ਪੰਜਾਬੀਆਂ ਦਾ ਮਾਣ ਆਕਾਸ਼ਵਾਣੀ ਜਲੰਧਰ
2326823__a2.jpg2326823__a3.jpgਅੰਗਰੇਜ਼ੀ ਦਾ ਇਕ ਲਫ਼ਜ਼ ਹੈ ਪੈਨੇਸ਼ੀਆ | ਇਸ ਦਾ ਅਰਥ ਹੁੰਦਾ ਹੈ ਕਿ ਸਾਰੇ ਮਰਜ਼ਾਂ ਦੀ ਇਕ ਦਵਾ | ਠੀਕ ਇਹੋ ਗੱਲ ਆਲ ਇੰਡੀਆ ਰੇਡੀਓ ਜਲੰਧਰ 'ਤੇ ਲਾਗੂ ਹੁੰਦੀ ਹੈ | ਕਿੳਾੁਕਿ ਇਹ ਦੁਨੀਆ ਦੇ ਹਰ ਹਿੱਸੇ ਵਿਚ ਵਸਣ ਵਾਲੇ ਪੰਜਾਬੀਆਂ ਦੀਆਂ ਧਾਰਮਿਕ, ਸਮਾਜਿਕ, ਆਰਥਿਕ, ਸੱਭਿਆਚਾਰਕ, ਸੂਚਨਾ, ਖਬਰਾਂ, ਸੰਗੀਤਮਈ, ਖੇਤੀਬਾੜੀ ਯਾਨੀ ਕਿ ਹਰੇਕ ਲੋੜ ਨੂੰ ਪੂਰਾ ਕਰਦਾ ਹੈ | ਇਹੋ ਕਾਰਨ ਹੈ ਕਿ ਇਸ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੁਨੀਆ-ਭਰ ਵਿਚ ਵਸਦੇ ਪੰਜਾਬੀ ਅਕਾਸ਼ਵਾਣੀ ਜਲੰਧਰ ਨਾਲ ਨੇੜਿਉਂ ਜੁੜੇ ਹੋਏ ਹਨ |

ਆਕਾਸ਼ਵਾਣੀ ਜਲੰਧਰ ਦੀ ਸਥਾਪਨਾ : ਆਕਾਸ਼ਵਾਣੀ ਜਲੰਧਰ ਦੀ ਸਥਾਪਨਾ ਸੰਨ 1947 ਵਿਚ ਕੀਤੀ ਗਈ ਅਤੇ ਪੰਜਾਬੀ ਦੇ ਮਹਾਨ ਸਾਹਿਤਕਾਰ ਸ: ਕਰਤਾਰ ਸਿੰਘ ਦੁੱਗਲ ਨੂੰ ਇਸ ਦਾ ਬਾਨੀ ਡਾਇਰੈਕਟਰ ਨਿਯੁਕਤ ਕੀਤਾ ਗਿਆ | ਉਹੋ ਹੀ ਉੱਦਮ ਕਰ ਕੇ ਸਟੇਸ਼ਨ ਲਈ ਲੋੜੀਂਦਾ ਸਾਰਾ ਸਾਮਾਨ ਲੈ ਕੇ ਆਏ | ਇਸ ਦੇ ਨਾਲ ਹੀ ਇਸ ਕੇਂਦਰ ਦੀ ਚੜ੍ਹਦੀ ਕਲਾ ਦੀ ਨੀਂਹ ਰੱਖੀ ਗਈ | ਇਸ ਦੇ ਸਥਾਪਨਾ ਦੇ ਦੋ ਮਕਸਦ ਸਨ | ਇਕ ਪਾਕਿਸਤਾਨ ਦੇ ਲਾਹੌਰ ਰੇਡੀਓ ਦੇ ਭਾਰਤ ਵਿਰੋਧੀ ਭੰਡੀ ਪ੍ਰਚਾਰ ਦਾ ਟਾਕਰਾ ਕਰਨਾ ਅਤੇ ਦੂਸਰਾ ਦੁਨੀਆ-ਭਰ ਵਿਚ ਵਸਦੇ ਪੰਜਾਬੀਆਂ ਨਾਲ ਨਿੱਘਾ ਰਾਬਤਾ ਕਾਇਮ ਕਰਨਾ | ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਕੇਂਦਰ ਨੇ ਜੋ ਮੱਲਾਂ ਮਾਰੀਆਂ ਹਨ, ਉਨ੍ਹਾਂ 'ਤੇ ਜਿੰਨਾ ਵੀ ਮਾਣ ਕੀਤਾ ਜਾਵੇ, ਉਹ ਥੋੜ੍ਹਾ ਹੈ | ਸਮਾਜ ਦੇ ਹਰ ਵਰਗ ਲਈ ਆਕਾਸ਼ਵਾਣੀ ਜਲੰਧਰ ਤੋਂ ਨਰੋਏ, ਸਾਫ਼-ਸੁਥਰੇ ਤੇ ਮਿਆਰੀ ਪੋ੍ਰਗਰਾਮ ਤਿਆਰ ਕੀਤੇ ਜਾਂਦੇ ਹਨ | ਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਦਿਹਾਤੀ ਪੋ੍ਰਗਰਾਮ, ਬਾਲਵਾੜੀ, ਤਿ੍ੰਝਣ, ਗੁਰਬਾਣੀ ਵਿਚਾਰ, ਯੁਵ ਵਾਣੀ, ਨਾਰੀ ਸੰਸਾਰ, ਸਿਰਜਣਾ, ਸ਼ਬਦ-ਗਾਇਨ, ਕਵੀ ਦਰਬਾਰ, ਲੋਕ ਸੰਗੀਤ, ਢਾਡੀ ਵਾਰਾਂ, ਕਵੀਸ਼ਰੀ, ਰੇਡੀਓ ਨਾਟਕ ਅਤੇ ਨੇਤਰਹੀਣਾਂ ਲਈ ਅੱਖਰ ਆਵਾਜ਼ਾਂ ਵਰਗੇ ਵੱਖ-ਵੱਖ ਵਿਸ਼ਿਆਂ 'ਤੇ ਚਰਚਾਵਾਂ ਤੋਂ ਇਲਾਵਾ, ਕਵੀ ਦਰਬਾਰ, ਚਲੰਤ ਮਾਮਲਿਆਂ 'ਤੇ ਚਰਚਾ, ਭਗਤੀ ਸੰਗੀਤ ਦਾ ਪੋ੍ਰਗਰਾਮ ਅਰਾਧਨਾ, ਦੁਪਹਿਰ ਸਮੇਂ ਫ਼ੌਜੀ ਵੀਰਾਂ ਲਈ ਸੰਗੀਤ ਦਾ ਪੋ੍ਰਗਰਾਮ ਪ੍ਰਮੁੱਖ ਹਨ | ਇਹ ਪੋ੍ਰਗਰਾਮ ਹੁਣ ਵੀ ਉਸੇ ਮਿਆਰ 'ਤੇ ਖਰੇ ਉਤਰਦੇ ਹਨ | ਕਦੇ ਸਮਾਂ ਸੀ ਕਿ ਦਿਹਾਤੀ ਪੋ੍ਰਗਰਾਮ ਦੇ ਚਾਚਾ ਕੁਮੇਦਾਨ, ਠੰਢੂ ਰਾਮ, ਭਾਈਆ ਜੀ, ਸੰਤ ਰਾਮ, ਫ਼ੌਜਾ ਸਿੰਘ, ਮਾਸਟਰ ਜੀ, ਠੁਣੀਆ ਰਾਮ ਵਰਗੇ ਨਾਮੀ ਕਲਾਕਾਰਾਂ ਦੀ ਇਕ ਝਲਕ ਵੇਖਣ ਨੂੰ ਸ਼ਾਮ ਨੂੰ ਲੋਕ ਦੂਰ-ਦੁਰਾਡੇ ਤੋਂ ਰੇਡੀਓ ਦੇ ਗੇਟ ਮੂਹਰੇ ਖੜ੍ਹੇ ਹੁੰਦੇ ਸਨ | ਇਸੇ ਤਰ੍ਹਾਂ ਮਿਸ ਲਾਈ, ਮੋਤੀ ਸੂਦ, ਪਿ੍ਥਵੀ ਰਾਜ ਕਪੂਰ, ਪ੍ਰਕਾਸ਼ ਸੇਠੀ, ਦੇਵ ਸ਼ਰਮਾ, ਸੁਖਜੀਤ ਕੌਰ ਅਤੇ ਬੀਰਇੰਦਰ ਸਿੰਘ ਅਤੇ ਪ੍ਰੋਮਿਲਾ ਵਰਮਾ ਵਰਗੇ ਅਨਾਊਾਸਰ ਇਸੇ ਕੇਂਦਰ ਨੇ ਪੈਦਾ ਕੀਤੇ | ਬੀਬੀ ਪ੍ਰਕਾਸ਼ ਢਿੱਲੋਂ, ਬੀਬੀ ਹਰਬੰਸ ਢਿੱਲੋਂ (ਢਿੱਲੋਂ ਭੈਣ) ਅਤੇ ਹਰਬੰਸ ਸਿੰਘ ਖੁਰਾਣਾ ਵਰਗੇ ਨਾਟਕ ਖੇਤਰ ਦੇ ਮਹਾਨ ਕਲਾਕਾਰ ਇਸ ਕੇਂਦਰ ਦੀ ਸ਼ਾਨ ਰਹੇ ਹਨ |
ਰੇਡੀਓ ਨੇ ਸਮੇਂ-ਸਮੇਂ 'ਤੇ ਬਦਲਦੇ ਹਾਲਾਤ 'ਤੇ ਖਰਾ ਉਤਰਨ ਲਈ ਪੁਰਾਣੇ ਪੋ੍ਰਗਰਾਮਾਂ ਦੇ ਨਾਲ-ਨਾਲ ਨਵੇਂ-ਨਿਵੇਕਲੇ ਤੇ ਮਿਆਰੀ ਪੋ੍ਰਗਰਾਮ ਵੀ ਸ਼ੁਰੂ ਕੀਤੇ ਹਨ | ਜੇ ਕਿਸੇ ਕੇਂਦਰ ਦਾ ਮੁਖੀ ਸੰਗੀਤ ਨਾਲ ਜੁੜਿਆ ਹੋਵੇ ਤਾਂ ਉਸ ਤੋਂ ਹੋਰ ਵੀ ਚੰਗੇਰੀ ਕਾਰਗੁਜ਼ਾਰੀ ਦੀ ਆਸ ਕੀਤੀ ਜਾ ਸਕਦੀ ਹੈ ਅਤੇ ਇਸ ਆਸ 'ਤੇ ਪੂਰੀ ਤਰ੍ਹਾਂ ਖਰੇ ਉਤਰ ਰਹੇ ਹਨ | ਜਲੰਧਰ ਰੇਡੀਓ ਸਟੇਸ਼ਨ ਦੇ ਮੌਜੂਦਾ ਮੁਖੀ ਬੀਬੀ ਸੰਤੋਸ਼ ਰਿਸ਼ੀ | ਉਨ੍ਹਾਂ ਦੀ ਦੇਖ-ਰੇਖ ਹੇਠ ਬਹੁਤ ਮਾਣ-ਮੱਤਾ ਕੰਮ ਹੋਇਆ, ਜਿਸ ਦਾ ਕੁੱਝ ਵੇਰਵਾ ਮੈਂ ਦੇਣਾ ਚਾਹਵਾਂਗਾ | ਜਲੰਧਰ ਕੇਂਦਰ ਹੀ ਇਕ ਇਹੋ ਜਿਹਾ ਸਟੇਸ਼ਨ ਹੈ, ਜਿੱਥੇ ਕੇਵਲ ਢੋਲਕ ਅਤੇ ਤੂੰਬੀ ਵਰਗੇ ਲੋਕ ਸਾਜ਼ਾਂ ਨਾਲ ਸੰਗੀਤ ਸੁਣਨ ਨੂੰ ਮਿਲਦਾ ਹੈ | ਐਫ.ਐਮ. 'ਤੇ ਇਕ ਪੋ੍ਰਗਰਾਮ ਗੁਦਗੁਦੀ ਡਾਟ ਕਾਮ ਹੈ, ਬੁਝਾਰਤਾਂ, ਪੰਜਾਬੀ ਵਿਰਸੇ ਨਾਲ ਸਬੰਧਿਤ ਗੱਲਾਂ, ਅਖਾਣਾਂ ਅਤੇ ਗੀਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ | ਐਫ.ਐਮ. ਕਸੌਲੀ 100.9 ਮੈਗਾ ਹਰਟਜ਼ ਅਤੇ ਫ਼ਾਜ਼ਿਲਕਾ 100.8 ਮੈਗਾ ਹਰਟਜ਼ 'ਤੇ ਪੂਰੇ ਹਿੱਸੇ ਨੂੰ ਕਵਰ ਕਰ ਰਿਹਾ ਹੈ | ਇਸੇ ਤਰ੍ਹਾਂ ਐਪ ਏਆਈਆਰ ਪੰਜਾਬੀ ਦੇ ਪ੍ਰੋਗਰਾਮ ਦੁਬਈ ਸਮੇਤ ਆਲ ਇੰਡੀਆ ਰੇਡੀਓ ਲਾਈਵ ਤਹਿਤ ਫ਼ਰਾਂਸ, ਸਪੇਨ, ਆਸਟ੍ਰੇਲੀਆ ਅਤੇ ਅਮਰੀਕਾ ਤੱਕ ਅੱਪੜਦੇ ਹਨ |
ਆਕਾਸ਼ਵਾਣੀ ਜਲੰਧਰ ਨੇ ਦੇਸ਼ ਦੀ ਵੰਡ ਅਤੇ ਫੇਰ 1965 ਅਤੇ 1971 ਦੀਆਂ ਜੰਗਾਂ ਸਮੇਂ ਵਿੱਛੜੇ ਪਰਿਵਾਰਾਂ ਸਮੇਤ ਫੌਜੀਆਂ ਦੇ ਸੁਨੇਹੇ ਪ੍ਰਸਾਰਤ ਕਰ ਕੇ ਜਿਵੇਂ ਅਨਗਿਣਤ ਲੋਕਾਂ ਨੂੰ ਲੱਭਿਆ ਅਤੇ ਪਰਿਵਾਰਾਂ ਦੇ ਮੁੜ ਮੇਲੇ ਕਰਵਾਏ ਅਤੇ ਜਿਵੇਂ ਕੁਦਰਤੀ ਆਫ਼ਤਾਂ ਦੌਰਾਨ ਸਹਾਇਤਾ ਕਾਰਜ ਵਿੱਢੇ ਉਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਓਨੀ ਥੋੜ੍ਹੀ ਹੈ | ਕਦੇ ਸਮਾਂ ਸੀ ਰੇਡੀਓ ਦੇ ਜਲੰਧਰ ਕੇਂਦਰ ਦੇ ਪ੍ਰੋਗਰਾਮ 'ਸਦਾ-ਏ-ਵਤਨ' ਦੀਆਂ ਗੱਲਾਂ ਘਰ ਘਰ ਹੁੰਦੀਆਂ ਸਨ | ਪ੍ਰੋਗਰਾਮ ਦੇਸ਼ ਪੰਜਾਬ ਅਤੇ ਸਦਾ-ਏ-ਵਤਨ ਪਾਕਿਸਤਾਨੀ ਪੰਜਾਬ ਵਿਚ ਵੀ ਸੁਣੇ ਜਾਂਦੇ ਸਨ | ਭਾਈ ਸੁਰਜਨ ਸਿੰਘ ਵਰਗੇ ਮਹਾਨ ਰਾਗੀ ਦੀ ਆਵਾਜ਼ ਵਿਚ ਸਭ ਤੋਂ ਪਹਿਲਾਂ 'ਆਸਾ ਦੀ ਵਾਰ' ਦਾ ਕੀਰਤਨ ਜਲੰਧਰ ਰੇਡੀਓ ਨੇ ਹੀ ਪ੍ਰਸਾਰਤ ਕਰਨਾ ਸ਼ੁਰੂ ਕੀਤਾ ਸੀ | ਉਸ ਤੋਂ ਉਪਰੰਤ ਭਾਈ ਬਖ਼ਸ਼ੀਸ਼ ਸਿੰਘ, ਪ੍ਰੋਫੈਸਰ ਹਰਚੰਦ ਸਿੰਘ ਅਤੇ ਭਾਈ ਦੇਵਿੰਦਰ ਸਿੰਘ ਗੁਰਦਾਸਪੁਰ ਦੀਆਂ ਆਵਾਜ਼ਾਂ ਵਿਚ ਵੀ 'ਆਸਾ ਦੀ ਵਾਰ' ਰਿਕਾਰਡ ਕੀਤੀ ਗਈ | ਸੰਨ 1984 ਤੋਂ ਲੈ ਕੇ ਤੜਕੇ ਚਾਰ ਵਜੇ ਤੋਂ ਸਵੇਰੇ ਛੇ ਵਜੇ ਤੱਕ ਅਤੇ ਸ਼ਾਮ ਸਾਢੇ ਚਾਰ ਤੋਂ ਸਾਢੇ ਪੰਜ ਵਜੇ ਤੱਕ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਹਰ ਰੋਜ਼ ਗੁਰਬਾਣੀ ਦਾ ਲਾਈਵ ਪ੍ਰਸਾਰਨ ਹੁੰਦਾ ਹੈ | ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਉੱਤੇ ਤਰਤੀਬਵਾਰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ, ਗੁ: ਮੰਜੀ ਸਾਹਿਬ ਅੰਬਾਲਾ ਅਤੇ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਇਕ-ਇਕ ਘੰਟੇ ਦਾ ਸਿੱਧਾ ਗੁਰਬਾਣੀ ਪ੍ਰਸਾਰਨ ਹੁੰਦਾ ਹੈ | ਲੋਕ ਮਸਲਿਆਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਦੌਰਾਨ ਸਰੋਤਿਆਂ ਨੂੰ ਵੀ ਫੋਨ ਇੰਨ ਪ੍ਰੋਗਰਾਮ ਰਾਹੀਂ ਸ਼ਾਮਿਲ ਕੀਤਾ ਜਾਂਦਾ ਹੈ |
ਜਲੰਧਰ ਕੇਂਦਰ ਨੇ ਸੰਤੋਸ਼ ਰਿਸ਼ੀ ਦੇ ਵਿਸ਼ੇਸ਼ ਉੱਦਮ ਸਦਕਾ ਪਿੰਡ-ਪਿੰਡ ਜਾ ਕੇ 500 ਤੋਂ ਵੱਧ ਸਿੱਠਣੀਆਂ, ਸੁਹਾਗ, ਘੋੜੀਆਂ ਅਤੇ ਵਿਆਹ-ਸ਼ਾਦੀਆਂ ਦੇ ਬਿਨਾਂ ਸਾਜ਼ਾਂ ਤੋਂ ਗਾਏ ਜਾਂਦੇ ਲੰਮੀਆਂ ਹੇਕਾਂ ਵਾਲੇ ਗੀਤ ਰਿਕਾਰਡ ਕੀਤੇ ਹਨ | ਇਸੇ ਤਰ੍ਹਾਂ ਪੰਜਾਬੀ ਲੋਕ ਸੰਗੀਤ ਤਹਿਤ 200 ਪੋ੍ਰਗਰਾਮ ਪ੍ਰਸਾਰਤ ਕੀਤੇ ਗਏ, ਜਿਨ੍ਹਾਂ ਵਿਚੋਂ 100 ਪੰਜਾਬੀਆਂ ਦੇ ਮਨਭਾਉਦੇ ਹੀਰ ਦੇ ਕਿੱਸੇ ਉੱਤੇ ਆਧਾਰਤ ਸਨ | ਸੰਤੋਸ਼ ਰਿਸ਼ੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਸੀ ਕਿ ਵਾਰਿਸ ਸ਼ਾਹ ਅਤੇ ਦਮੋਦਰ ਦੋਵਾਂ ਵਲੋਂ ਰਚਿਤ ਹੀਰ ਦੇ ਕਿੱਸੇ ਰਿਕਾਰਡ ਕੀਤੇ ਗਏ | ਆਕਾਸ਼ਵਾਣੀ ਜਲੰਧਰ ਦੀ ਸਭ ਤੋਂ ਵੱਡੀ ਦੇਣ ਪੰਜਾਬ ਵਿਚ ਖੇਤੀਬਾੜੀ ਦੇ ਵਿਕਾਸ ਲਈ ਪਾਇਆ ਸੁਨਹਿਰੀ ਯੋਗਦਾਨ ਹੈ | ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਵਿਚ ਨਿਰੰਤਰ ਤੌਰ ਉੱਤੇ ਖੇਤੀ ਖੋਜਾਂ ਨਾਲ ਸਬੰਧਤ ਵੱਡਮੁੱਲੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਦੌਰਾਨ ਸ਼ਾਮ ਦਾ ਦਿਹਾਤੀ ਪ੍ਰੋਗਰਾਮ ਯੂਨੀਵਰਸਿਟੀ ਤੋਂ ਦਰਸ਼ਕਾਂ ਨੂੰ ਸਾਹਮਣੇ ਬਿਠਾ ਕੇ ਨਸ਼ਰ ਕੀਤਾ ਜਾਂਦਾ ਹੈ |
ਜਲੰਧਰ ਕੇਂਦਰ ਦੇ ਅਦੀਬ: ਆਕਾਸ਼ਵਾਣੀ ਜਲੰਧਰ ਨੇ ਸ਼੍ਰੋਮਣੀ ਕਵੀ ਸੋਹਨ ਸਿੰਘ ਮੀਸ਼ਾ, ਜਸਵੰਤ ਦੀਦ, ਸਾਧੂ ਸਿੰਘ ਗੋਬਿੰਦਪੁਰੀ, ਇੰਦਰਜੀਤ ਕੁਮਾਰ ਨਿਰਾਲਾ ਵਰਗੇ ਵੱਡੇ ਸਾਹਿਤਕਾਰ ਪੈਦਾ ਕੀਤੇ ਹਨ | ਰੇਡੀਓ ਨਾਟਕਾਂ ਦੇ ਮਹਾਂਰਥੀ ਸ: ਹਰਬੰਸ ਸਿੰਘ ਬੇਦੀ ਨੂੰ ਭਲਾ ਕੌਣ ਭੁੱਲ ਸਕਦਾ ਹੈ | ਇਸੇ ਕੇਂਦਰ ਦੇ ਸਰਦਾਰ ਅਲਬੇਲ ਸਿੰਘ ਗਰੇਵਾਲ ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਰਹੇ ਅਤੇ ਇਸੇ ਕੇਂਦਰ ਦੇ ਅਮਰਜੀਤ ਸਿੰਘ ਵੜੈਚ ਅੱਜਕਲ੍ਹ ਅਕਾਸ਼ਵਾਣੀ ਪਟਿਆਲਾ ਦੇ ਮੁਖੀ ਹਨ | ਤਕਨੀਕੀ ਤੌਰ ਉੱਤੇ ਪਹਿਲਾਂ ਇਕੋ ਚੈਨਲ ਸੀ ਪਰ ਹੁਣ ਆਕਾਸ਼ਵਾਣੀ ਦੇ ਪ੍ਰੋਗਰਾਮ ਵਿਵਿਧ ਭਾਰਤੀ, ਦੇਸ਼ ਪੰਜਾਬ, ਐਫ.ਐਮ. ਰੇਨਬੋ ਅਤੇ ਡੀ.ਟੀ.ਐਚ. ਉੱਤੇ ਚੌਵੀ ਘੰਟੇ ਉਪਲਬਧ ਹਨ | ਆਕਾਸ਼ਵਾਣੀ ਕੇਂਦਰ ਦੀ ਇਕ ਹੋਰ ਖਾਸ ਗੱਲ ਇਹ ਵੀ ਹੈ ਕਿ ਚੌਵੀ ਘੰਟਿਆਂ ਅੰਦਰ-ਅੰਦਰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕੁੱਲ 80 ਘੰਟਿਆਂ ਦੇ ਪ੍ਰੋਗਰਾਮ ਪ੍ਰਸਾਰਤ ਕਰਨ ਦਾ ਰਿਕਾਰਡ ਵੀ ਸਿਰਫ ਇਸ ਦੇ ਨਾਂਅ ਹੀ ਦਰਜ ਹੈ ਜੋ ਕਿ ਆਪਣੇ ਆਪ ਵਿਚ ਇਕ ਨਿਵੇਕਲਾ ਕੀਰਤੀਮਾਨ ਵੀ ਹੈ |
