ਨਵੀਆਂ ਆਸਾਂ-ਨਵੇਂ ਸੁਨੇਹੇ ਲੈ ਕੇ ਆਉਣ ਪੰਚਾਇਤੀ ਨੁਮਾਇੰਦੇ

2372941__5.jpgਪੰਜਾਬ ਰਾਜ ਭਾਰਤ ਵਿਚ ਦੂਜਾ ਅਜਿਹਾ ਰਾਜ ਹੈ, ਜਿਸ ਨੇ 73ਵੀਂ ਸੰਵਿਧਾਨਿਕ ਸੋਧ ਅਨੁਸਾਰ ਪੰਜਾਬ ਪੰਚਾਇਤੀ ਰਾਜ ਐਕਟ 1994 ਲਾਗੂ ਕੀਤਾ। ਇਸ ਐਕਟ ਤਹਿਤ 3 ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਪੰਚਾਇਤ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਹੋਂਦ ਵਿਚ ਆਈ। ਇਸ ਪ੍ਰਣਾਲੀ ਵਿਚ ਹਰ 5 ਸਾਲ ਬਾਅਦ ਨਵੇਂ ਸਿਰਿਓਂ ਚੋਣਾਂ ਕਰਵਾਉਣਾ ਮਿੱਥਿਆ ਗਿਆ ਹੈ। ਬਿਨਾਂ ਪੱਖਪਾਤ ਵਿੱਤੀ ਪ੍ਰਬੰਧਕੀ ਅਤੇ ਨਿਆਂਇਕ ਕੰਮਾਂ ਲਈ ਪੰਚਾਇਤੀ ਰਾਜ ਨੁਮਾਇੰਦਿਆਂ ਦੇ ਸਿਰ 'ਤੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਲਈ ਇਨ੍ਹਾਂ ਨੁਮਾਇੰਦਿਆਂ ਦਾ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ।
ਇਸ 3 ਪੱਧਰੀ ਚੋਣ ਪ੍ਰਣਾਲੀ ਨੂੰ ਲੋਕਤੰਤਰ ਦੇ ਨਾਂਹ-ਪੱਖੀ ਪ੍ਰਭਾਵ ਨੇ ਵੀ ਗ੍ਰੱਸਿਆ ਹੈ। ਮਹਾਰਾਜ ਅਸ਼ੋਕ ਦੇ ਸਮੇਂ ਤੋਂ ਪਿੰਡ ਦੇ ਝਗੜੇ ਪਿੰਡ ਦੇ ਮੋਹਤਵਰ ਸੱਜਣ ਸਾਂਝੀਆਂ ਥਾਵਾਂ ਸੱਥਾਂ ਵਿਚ ਬੈਠ ਕੇ ਨਿਬੇੜਦੇ ਸਨ। ਪੰਚ ਪ੍ਰਮੇਸ਼ਵਰੀ ਸਿਧਾਂਤ ਪ੍ਰਧਾਨ ਸੀ। ਵੱਖ-ਵੱਖ ਪੜਾਵਾਂ ਵਿਚੋਂ ਗੁਜ਼ਰ ਕੇ ਪੰਚਾਇਤੀ ਰਾਜ ਨੁਮਾਇੰਦਿਆਂ ਦੀ ਚੋਣ ਦਾ ਰਾਹ ਪੱਧਰਾ ਹੋਇਆ। ਇਸ ਵਿਚ ਸਰਬ-ਸਾਂਝੀ ਵਾਲਤਾ ਅਤੇ ਸਰਬਪੱਖੀ ਵਿਕਾਸ ਤਾਰੇ ਵਾਂਗ ਚਮਕਦਾ ਹੈ। ਅੱਜ 2018 ਪੰਜਾਬ ਪੰਚਾਇਤੀ ਰਾਜ ਦੀਆਂ ਚੋਣਾਂ ਦਾ ਵਰ੍ਹਾ ਹੈ। ਇਸ ਵਰ੍ਹੇ ਪੰਜਾਬ ਇਨ੍ਹਾਂ ਚੁਣੇ ਹੋਏ ਨਵੇਂ ਨੁਮਾਇੰਦਿਆਂ ਤੋਂ ਨਵੀਆਂ ਆਸਾਂ ਲਗਾਈ ਬੈਠਾ ਹੈ। ਲੋਕ ਪਿਛਲੇ ਤੌਰ-ਤਰੀਕਿਆਂ ਤੋਂ ਅੱਕ-ਥੱਕ ਚੁੱਕੇ ਹਨ।
