ਦਇਆ ਵਿਚ ਭਿੱਜਾ ਨਿਆਂ
2326822__a2.jpg2326822__a4.jpgਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸੰਨ 1935 ਦੇ ਜਨਵਰੀ ਦੇ ਠੰਢੇ ਮਹੀਨੇ ਦੀ ਇਕ ਸਰਦ ਸ਼ਾਮ ਨੂੰ ਇਕ ਅਦਾਲਤ ਲੱਗੀ ਹੋਈ ਸੀ | ਇਕ ਬਜ਼ੁਰਗ ਔਰਤ ਦੇ ਮੁਕੱਦਮੇ ਦੀ ਸੁਣਵਾਈ ਹੋ ਰਹੀ ਸੀ | ਉਸ ਦੇ ਮੈਲੇ ਕੱਪੜਿਆਂ ਤੋਂ ਅਤੇ ਉਸ ਦੇ ਰੁੱਖੇ ਅਤੇ ਖਿੰਡਰੇ ਵਾਲਾਂ ਤੋਂ ਲਗਦਾ ਸੀ ਕਿ ਉਹ ਦਰਮਾਂਦਗੀ ਦੀ ਅਤੇ ਖਸਤਾ ਹਾਲਤ ਵਿਚ ਹੈ | ਉਸ ਉੱਤੇ ਇਕ ਸਟੋਰ ਤੋਂ ਇਕ ਡਬਲ ਰੋਟੀ ਚੋਰੀ ਕਰਨ ਦਾ ਇਲਜ਼ਾਮ ਸੀ |

 ਸਟੋਰ ਦੇ ਮਾਲਕ ਨੇ ਉਸ ਨੂੰ ਡਬਲ ਰੋਟੀ ਚੁਕਦਿਆਂ ਰੰਗੇ ਹੱਥੀਂ ਫੜ ਲਿਆ ਸੀ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਸੀ | ਪੁਲਸ ਨੂੰ ਸਟੋਰ ਤੋਂ ਚੋਰੀ ਕੀਤੀ ਡਬਲ ਰੋਟੀ ਵੀ ਉਸ ਕੋਲੋਂ ਬਰਾਮਦ ਹੋ ਗਈ ਸੀ | ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਸੀ? ਪੁਲਸ ਨੇ ਉਸ ਔਰਤ ਉੱਤੇ ਚੋਰੀ ਦਾ ਕੇਸ ਪਾ ਦਿੱਤਾ ਸੀ ਅਤੇ ਉਸ ਦਿਨ ਉਸ ਦੇ ਮੁਕੱਦਮੇ ਦੀ ਸੁਣਵਾਈ ਹੋਣੀ ਸੀ | ਉਹ ਔਰਤ ਚੋਰੀ ਦੇ ਇਲਜ਼ਾਮ ਕਰਕੇ ਹੀ ਸ਼ਾਇਦ ਸ਼ਰਮਸਾਰ ਹੋਈ ਅਤੇ ਖੁੱਲ੍ਹੇ ਆਮ ਨਸ਼ਰ ਹੋਣ ਦੇ ਅਹਿਸਾਸ ਨਾਲ ਆਪਣੇ ਆਪ ਉੱਤੇ ਹੀ ਝੁਕ ਕੇ ਸਿਰ ਸੁੱਟੀ ਬੜੀ ਨਿਮੋਂਝੂੁਣੀ ਅਵਸਥਾ ਵਿਚ ਬੈਠੀ ਹੋਈ ਸੀ | ਲਗਦਾ ਸੀ ਕਿ ਉਹ ਆਪਣੇ ਆਪ ਵਿਚ ਹੀ ਲੁਕ ਜਾਣਾ ਚਾਹੁੰਦੀ ਸੀ ਅਤੇ ਕਚਹਿਰੀ ਵਿਚ ਬੈਠੇ ਲੋਕਾਂ ਦੀਆਂ ਉਸ ਵੱਲ ਵੇਖਦੀਆਂ ਪੈਨੀਆਂ ਨਜ਼ਰਾਂ ਤੋਂ ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦੀ ਸੀ ਪਰ ਖੁੱਲ੍ਹੀ ਅਦਾਲਤ ਵਿਚ ਤਾਂ ਇਹ ਮੁਮਕਿਨ ਨਹੀਂ ਸੀ |
ਦੁਨੀਆ ਦੀ ਪਹਿਲੀ ਵਿਸ਼ਵ ਜੰਗ 1914 ਤੋਂ 1919 ਤੱਕ ਲੜੀ ਗਈ ਸੀ | ਇਸ ਵਿਚ ਜਰਮਨੀ ਅਤੇ ਉਸ ਦੇ ਸਾਥੀ ਦੇਸ਼ ਹਾਰ ਗਏ ਸਨ ਅਤੇ ਬਰਤਾਨੀਆ, ਰੂਸ, ਫ਼ਰਾਂਸ, ਅਮਰੀਕਾ ਅਤੇ ਉਨ੍ਹਾਂ ਦੇ ਮਿੱਤਰ ਦੇਸ਼ ਜਿੱਤ ਗਏ ਸਨ | ਸਵਾ ਚਾਰ ਸਾਲ ਚੱਲੀ ਇਸ ਲੜਾਈ ਵਿਚ ਦੋਵਾਂ ਧਿਰਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ | ਦੋਹਾਂ ਪਾਸਿਆਂ ਤੋਂ ਕੋਈ ਚਾਰ ਕਰੋੜ ਲੋਕ ਮਾਰੇ ਗਏ ਸਨ ਜਾਂ ਗੰਭੀਰ ਰੂਪ ਵਿਚ ਫ਼ੱਟੜ ਹੋ ਗਏ ਸਨ ਜਾਂ ਅਪਾਹਜ ਹੋ ਗਏ ਸਨ | ਸ਼ਹਿਰ, ਕਸਬੇ ਅਤੇ ਬਸਤੀਆਂ 'ਚ ਅੱਗਜ਼ਨੀ, ਬੰਬਾਰੀ, ਟੈਂਕਾਂ ਅਤੇ ਤੋਪਾਂ ਦੇ ਗੋਲਿਆਂ ਅਤੇ ਹਵਾਈ ਹਮਲਿਆਂ ਨਾਲ ਖੰਡਰਾਂ ਵਿਚ ਤਬਦੀਲ ਹੋ ਗਏ ਸਨ ਅਤੇ ਹੁਣ ਪਛਾਣੇ ਹੀ ਨਹੀਂ ਸਨ ਜਾਂਦੇ | ਸਕੂਲ, ਫ਼ੈਕਟਰੀਆਂ, ਕਾਰਖਾਨੇ, ਹਸਪਤਾਲ, ਬੰਦਰਗਾਹਾਂ, ਹਵਾਈ ਅੱਡੇ, ਆਵਾਜਾਈ ਦੇ ਸਾਧਨ, ਸਮੁੰਦਰੀ ਜਹਾਜ਼ਰਾਨੀ, ਰੇਲਵੇ ਲਾਈਨਾਂ, ਰੇਲਵੇ ਸਟੇਸ਼ਨ, ਸੜਕਾਂ, ਪੁਲ ਆਦਿ ਤਬਾਹ ਹੋ ਚੁੱਕੇ ਸਨ | ਦੁਨੀਆ ਦੇ ਕੁੱਲ ਦੇਸ਼ਾਂ ਦੀ ਆਰਥਿਕ ਸਥਿਤੀ ਵਿਗੜ ਗਈ ਸੀ |
ਇਸ ਲੜਾਈ ਦੇ ਮੁੱਕਣ ਤੋਂ ਦਸ ਸਾਲ ਬਾਅਦ, ਅਕਤੂਬਰ 1929 ਦੇ ਇਕ ਦਿਨ ਅਮਰੀਕਾ ਦੀ ਸਟਾਕ ਮਾਰਕੀਟ ਵਿਚ ਬਹੁਤ ਭਾਰੀ ਗਿਰਾਵਟ ਆ ਗਈ | ਇਕ ਦਿਨ ਵਿਚ ਹੀ ਲੋਕਾਂ ਦਾ ਲਾਇਆ ਪੈਸਾ ਬਰਬਾਦ ਹੋ ਗਿਆ ਅਤੇ ਉਹ ਅਰਸ਼ ਤੋਂ ਫ਼ਰਸ਼ 'ਤੇ ਆ ਗਏ | ਉਸ ਤੋਂ ਬਾਅਦ ਸਥਿਤੀ ਸੁਧਰੀ ਨਹੀਂ ਸਗੋਂ ਦਿਨ ਬ ਦਿਨ ਵਿਗੜਦੀ ਹੀ ਗਈ | ਕੋਈ 9000 ਬੈਂਕ ਡੁੱਬ ਗਏ ਅਤੇ ਉਨ੍ਹਾਂ ਵਿਚ ਰੱਖਿਆ ਲੋਕਾਂ ਦਾ ਪੈਸਾ ਵੀ ਡੁੱਬ ਗਿਆ | ਬੈਂਕਾਂ ਨੇ ਲੋਕਾਂ ਨੂੰ , ਉਦਯੋਗ ਨੂੰ ਅਤੇ ਵਪਾਰ ਨੂੰ ਪੈਸਾ ਕਰਜ 'ਤੇ ਦੇਣਾ ਬੰਦ ਕਰ ਦਿੱਤਾ | ਲੋਕਾਂ ਕੋਲ ਸਾਮਾਨ ਖਰੀਦਣ ਲਈ ਪੈਸਾ ਹੀ ਨਹੀਂ ਸੀ | ਕਾਰਖਾਨੇ, ਦੁਕਾਨਾਂ, ਵਪਾਰ ਬੰਦ ਹੋ ਗਏ ਅਤੇ ਉਨ੍ਹਾਂ ਵਿਚ ਬਣਦਾ ਸਾਮਾਨ ਵੀ ਬਣਨੋਂ ਰੁਕ ਗਿਆ | ਜੋ ਸਮਾਨ ਗੁਦਾਮਾਂ ਵਿਚ ਬਣਿਆ ਪਿਆ ਸੀ ਉਸ ਲਈ ਹੁਣ ਕੋਈ ਖਰੀਦਦਾਰ ਹੀ ਨਹੀਂ ਸੀ | ਲੋਕ ਭਾਰੀ ਗਿਣਤੀ ਵਿਚ ਬੇਰੁਜ਼ਗਾਰ ਹੋ ਗਏ |
ਬਦਕਿਸਮਤੀ ਨੂੰ ਇਸ ਸਮੇਂ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਭਾਰੀ ਔੜ ਵੀ ਲੱਗ ਗਈ | ਮੀਂਹ ਹੀ ਨਹੀਂ ਪਿਆ | ਬੀਜੀ ਹੋਈ ਅਤੇ ਖੜ੍ਹੀ ਫ਼ਸਲ ਬਰਬਾਦ ਹੋ ਗਈ ਅਤੇ ਹੋਰ ਫ਼ਸਲ ਪਾਣੀ ਦੀ ਅਣਹੋਂਦ ਕਰਕੇ ਅਤੇ ਜ਼ਮੀਨ ਤਿਆਰ ਨਾ ਹੋਣ ਕਰਕੇ ਬੀਜੀ ਹੀ ਨਹੀਂ ਗਈ | ਪੈਦਾਵਾਰ ਨਾ ਹੋਣ ਕਰਕੇ ਮੁਲਕ ਵਿਚ ਅਨਾਜ ਦੀ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਭਾਰੀ ਥੁੜ ਹੋ ਗਈ ਅਤੇ ਲੋਕਾਂ ਵਿਚ ਭੁੱਖਮਰੀ ਤੱਕ ਦੀ ਨੌਬਤ ਆ ਗਈ | ਇਸ 1929 ਤੋਂ 1938 ਤੱਕ ਦੇ ਸਮੇਂ ਨੂੰ ਅਮਰੀਕਾ ਦੀ 'ਗ੍ਰੇਟ ਡਿਪਰੈਸ਼ਨ' ਜਾ ਮਹਾਂ ਮੰਦੀ ਦਾ ਸਮਾਂ ਕਿਹਾ ਜਾਂਦਾ ਹੈ | ਇਸ ਮੰਦੀ ਨੂੰ ਸੰਸਾਰ ਵਿਚ ਆਧੁਨਿਕ ਸਮਿਆਂ ਦੀ ਸਭ ਤੋਂ ਭੈੜੀ ਮੰਦੀ ਅਤੇ ਸਭ ਤੋਂ ਭੀਸ਼ਣ ਆਰਥਿਕ ਸੰਕਟ ਮੰਨਿਆ ਗਿਆ ਹੈ | ਅਮਰੀਕਾ ਵਿਚ ਬੇਰੁਜ਼ਗਾਰੀ ਚਰਮ ਸੀਮਾ 'ਤੇ ਪਹੁੰਚ ਗਈ ਸੀ | ਸਰਕਾਰ ਕਈ ਕਦਮ ਪੁੱਟ ਰਹੀ ਸੀ ਪਰ ਹਾਲਾਤ ਸਨ ਕਿ ਕਾਬੂ ਵਿਚ ਹੀ ਨਹੀਂ ਆ ਰਹੇ ਸਨ | ਸਥਿਤੀ ਅਮਰੀਕੀ ਸਰਕਾਰ ਦੇ ਵੱਸ ਤੋਂ ਬਾਹਰ ਹੋ ਗਈ ਸੀ | ਲੋਕਾਂ ਨੂੰ ਜਾਨ ਦੇ ਲਾਲੇ ਪਏ ਹੋਏ ਸਨ | ਆਪਣੇ ਪਰਿਵਾਰਾਂ ਦੀ ਰੋਜ਼ੀ-ਰੋਟੀ ਲਈ ਜ਼ਿੰਮੇਦਾਰ ਕਈ ਲੋਕ ਬੇਵੱਸ ਹੋ ਗਏ ਸਨ ਅਤੇ ਵੱਡੀ ਸੰਖਿਆ ਵਿਚ ਅਜਿਹੇ ਲੋਕ ਆਪਣੇ ਪਰਿਵਾਰਾਂ ਨੂੰ ਤਿਲਾਂਜਲੀ ਦੇ ਕੇ ਉਨ੍ਹਾਂ ਨੂੰ ਆਪਣੀ ਤਕਦੀਰ 'ਤੇ ਅਤੇ ਰੱਬ ਆਸਰੇ ਛੱਡ ਕੇ ਘਰ ਛੱਡ ਕੇ ਚਲੇ ਗਏ ਸਨ | ਉਨ੍ਹਾਂ ਦਾ ਕੋਈ ਅਤਾਪਤਾ ਹੀ ਨਹੀਂ ਸੀ | ਸੰਨ 1935 ਵਿਚ ਅਮਰੀਕਾ ਦੀ ਇਹ ਮਹਾਂਮੰਦੀ ਦੀ ਸਥਿਤੀ ਆਪਣੇ ਭਿਅੰਕਰ ਰੂਪ ਵਿਚ ਪੂਰੇ ਜੋਬਨ 'ਤੇ ਸੀ | ਇਹ ਘਟਨਾ ਉਸ ਸਮੇਂ ਦੀ ਹੀ ਹੈ |
ਸੰਨ 1935 ਦੇ ਜਿਸ ਦਿਨ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਿਨ ਨਿਊਯਾਰਕ ਸ਼ਹਿਰ ਦੇ ਮੇਅਰ ਫ਼ਿਵਰੇਲੋ ਲਾਗ਼ਾਰਦੀਆ ਉਸ ਅਦਾਲਤ ਦੀ ਜੱਜ ਦੀ ਕੁਰਸੀ 'ਤੇ ਬੈਠੇ ਸਨ | ਮੁਕੱਦਮਾ ਸ਼ੁਰੂ ਹੋ ਗਿਆ | ਜੱਜ ਸਾਹਬ ਨੇ ਉਸ ਔਰਤ ਨੂੰ ਪੁੱਛਿਆ, 'ਬੀਬੀ, ਤੂੰ ਡਬਲ ਰੋਟੀ ਚੁਰਾਈ ਸੀ?' ਉਹ ਬਜ਼ੁਰਗ ਔਰਤ ਨੀਵੀਂ ਪਾ ਕੇ ਖੜ੍ਹੀ ਸੀ | ਉਸ ਨੇ ਆਪਣਾ ਝੁਕਿਆ ਸਿਰ ਬਿਨਾਂ ਉਤਾਂਹ ਚੁੱਕਿਆਂ ਅਤੇ ਆਪਣੇ ਪੈਰਾਂ ਵੱਲ ਵੇਖਦੀ ਹੋਈ ਨੇ, ਨਿੰਮ੍ਹੀਂ ਜੇਹੀ ਆਵਾਜ਼ ਵਿਚ ਜਵਾਬ ਦਿੱਤਾ, 'ਜੀ ਹਾਂ, ਜੱਜ ਸਾਹਬ, ਤੁਸੀਂ ਠੀਕ ਕਹਿੰਦੇ ਹੋ | ਮੈਂ ਉਹ ਡਬਲ ਰੋਟੀ ਚੁਰਾਈ ਸੀ |' ਹੁਣ ਜੱਜ ਸਾਹਬ ਨੇ ਪੁੱਛਿਆ, 'ਬੀਬੀ, ਤੂੰ ਉਹ ਡਬਲ ਰੋਟੀ ਕਿਉਂ ਅਤੇ ਕਿਸ ਮੰਸ਼ੇ ਨਾਲ ਚੁਰਾਈ ਸੀ? ਕੀ ਤੂੰ ਭੁੱਖੀ ਸੈਂ?' ਉਸ ਬਜ਼ੁਰਗ ਔਰਤ ਨੇ ਆਪਣਾ ਸਿਰ ਚੁੱਕਿਆ ਅਤੇ ਜੱਜ ਸਾਹਬ ਵੱਲ ਵੇਖਦੀ ਹੋਈ ਬੋਲੀ, 'ਜੀ ਹਾਂ, ਮੈਂ ਭੁੱਖੀ ਸਾਂ ਪਰ ਮੈਂ ਉਹ ਡਬਲ ਰੋਟੀ ਆਪਣੇ ਲਈ ਨਹੀਂ ਚੁਰਾਈ ਸੀ | ਮੇਰਾ ਜਵਾਈ ਆਪਣੇ ਪਰਿਵਾਰ ਨੂੰ ਤਿਲਾਂਜਲੀ ਦੇ ਕੇ ਅਤੇ ਛੱਡ ਕੇ ਬਿਨਾਂ ਦੱਸਿਆਂ ਹੀ ਕਿਤੇ ਚਲਾ ਗਿਆ ਹੈ | ਮੇਰੀ ਧੀ ਬੀਮਾਰ ਹੋ ਗਈ ਹੈ ਅਤੇ ਉਸ ਦੇ ਦੋ ਬੱਚੇ ਭੁੱਖੇ ਸਨ ਅਤੇ ਭੁੱਖ ਨਾਲ ਵਿਲਕ ਰਹੇ ਸਨ | ਉਨ੍ਹਾਂ ਨੇ ਪਿਛਲੇ ਦੋ ਦਿਨਾਂ ਤੋਂ ਕੁਝ ਨਹੀਂ ਖਾਧਾ ਸੀ | ਮੇਰੇ ਕੋਲੋਂ ਉਨ੍ਹਾਂ ਬੱਚਿਆਂ ਨੂੰ ਭੁੱਖ ਨਾਲ ਵਿਲਕਦਿਆਂ ਨੂੰ ਵੇਖ ਕੇ ਜਰਿਆ ਨਹੀਂ ਗਿਆ | ਉਹ ਹਾਲੀ ਬਹੁਤ ਹੀ ਛੋਟੀ ਉਮਰ ਦੇ ਅੰਞਾਣੇ ਹਨ |'
ਜਦੋਂ ਉਹ ਵਡੇਰੀ ਉਮਰ ਦੀ ਬਜ਼ੁਰਗ ਔਰਤ ਏਨਾਂ ਬੋਲ ਕੇ ਹਟੀ, ਅਦਾਲਤ ਵਿਚ ਪੂਰੀ ਤਰ੍ਹਾਂ ਸੰਨਾਟਾ ਛਾ ਗਿਆ ਅਤੇ ਖੜ੍ਹੇ ਅਤੇ ਬੈਠੇ ਸਾਰੇ ਲੋਕਾਂ ਵਿਚ ਚੁੱਪ ਛਾ ਗਈ | ਜੋ ਜਿੱਥੇ ਖੜ੍ਹਾ ਜਾਂ ਬੈਠਾ ਸੀ, ਲਗਦਾ ਸੀ ਕਿ ਉਹ ਉਥੇ ਹੀ ਜੰਮ ਗਿਆ ਹੈ | ਹੁਣ ਜੱਜ ਸਾਹਬ ਨੇ ਉਸ ਔਰਤ ਨੂੰ ਕਿਹਾ, 'ਬੀਬੀ, ਕਾਨੂੰਨ ਦੀਆਂ ਨਜ਼ਰਾਂ ਵਿਚ ਸਭ ਬਰਾਬਰ ਹੁੰਦੇ ਹਨ | ਡਬਲ ਰੋਟੀ ਚੋਰੀ ਕਰਨ ਲਈ ਜਾਂ ਤਾਂ ਤੂੰ ਦਸ ਡਾਲਰਾਂ ਦਾ ਜੁਰਮਾਨਾ ਭਰ ਦੇ, ਨਹੀਂ ਤਾਂ ਤੈਨੂੰ ਦਸ ਦਿਨ ਲਈ ਜੇਲ੍ਹ ਜਾਣਾ ਪਵੇਗਾ |' ਕੁਝ ਦੇਰ ਚੁੱਪ ਰਹਿਣ ਉਪਰੰਤ ਉਸ ਔਰਤ ਨੇ ਜਵਾਬ ਦਿੱਤਾ, 'ਜੱਜ ਸਾਹਬ, ਮੈਂ ਆਪਣੇ ਕੀਤੇ ਦੀ ਸਜ਼ਾ ਭੁਗਤਣ ਨੂੰ ਤਿਆਰ ਹਾਂ | ਪਰ ਮੈਂ ਨਿਮਰਤਾ ਪੂਰਵਕ ਕਹਿੰਦੀ ਹਾਂ ਕਿ ਜੇ ਮੇਰੇ ਕੋਲ ਦਸ ਡਾਲਰ ਹੁੰਦੇ ਤਾਂ ਮੈਂ ਉਹ ਡਬਲ ਰੋਟੀ ਕਿਉਂ ਚੋਰੀ ਕਰਨੀ ਸੀ? ਮੈਂ ਜੇਲ੍ਹ ਜਾਣ ਲਈ ਤਿਆਰ ਹਾਂ | ਮੈਨੂੰ ਸਿਰਫ਼ ਇਕ ਹੀ ਚਿੰਤਾ ਹੈ ਕਿ ਮੈਂ ਜਦੋਂ ਜੇਲ੍ਹ ਵਿਚ ਹੋਵਾਂਗੀ ਤਾਂ ਮੇਰੇ ਪਿੱਛੋਂ ਮੇਰੀ ਬੀਮਾਰ ਧੀ ਅਤੇ ਉਸ ਦੇ ਦੋ ਅੰਞਾਣੇ ਬਾਲਾਂ ਦੀ ਦੇਖਭਾਲ ਕੌਣ ਕਰੇਗਾ?' ਇਹ ਕਹਿ ਕੇ ਉਹ ਔਰਤ ਚੁੱਪ ਹੋ ਗਈ |