ਸ਼ਾਸਤਰੀ ਸੰਗੀਤ ਦੀ ਸੰਭਾਲ-ਜਲੰਧਰ ਕੇਂਦਰ ਕੋਲ ਸ਼ਾਸਤਰੀ ਸੰਗੀਤ ਦਾ ਵਡਮੁੱਲਾ ਖ਼ਜ਼ਾਨਾ ਹੈ | ਇਥੇ ਉਸਤਾਦ ਬੜੇ ਗੁਲਾਮ ਅਲੀ ਖਾਨ ਤੋਂ ਲੈ ਕੇ ਪਦਮਸ੍ਰੀ ਸੋਹਨ ਸਿੰਘ ਤੱਕ ਮਹਾਨ ਕਲਾਕਾਰਾਂ ਦੀਆਂ ਰਿਕਾਰਡਿੰਗਜ਼ ਹਨ | ਇਹ ਪਹਿਲੀ ਵਾਰ ਹੋਇਆ ਹੈ ਕਿ ਪਿੰਡਾਂ ਵਿਚ ਘੁੰਮ ਕੇ ਅਜਿਹੇ ਸੁਰੀਲੇ ਕਲਾਕਾਰ ਲੱਭੇ ਗਏ ਹਨ, ਜਿਨ੍ਹਾਂ ਦੀ ਕੋਈ ਸਾਰ ਨਹੀਂ ਸੀ ਲੈਂਦਾ | ਉਨ੍ਹਾਂ ਨੂੰ ਰੇਡੀਓ ਤੋਂ ਗਵਾ ਕੇ ਮਾਣ ਦਿੱਤਾ ਗਿਆ | ਪ੍ਰਧਾਨ ਮੰਤਰੀ ਦੇ ਪੋ੍ਰਗਰਾਮ 'ਮਨ ਕੀ ਬਾਤ' ਦਾ ਪੰਜਾਬੀ ਤਰਜਮਾ ਰੇਡੀਓ ਦੇ ਨਾਲ-ਨਾਲ ਐਪ 'ਤੇ ਵੀ ਨਸ਼ਰ ਕੀਤਾ ਜਾਂਦਾ ਹੈ | ਸਵੱਛਤਾ ਅਭਿਆਨ ਬਾਰੇ ਸਾਰਥਿਕ ਗੀਤ ਤਿਆਰ ਕੀਤੇ ਗਏ ਹਨ | ਸਮਾਜਿਕ ਸੁਨੇਹੇ ਦੇਣ ਲਈ ਮੰਨੇ-ਪ੍ਰਮੰਨੇ ਕਲਾਕਾਰਾਂ ਦੀ ਆਵਾਜ਼ ਵਿਚ ਸੰਦੇਸ਼ ਰਿਕਾਰਡ ਕੀਤੇ ਗਏ ਹਨ | ਹਰ ਹਫ਼ਤੇ ਕਵੀ-ਦਰਾਬਰ ਕੀਤਾ ਜਾਂਦਾ ਹੈ, ਜਿਸ ਵਿਚ ਨਾਮੀ ਕਵੀ ਹਿੱਸਾ ਲੈਂਦੇ ਹਨ | ਇਨ੍ਹਾਂ ਵਿਚ ਸਾਵਣ ਸਪੈਸ਼ਲ ਕਵੀ ਦਰਬਾਰ ਵੀ ਸ਼ਾਮਿਲ ਹੈ | ਪਹਿਲੀ ਵਾਰ ਬਾਲ-ਖੇਡਾਂ ਬਾਰੇ ਗੀਤਾਂ ਦਾ ਇਕ ਪੋ੍ਰਗਰਾਮ ਸ਼ੁਰੂ ਕੀਤਾ ਗਿਆ ਹੈ | ਇਸ ਕੇਂਦਰ ਨੂੰ ਮਾਣ ਹੈ ਕਿ ਆਲ ਇੰਡੀਆ ਰੇਡੀਓ ਦੇ ਮੌਜੂਦਾ ਡਾਇਰੈਕਟਰ ਜਨਰਲ ਫਯਾਜ਼ ਸ਼ਹਿਰਯਾਰ, ਗਿਰਜਾ ਕੁਮਾਰ ਮਾਥੁਰ, ਕੈਸਰ ਕਲੰਦਰ, ਲਾਸਾ ਕੌਲ, ਸ੍ਰੀ ਲਕਸ਼ਮਿੰਦਰ, ਸੁਖਜਿੰਦਰ ਕੌਰ ਅਤੇ ਡਾ: ਦਲਜੀਤ ਸਿੰਘ ਵਰਗੇ ਮਹਾਂਰਥੀ ਇਸ ਕੇਂਦਰ ਦੇ ਡਾਇਰੈਕਟਰ ਰਹਿ ਚੁੱਕੇ ਹਨ | ਇਸ ਸਮੇਂ ਵੀ ਸੋਹਨ ਕੁਮਾਰ, ਗੁਰਵਿੰਦਰ ਸਿੰਘ ਸੰਧੂ, ਮੋਨਿਕਾ ਦੱਤ, ਸ਼ਹਿਨਾਜ਼ ਜੌਲੀ ਕੌੜਾ, ਸ: ਮਨਜੀਤ ਸਿੰਘ, ਸ: ਪਰਮਜੀਤ ਸਿੰਘ, ਸੁਖਵਿੰਦਰ ਸੁੱਖੀ, ਸਰਬਜੀਤ ਰਿਸ਼ੀ, ਰਾਜ ਕੁਮਾਰ ਤੁਲੀ ਅਤੇ ਸ੍ਰੀਮਤੀ ਕਮਲੇਸ਼ ਵਰਗੇ ਹੰਢੇ-ਵਰਤੇ ਕਲਾਕਾਰ ਅਤੇ ਅਧਿਕਾਰੀ ਅਕਾਸ਼ਵਾਣੀ ਦੀ ਸ਼ਾਨ ਹਨ |
ਰੇਡੀਓ ਨੂੰ ਬੇਹੱਦ ਪਿਆਰ ਕਰਨ ਵਾਲੇ ਤਿੰਨ ਮਹਾਰਥੀਆਂ ਦੇ ਕਥਨ ਦਰਜ ਕਰ ਕੇ ਮੈਂ ਇਸ ਲੇਖ ਨੂੰ ਸਮਾਪਤ ਕਰਨਾ ਚਾਹਾਂਗਾ | ਇਹ ਹਨ ਪੰਜਾਬੀਅਤ ਦੇ ਮਹਾਨ ਝੰਡਾਬਰਦਾਰ ਸ: ਹਰਜਾਪ ਸਿੰਘ ਔਜਲਾ (ਯੂ.ਐਸ.ਏ.) ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਅਤੇ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀਂ | ਇਨ੍ਹਾਂ ਦੇ ਲਫ਼ਜ਼ਾਂ ਮੁਤਾਬਕ 'ਆਕਾਸ਼ਵਾਣੀ ਜਲੰਧਰ ਦੁਨੀਆਂ ਭਰ ਵਿਚ ਰਹਿੰਦੇ ਪੰਜਾਬੀਆਂ ਦੀ ਰੂਹ ਦੇ ਧੁਰ ਅੰਦਰ ਵਸਦਾ ਹੈ ਅਤੇ ਹਮੇਸ਼ਾ ਵਸਦਾ ਰਹੇਗਾ' | ਆਕਾਸ਼ਵਾਣੀ ਜਲੰਧਰ ਦਾ ਸਫ਼ਰ ਨਿਰੰਤਰ ਜਾਰੀ ਰਹਿੰਦਾ ਹੈ, ਤੜਕੇ ਚਾਰ ਵਜੇ ਤੋਂ ਰਾਤ 12 ਵਜੇ ਤੱਕ | ਫਿਰ ਚਾਰ ਘੰਟੇ ਇਹ ਕੁਝ ਅੰਗੜਾਈ ਭਰਦਾ ਹੈ ਨਵੇਂ ਸਫਰ ਲਈ | ਇਸ ਲਈ ਇਸ ਬਾਰੇ ਇਹ ਸ਼ੇਅਰ ਕਹਿਣਾ ਹੀ ਪਵੇਗਾ:
ਜਬ ਸੇ ਮੈਂ ਚਲਾ ਹੂੰ, ਮੇਰੀ ਮੰਜ਼ਿਲ ਪੈ ਹੈ ਨਜ਼ਰ
ਆਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ |

-ਪਿੰਡ: ਢਿਲਵਾਂ, ਡਾਕ: ਦਕੋਹਾ, ਜ਼ਿਲਾ: ਜਲੰਧਰ-144023.
ਮੋਬਾਈਲ : 98154-61710