ਪੰਜਾਬ ਪੰਚਾਇਤੀ ਰਾਜ ਦੇ ਚੁਣੇ ਹੋਏ ਨੁਮਾਇੰਦੇ ਨਵੇਂ ਰਾਹਾਂ ਦੇ ਨਵੇਂ ਪਾਂਧੀ ਬਣਨ ਦੇ ਹਲਫ ਲੈਣ। ਬਿਨਾਂ ਪੱਖਪਾਤ ਭੇਦਭਾਵ ਵਿਕਾਸ ਮੁਖੀ ਲੀਹਾਂ ਦਾ ਅਗਲਾ ਵਰਕਾ ਫਰੋਲਣ। ਨਸ਼ਾ ਅਤੇ ਵਿਕਾਊ ਮਾਲ ਨੂੰ ਉਮੀਦਵਾਰ ਖੁਦ ਹੀ ਦੂਰ ਰੱਖਣ ਦਾ ਜਜ਼ਬਾ ਪੈਦਾ ਕਰਨ। ਸਹੁੰ ਚੁੱਕਣ ਦੀ ਪ੍ਰਥਾ ਇਸ ਵਾਰ ਲੋਕ-ਨੁਮਾਇੰਦੇ ਖਾਨਾਪੂਰਤੀ ਨਾ ਸਮਝਣ, ਬਲਕਿ ਹਕੀਕਤ ਵਿਚ ਲਾਗੂ ਕਰਨ। ਕੰਮ ਕਰਨ ਤੋਂ ਪਹਿਲਾਂ ਚੁੱਕਿਆ ਹਲਫ ਯਾਦ ਰੱਖਣ। ਐਕਟ ਤਹਿਤ ਇਨ੍ਹਾਂ ਨੁਮਾਇੰਦਿਆਂ ਨੂੰ ਜੋ ਅਧਿਕਾਰ ਅਤੇ ਹੱਕ ਮਿਲੇ ਹਨ, ਉਨ੍ਹਾਂ 'ਤੇ ਡਾਕਾ ਨਾ ਵੱਜਣ ਦਾ ਪ੍ਰਣ ਕਰਨ। ਆਪਣੇ ਚੋਣ ਖੇਤਰ ਨੂੰ ਇਕ ਲੜੀ ਵਿਚ ਪਰੋਣ ਦਾ ਉਪਰਾਲਾ ਕਰਨ।
ਅੱਜ ਪੰਜਾਬ ਦਾ ਸੱਭਿਆਚਾਰ ਅਤੇ ਹਾਲਾਤ ਮੰਗ ਕਰਦੇ ਹਨ ਕਿ ਪੰਚ ਪ੍ਰਮੇਸ਼ਵਰੀ ਪ੍ਰਣਾਲੀ ਨਵੀਂ ਪਿਰਤ ਪਾਉਣ ਲਈ ਇਨ੍ਹਾਂ ਚੋਣਾਂ ਵਿਚ ਅੱਗੇ ਆਵੇ। ਬੀਤੇ ਤੋਂ ਸਬਕ ਲੈ ਕੇ ਈਰਖਾ ਰਹਿਤ ਨਵੇਂ ਉਦੇਸ਼ਾਂ ਦੀ ਪ੍ਰਾਪਤੀ ਕਰਨ। ਸਿਹਤ ਅਤੇ ਸਿੱਖਿਆ ਵੱਲ ਖਾਸ ਤਵੱਜੋ ਦਿੱਤੀ ਜਾਵੇ। ਪੀਣ ਵਾਲੇ ਪਾਣੀ ਦਾ ਖਾਸ ਪ੍ਰਬੰਧ ਕੀਤਾ ਜਾਵੇ। ਨਵੀਆਂ ਆਸਾਂ-ਨਵੇਂ ਸੁਨੇਹਿਆਂ ਦਾ ਸੰਦੇਸ਼ ਦਿੰਦੇ ਇਨ੍ਹਾਂ ਨੁਮਾਇੰਦਿਆਂ ਦੇ ਸਿਰ 'ਤੇ ਨਵੇਂ ਸਮਾਜ ਦੀ ਸਿਰਜਣਾ ਦਾ ਸਿਹਰਾ ਬੱਝਣ ਦੀ ਸਥਾਈ ਆਸ ਹੋਣੀ ਚਾਹੀਦੀ ਹੈ।

-ਅਬਿਆਣਾ ਕਲਾਂ। ਮੋਬਾ: 98781-11445