ਜੱਜ ਸਾਹਬ ਕੁਝ ਦੇਰ ਕੁਝ ਨਾ ਬੋਲੇ ਅਤੇ ਆਪਣੀ ਕੁਰਸੀ ਉੱਤੇ ਹੀ ਥੋੜ੍ਹਾ ਜਿਹਾ ਪਿਛਾਂਹ ਵੱਲ ਨੂੰ ਝੁਕ ਗਏ | ਫ਼ਿਰ ਉਨ੍ਹਾਂ ਨੇ ਆਪਣਾ ਹੱਥ ਆਪਣੇ ਕੋਟ ਦੀ ਜੇਬ ਵਿਚ ਪਾਇਆ ਅਤੇ ਦਸ ਡਾਲਰਾਂ ਦਾ ਇਕ ਨੋਟ ਬਾਹਰ ਕੱਢ ਲਿਆ | ਉਨ੍ਹਾਂ ਨੇ ਆਪਣੀ ਬਾਂਹ ਉੱਪਰ ਚੱੁਕ ਕੇ ਆਪਣੇ ਹੱਥ ਵਿਚ ਫ਼ੜਿਆ ਉਹ ਨੋਟ ਅਦਾਲਤ ਵਿਚ ਬੈਠੇ ਸਾਰੇ ਲੋਕਾਂ ਨੂੰ ਵਿਖਾਇਆ | ਫ਼ਿਰ ਉਹ ਉੱਚੀ ਆਵਾਜ਼ ਵਿਚ ਕਹਿਣ ਲੱਗੇ, 'ਬੀਬੀ, ਇਸ ਦਸ ਡਾਲਰ ਦੇ ਨੋਟ ਨਾਲ ਮੈਂ ਆਪਣੇ ਵਲੋਂ ਤੈਨੂੰ ਅਦਾਲਤ ਵਲੋਂ ਮਿਲੀ ਜੁਰਮਾਨੇ ਦੀ ਸਜ਼ਾ ਦਾ ਭੁਗਤਾਨ ਕਰਦਾ ਹਾਂ | ਤੂੰ ਹੁਣ ਅਦਾਲਤ ਤੋਂ ਜਾਣ ਲਈ ਆਜ਼ਾਦ ਹੈਂ |'
ਫ਼ਿਰ ਜੱਜ ਸਾਹਬ ਅਦਾਲਤ ਵਿਚ ਹਾਜ਼ਰ ਲੋਕਾਂ ਨੂੰ ਮੁਖਾਤਿਬ ਹੋਏ ਅਤੇ ਆਪਣਾ ਫ਼ੈਸਲਾ ਸੁਣਾਉਣਾ ਜਾਰੀ ਰਖਦਿਆਂ ਕਿਹਾ, 'ਇਸ ਤੋਂ ਇਲਾਵਾ, ਮੈਂ ਇਸ ਅਦਾਲਤ ਵਿਚ ਹਾਜ਼ਰ ਹਰ ਵਿਅਕਤੀ ਨੂੰ ਸਮਾਜ ਵੱਲ ਉਸ ਦੀ ਬੇਰੁਖੀ, ਅਗਿਆਨਤਾ, ਗ਼ੈਰ-ਜ਼ਿੰਮੇਦਾਰ ਵਤੀਰੇ, ਬੇਧਿਆਨੀ ਅਤੇ ਬੇਸਮਝੀ ਲਈ ਪੰਜਾਹ ਸੈਂਟ ਦਾ ਜੁਰਮਾਨਾ ਲਾਉਂਦਾ ਹਾਂ | ਅਜਿਹਾ ਕਦੀ ਹੋਣਾ ਹੀ ਨਹੀਂ ਚਾਹੀਦਾ ਅਤੇ ਇਥੋਂ ਤਕ ਕਦੀ ਨੌਬਤ ਆਉਣੀ ਹੀ ਨਹੀਂ ਚਾਹੀਦੀ ਕਿ ਸਾਡੇ ਸਮਾਜ ਦੀ ਇਕ ਬਜ਼ੁਰਗ ਔਰਤ ਨੂੰ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਚੋਰੀ ਕਰਨੀ ਪਵੇ |' ਫ਼ਿਰ ਜੱਜ ਸਾਹਬ ਅਦਾਲਤ ਦੇ ਮੁਨਸ਼ੀ ਨੂੰ ਮੁਖਾਤਬ ਹੋਏ, 'ਮੁਨਸ਼ੀ ਜੀ, ਜਾਓ ਅਤੇ ਸਾਰਿਆਂ ਤੋਂ ਪੈਸੇ ਇਕੱਠੇ ਕਰੋ ਅਤੇ ਇਸ ਬਜ਼ੁਰਗ ਔਰਤ ਨੂੰ ਦੇ ਦਿਓ |'
ਅਦਾਲਤ ਵਿਚ ਜਿੰਨੇ ਵੀ ਲੋਕ ਸਨ ਉਨ੍ਹਾਂ ਤੋਂ ਹਰ ਇਕ ਕੋਲੋਂ ਪੰਜਾਹ ਪੰਜਾਹ ਸੈਂਟ (ਅੱਧਾ ਡਾਲਰ) ਇਕੱਠੇ ਕੀਤੇ ਗਏ | ਜਿਸ ਸਟੋਰ ਵਿਚੋਂ ਉਸ ਔਰਤ ਨੇ ਡਬਲ ਰੋਟੀ ਚੋਰੀ ਕੀਤੀ ਸੀ ਉਸ ਦੇ ਮਾਲਕ ਨੇ ਵੀ ਦਿੱਤੇ, ਇਕ ਦਰਜਨ ਦੇ ਲਗਭਗ ਉਨ੍ਹਾਂ ਮੁਜਰਮਾਂ ਨੇ ਵੀ ਦਿੱਤੇ ਜਿਨ੍ਹਾਂ ਦੇ ਮੁਕੱਦਮਿਆਂ ਦੀ ਸੁਣਵਾਈ ਉਸ ਦਿਨ ਹਾਲੀ ਹੋਣੀ ਸੀ ਅਤੇ ਜਿਹੜੇ ਉਸ ਵੇਲੇ ਅਦਾਲਤ ਵਿਚ ਮੌਜੂਦ ਸਨ, ਅਦਾਲਤ ਵਿਚ ਬਾਕੀ ਹਾਜ਼ਰ ਲੋਕਾਂ ਨੇ ਵੀ ਦਿੱਤੇ | ਅਦਾਲਤ ਵਿਚ ਆਪਣੀ ਡਿਊਟੀ ਉੱਤੇ ਲੱਗੇ ਪੁਲਿਸ ਦੇ ਸਿਪਾਹੀਆਂ ਅਤੇ ਅਫ਼ਸਰਾਂ ਨੇ ਵੀ ਜੁਰਮਾਨੇ ਦੇ ਉਹ ਪੰਜਾਹ ਸੈਂਟ ਦਿੱਤੇ | ਉਨ੍ਹਾਂ ਸਾਰਿਆਂ ਨੂੰ ਅਦਾਲਤ ਵਲੋਂ ਲਾਇਆ ਉਹ ਪੰਜਾਹ ਸੈਂਟ ਦਾ ਜੁਰਮਾਨਾ ਦੇਣ ਵਿਚ ਬੜੀ ਚੰਗੀ ਅਨੁਭੂਤੀ ਹੋ ਰਹੀ ਸੀ, ਇਕ ਸੋਹਣੀ ਤਰ੍ਹਾਂ ਦੀ ਦਿਲੀ ਖੁਸ਼ੀ ਵੀ ਹੋ ਰਹੀ ਸੀ ਅਤੇ ਅਜਿਹਾ ਕਰਦਿਆਂ ਉਨ੍ਹਾਂ ਨੂੰ ਆਪਣੇ ਆਪ ਉੱਤੇ ਫ਼ਖ਼ਰ ਵੀ ਮਹਿਸੂਸ ਹੋ ਰਿਹਾ ਸੀ | ਉਨ੍ਹਾਂ ਸਾਰਿਆਂ ਨੇ ਖੜੇ੍ਹ ਹੋ ਕੇ ਜੱਜ ਸਾਹਬ ਨੂੰ ਅਤੇ ਉਨ੍ਹਾਂ ਦੇ ਉਸ ਮੁਕੱਦਮੇ ਦੇ ਇਸ ਦਇਆ ਨਾਲ ਭਿੱਜੇ ਨਿਆਂ ਦੇ ਫ਼ੈਸਲੇ ਨੂੰ ਸਲਾਹੁੰਦਿਆਂ ਤਾੜੀਆਂ ਮਾਰ ਕੇ ਆਪਣੀ ਪ੍ਰਸੰਨਤਾ ਦਾ ਇਜ਼ਹਾਰ ਕੀਤਾ |
