍ਹਦੀਆਂ, ਹੋਰ ਤਾਂ ਹੋਰ ਵੀਰ ਦੇ ਬਲਦਾਂ ਦੇ ਸਿੰਗਾਂ ਨੂੰ ਵੀ ਮੌਲੀ ਬੰਨ ਦਿੰਦੀਆਂ | ਸੁੱਖਣਾ ਮੰਗਦੀਆਂ | ਅਸੀਸਾਂ ਤੇ 'ਪਿਆਰ' ਪ੍ਰਾਪਤ ਕਰਦੀਆਂ | ਤੁਰਨ ਲੱਗਿਆਂ ਫਿਰ ਦੌੜ ਕੇ ਆਪਦੀਆਂ ਸਹੇਲੀਆਂ ਨੂੰ ਮਿਲਣ ਜਾਂਦੀਆਂ | ਕਈ ਸਹੇਲੀਆਂ ਤਾਂ ਉਨ੍ਹਾਂ ਨੂੰ ਪਿੰਡ ਦੀ ਜੂਹ ਤੱਕ ਤੋਰਣ ਆਉਂਦੀਆਂ | ਬੜੀ ਹਸਰਤ ਨਾਲ ਪਿਛਾਂਹ ਨੂੰ ਵੇਖਦੀਆਂ, ਹਉਕਾ ਜਿਹਾ ਭਰਦੀਆਂ ਤੇ ਮੂੰਹੋਂ ਬਿਰਕਦੀਆਂ, 'ਮੁੜ ਫਿਰ/ਪਿੰਡ ਆਂਵਾਂਗੇ, ਵਰ੍ਹੇ ਦਿਨਾਂ ਨੂੰ ਫੇਰ |'
ਉਨ੍ਹਾਂ ਦੀ ਜਾਣੇ ਬਲ੍ਹਾ ਸੁਦੀਆਂ ਕੀ ਹੁੰਦੀਆਂ ਨੇ ਤੇ ਵਦੀਆਂ ਕੀ ਹੁੰਦੀਆਂ ਨੇ | ਉਹ ਤਾਂ ਬੱਸ ਇਹ ਜਾਣਦੀਆਂ ਸਨ : 'ਕੁੜੀਓ ਆ ਜਾਓ ਨੀ, ਸਾਉਣ ਸੈਨਤਾਂ ਮਾਰੇ' | ਉਹ ਤਾਂ ਇਹ ਜਾਣਦੀਆਂ ਸਨ ਕਿ ਸਾਉਣ ਸਾਂਝਾਂ ਦਾ ਮਹੀਨਾ ਹੈ | ਆਪਣਿਆਂ ਮੁੱਢਾਂ ਨਾਲ ਜੁੜਣ ਦਾ ਮਹੀਨਾ ਹੈ | ਕਈ ਵਾਰ ਟਾਈਮ ਹੋਵੇ ਤਾਂ ਸਾਰਾ ਸਾਉਣ ਹੀ ਰਹਿ ਜਾਂਦੀਆਂ ਤੇ ਕਈ ਵਾਰੀ ਜੇ ਟਾਈਮ ਨਾ ਹੋਵੇ ਤਾਂ ਵੀਰ ਨੂੰ ਪਹਿਲਾਂ ਹੀ ਰੱਖੜੀ ਬੰਨ੍ਹ ਵਿਦਿਆ ਹੋ ਜਾਂਦੀਆਂ | ਉਨ੍ਹਾਂ ਦੀਆਂ ਤਾਂ ਮਾਵਾਂ-ਦਾਦੀਆਂ-ਨਾਨੀਆਂ ਨੂੰ ਵੀ ਨਹੀਂ ਸੀ ਪਤਾ ਕਿ ਸੁਖਣਾਂ-ਲੱਧਾ ਧਾਗਾ ਜੋ ਉਹ ਬੰਨ੍ਹਦੀਆਂ ਸਨ ਉਸਨੂੰ 'ਰਾਖੀ' ਜਾਂ 'ਰਕਸ਼ਾ-ਬੰਧਨ' ਕਹਿੰਦੇ ਨੇ | ਅਖੇ ਜੀ ਰਾਖੀ ਬੰਨ੍ਹਣ ਦਾ ਮਤਲਬ ਹੈ ਕਿ ਵੀਰ ਭੈਣਾਂ ਦੀ ਰਾਖੀ ਕਰਨਗੇ | ਬੰਦਾ ਪੁੱਛੇ ਭਰਾਵਾਂ, ਮਾਂ-ਪਿਉ, ਚਾਚੇ-ਤਾਇਆਂ ਨੇ ਰਾਖੀ ਭਲਾ ਰੱਖੜੀ ਬੰਨਿ੍ਹਆਂ ਹੀ ਕਰਣੀ ਸੀ! ਤੁਰਨ ਲੱਗਿਆਂ ਆਪਣੇ ਮੁੱਢ ਨੂੰ 'ਰੱਬ ਦੀਆਂ ਰੱਖਾਂ' ਦਾ ਧਾਗਾ ਬੰਨ੍ਹਣਾ ਤਾਂ ਆਪਣੀਆਂ ਭਾਵਨਾਵਾਂ ਨੂੰ ਕਿਸੇ ਸਥੂਲ ਵਸਤੂ ਰਾਹੀਂ ਦਰਸਾਉਣ ਬਰੋਬਰ ਸੀ | ਮਹੱਤਵਪੂਰਨ ਤਾਂ ਆਪਦੀ ਪੇਕੇ-ਭੌਇੰ ਲਈ ਕੀਤੀਆਂ ਜਾਂਦੀਆਂ ਅਰਦਾਸਾਂ ਹੀ ਸਨ |
ਰੱਬ ਖੈਰ ਕਰੇ! ਤੀਆਂ ਲੱਗਦੀਆਂ ਰਹਿਣ | ਖੀਰ-ਪੂੜੇ ਪੱਕਦੇ ਰਹਿਣ! ਧੀਆਂ ਹੱਸਦੀਆਂ ਰਹਿਣ! ਭੈਣਾਂ ਵੱਸਦੀਆਂ ਰਹਿਣ! ਪੇਕੀਂ ਆਉਂਦੀਆਂ ਰਹਿਣ! ਖੌਰੇ ਉਨ੍ਹਾਂ ਦੀਆਂ ਦੁਆਵਾਂ ਸਦਕਾ ਹੀ ਬਾਬਲ-ਭਾਈ, ਚਾਚੇ-ਤਾਏ, ajit.pngਪਿੰਡ ਦੇ ਜਾਏ, ਆਪਣੀਆਂ ਇੱਜ਼ਤਾਂ ਦੇ ਅਤੇ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਰਖਵਾਲੇ ਬਣੇ ਰਹਿਣ!

-ਪਿੰਡ ਤੇ ਡਾਕ: ਨਡਾਲਾ, ਜ਼ਿਲ੍ਹਾ ਕਪੂਰਥਲਾ |
ਮੋਬਾਈਲ : 98152-53245.