ਅਗਲੇ ਦਿਨ ਇਸ ਕਹਾਣੀ ਨੂੰ ਨਿਊਯਾਰਕ ਸ਼ਹਿਰ ਦੇ ਇਕ ਅਖ਼ਬਾਰ ਨੇ ਛਾਪਿਆ ਅਤੇ ਦੱਸਿਆ ਕਿ ਉਸ ਦਿਨ ਉਸ ਬਜ਼ੁਰਗ ਮੁਫ਼ਲਿਸ ਔਰਤ ਨੂੰ ਸੰਤਾਲੀ ਡਾਲਰ ਅਤੇ ਪੰਜਾਹ ਸੈਂਟ ਇਕੱਠੇ ਕਰ ਕੇ ਦਿੱਤੇ ਗਏ ਸਨ | ਜੱਜ ਸਾਹਬ ਦੇ ਉਸ ਦਿਨ ਦੇ ਫ਼ੈਸਲੇ ਨੇ ਇਕ ਨੁਕਤੇ ਨੂੰ ਲੋਕਾਂ ਦੇ ਧਿਆਨ ਵਿਚ ਲਿਆਂਦਾ ਸੀ ਜੋ ਇਹ ਸੀ ਕਿ ਸ਼ਹਿਰ ਅਤੇ ਸਮਾਜ ਵਿਚ ਜੋ ਮਾੜਾ ਹੁੰਦਾ ਹੈ ਉਸ ਲਈ ਸਾਰਾ ਸਮਾਜ ਕਿਸੇ ਨਾ ਕਿਸੇ ਰੂਪ ਵਿਚ ਜ਼ਿੰਮੇਦਾਰ ਹੁੰਦਾ ਹੈ | ਉਨ੍ਹਾਂ ਨੇ ਇਸ ਵੱਲ ਵੀ ਤਵੱਜੋ ਦਿਵਾਈ ਕਿ ਸਮਾਜ ਵਿਚ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਲਈ ਅਤੇ ਸਮਾਜ ਵਿਚ ਪਨਪਦੇ ਜੁਰਮ ਲਈ ਵੀ ਸਮਾਜ ਦੇ ਲੋਕਾਂ ਦੀ ਜ਼ਿੰਮੇਦਾਰੀ ਬਣਦੀ ਹੈ | ਸੰਦੇਸ਼ ਬੜਾ ਸਟੀਕ ਅਤੇ ਸੰਵੇਦਨਸ਼ੀਲ ਸੀ ਅਤੇ ਸਾਰੇ ਨਿਊਯਾਰਕ ਸ਼ਹਿਰ ਵਿਚ ਉਸ ਦੀ ਭਰਪੂਰ ਗੂੰਜ ਸੁਣਾਈ ਦਿੱਤੀ | ਅੱਜ ਦੀ ਦੁਨੀਆ ਵਿਚ ਅਸੀਂ ਸਾਰੇ ਇਕ ਦੂਜੇ ਨਾਲ ਜੁੜੇ ਹੋਏ ਹਾਂ | ਜੇਕਰ ਕਿਸੇ ਇਕ ਨੂੰ ਕੋਈ ਦੁੱਖ ਪਹੁੰਚਦਾ ਹੈ ਤਾਂ ਉਸ ਦਾ ਅਸਰ ਸਭ 'ਤੇ ਹੁੰਦਾ ਹੈ ਅਤੇ ਉਸ ਦੀ ਪੀੜ ਵੀ ਸਭ ਨੂੰ ਹੁੰਦੀ ਹੈ | ਅਸੀਂ ਹੀ ਇਹ ਨਿਸਚਿਤ ਕਰਨਾ ਹੈ ਕਿ ਕੋਈ ਵਿਅਕਤੀ, ਕੋਈ ਪਰਿਵਾਰ ਜਾਂ ਕੋਈ ਵਰਗ ਅਜਿਹਾ ਨਾ ਹੋਵੇ ਜੋ ਸਾਡੇ ਧਿਆਨ ਤੋਂ ਬਾਹਰ ਹੋਵੇ | ਇਹ ਬੜਾ ਸਹਿਜ ਅਤੇ ਸੌਖਾ ਹੈ ਕਿ ਅਸੀਂ ਆਪਣੀਆਂ ਪਦਾਰਥਕ ਲੋੜਾਂ ਅਤੇ ਫ਼ਾਇਦਿਆਂ ਦਾ ਤਾਂ ਧਿਆਨ ਰੱਖੀਏ ਪਰ ਦੂਸਰਿਆਂ ਦੀਆਂ ਲੋੜਾਂ ਦੀ ਅਣਦੇਖੀ ਕਰ ਦੇਈਏ | ਪ੍ਰਸਿੱਧ ਲਿਖਾਰੀ ਮਾਰਕ ਟਵੇਨ ਨੇ ਇਕ ਥਾਂ 'ਤੇ ਬੜਾ ਸੋਹਣਾ ਲਿਖਿਆ ਹੈ, 'ਚੰਗਿਆਈ ਇਕ ਅਜਿਹੀ ਭਾਸ਼ਾ ਹੈ ਜਿਸ ਨੂੰ ਕੰਨਾਂ ਤੋਂ ਬੋਲੇ ਸੁਣ ਸਕਦੇ ਹਨ ਅਤੇ ਨੇਤਰਹੀਣ ਵੇਖ ਸਕਦੇ ਹਨ |'

(ਰਿਟਾਇਰਡ, ਇੰਡੀਅਨ ਨੇਵੀ)
-ਮੋਬਾਈਲ : 098181-59944.