ਸੁਲਤਾਨਪੁਰ ਲੋਧੀ : ਪੰਜਾਬ ਦਾ ਦੂਜਾ ਨਨਕਾਣਾ ਸਾਹਿਬ

ਸੁਲਤਾਨਪੁਰ ਲੋਧੀ ਪੰਜਾਬ ਦੇ ਕਪੂਰਥਲਾ ਸ਼ਹਿਰ ਤੋਂ 27 ਕਿਲੋਮੀਟਰ ਦੂਰ ਦੱਖਣ ਵੱਲ ਜਲੰਧਰ-ਫਿਰੋਜ਼ਪੁਰ ਰੇਲ ਮਾਰਗ 'ਤੇ ਸਥਿਤ ਹੈ | ਇਹ ਬੁੱਧੂ-ਬਰਕਤ ਤੇ ਟੇਰਕਿਆਣਾ ਤੋਂ ਨਿਕਲਦੀ ਕਾਲੀ ਵੇਈਾ ਦੇ ਕੰਢੇ 'ਤੇ ਵਸਿਆ ਹੋਇਆ ਹੈ | ਦਰਿਆ ਸਤਲੁਜ ਅਤੇ ਬਿਆਸ ਦੇ ਵਿਚਕਾਰ ਜਿਹੇ ਵਸਿਆ 17 ਕੁ ਹਜ਼ਾਰ ਦੀ ਆਬਾਦੀ ਵਾਲਾ ਇਹ ਸ਼ਹਿਰ ਆਪਣੇ ਅੰਦਰ ਸਦੀਆਂ ਦਾ ਇਤਿਹਾਸ ਸਮੋਈ ਬੈਠਾ ਹੈ | ਮੰਨਿਆ ਜਾਂਦਾ ਹੈ ਕਿ ਇਸ ਦੀ ਉਤਪਤੀ ਬੁੱਧ ਦੇ ਜ਼ਮਾਨੇ ਵਿਚ ਹੋਈ | ਵਰਤਮਾਨ ਸੁਲਤਾਨਪੁਰ ਲੋਧੀ ਦੀ ਨੀਂਹ ਮਹਿਮੂਦ ਗਜ਼ਨਵੀ ਦੇ ਇਕ ਫੌਜਦਾਰ ਸੁਲਤਾਨ ਖਾਂ ਨੇ ਰੱਖੀ ਸੀ | ਇਹ ਨਗਰ ਪੁਰਾਣੇ ਸਮਿਆਂ ਵਿਚ ਬੜਾ ਸ਼ਾਨਾਮੱਤਾ ਅਤੇ ਗੌਰਵਸ਼ਾਲੀ ਆਨ-ਬਾਨ ਵਾਲਾ ਸ਼ਹਿਰ ਸੀ | ਇਥੇ ਸਥਿਤ ਸ਼ਾਹੀ ਸਰਾਂ ਵਰਗੀਆਂ ਇਮਾਰਤਾਂ, ਹਾਥੀਆਂ ਅਤੇ ਪਾਲਕੀਆਂ ਲਈ ਉਚੇਚੇ ਤੌਰ 'ਤੇ ਚੌੜੇ ਪੁਲਾਂ ਦੇ ਖੰਡਰ, ਇਸ ਤੱਥ ਦੀ ਸਾਖਿਆਤ ਸ਼ਾਹਦੀ ਭਰਦੇ ਹਨ ਕਿ ਸੁਲਤਾਨਪੁਰ ਲੋਧੀ ਸੱਤਾਧਾਰੀ ਪ੍ਰਵਾਹ ਨਾਲ ਨੇੜਿਓਾ ਵਾਬਸਤਾ ਸੀ | ਇਹ ਲਾਹੌਰ-ਆਗਰਾ ਜਰਨੈਲੀ ਮਾਰਗ 'ਤੇ ਸਥਿਤ ਸੀ ਅਤੇ ਸ਼ਾਹੀ ਅਰਾਮਗਾਹ ਕਰਕੇ ਮਸ਼ਹੂਰ ਸੀ | ਧਾਰਮਿਕ ਮਾਹੌਲ ਕਰਕੇ ਇਸ ਨੂੰ 'ਪੀਰਾਂ-ਪੁਰੀ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ | ਇਥੇ ਵਿਸ਼ਵ ਵਿਦਿਆਲੇ ਦੇ ਪੱਧਰ ਦਾ ਮੁਸਲਿਮ ਮਦਰੱਸਾ ਸੀ, ਜਿਥੇ ਮੁਸਲਿਮ ਧਰਮ ਦੀ ਵਿੱਦਿਆ ਤੋਂ ਬਿਨਾਂ ਵਿਵਹਾਰਕ ਵਿੱਦਿਆ ਪ੍ਰਦਾਨ ਕੀਤੀ ਜਾਂਦੀ ਸੀ | ਇਸ ਮਦਰੱਸੇ ਦਾ ਮੁਖੀ ਉਸਤਾਦ ਅਬਦੁੱਲ ਲਤੀਫ ਸੀ | ਮੁਗਲ ਸ਼ਹਿਜ਼ਾਦੇ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਤੋਂ ਬਿਨਾਂ ਦਿੱਲੀ ਬਾਦਸ਼ਾਹੀਅਤ ਦੇ ਕਈ ਖਾਨਜ਼ਾਦੇ ਇਥੋਂ ਤਾਲੀਮ ਹਾਸਲ ਕਰਦੇ ਰਹੇ ਹਨ | ਕਿਸੇ ਜ਼ਮਾਨੇ ਵਿਚ ਇਥੇ ਕੱਪੜੇ ਰੰਗਣ ਵਾਲੇ ਕਲਾਕਾਰ ਲੋਕ ਰਹਿੰਦੇ ਸਨ, ਜੋ ਖਾਸ ਤੌਰ 'ਤੇ ਛੀਂਟਾਂ ਰੰਗਣ ਵਿਚ ਨਿਪੁੰਨ ਸਨ, ਜਿਸ ਕਰਕੇ ਇਸ ਨੂੰ ਛੀਂਟਾਂ ਵਾਲਾ ਸ਼ਹਿਰ ਵੀ ਕਿਹਾ ਜਾਂਦਾ ਰਿਹਾ ਹੈ |

ਸਿੱਖ ਧਰਮ ਵਿਚ ਇਸ ਸ਼ਹਿਰ ਦਾ ਵਿਸ਼ੇਸ਼ ਮਹੱਤਵ ਹੈ | ਗੁਰੂ ਨਾਨਕ ਦੇਵ ਜੀ ਇਥੇ 14-15 ਸਾਲ ਆਪਣੀ ਭੈਣ ਨਾਨਕੀ ਕੋਲ ਰਹਿੰਦੇ ਰਹੇ | ਅਸਲ ਵਿਚ ਜਦੋਂ ਪਿਤਾ ਮਹਿਤਾ ਕਲਿਆਣ ਰਾਏ ਵਲੋਂ ਵਪਾਰ ਕਰਨ ਲਈ ਦਿੱਤੀ ਵੱਡੀ ਰਕਮ ਗੁਰੂ ਜੀ ਨੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਖਰਚ ਦਿੱਤੀ ਤਾਂ ਪਿਤਾ ਜੀ ਜ਼ਿਆਦਾ ਖਫ਼ਾ ਰਹਿਣ ਲੱਗੇ | ਬੇਬੇ ਨਾਨਕੀ ਅਤੇ ਭਾਈਏ ਜੈ ਰਾਮ ਦਾ ਗੁਰੂ ਨਾਨਕ ਦੇਵ ਜੀ ਨਾਲ ਖਾਸਾ ਪਿਆਰ ਸੀ | ਉਨ੍ਹਾਂ ਗੁਰੂ ਜੀ ਨੂੰ ਆਪਣੇ ਕੋਲ ਬੁਲਾ ਲੈਣ ਵਿਚ ਸਿਆਣਪ ਸਮਝੀ | ਇਹ 1501 ਦੇ ਕਰੀਬ ਦੀ ਗੱਲ ਹੋ ਸਕਦੀ ਹੈ | ਉਸ ਸਮੇਂ ਤੱਕ ਗੁਰੂ ਜੀ ਦੀ ਸ਼ਾਦੀ ਵੀ ਹੋ ਚੁੱਕੀ ਸੀ ਅਤੇ ਲ਼ਖਮੀ ਦਾਸ ਅਤੇ ਸ੍ਰੀਚੰਦ ਵੀ ਮੁੱਢਲਾ ਬਚਪਨ ਬਤੀਤ ਕਰ ਰਹੇ ਸਨ | ਗੁਰੂ ਜੀ ਦੇ ਵੇਲੇ ਸੁਲਤਾਨਪੁਰ 'ਤੇ ਨਵਾਬ ਦੌਲਤ ਖਾਨ ਦਾ ਰਾਜ ਸੀ | ਭਾਈਆ ਜੈ ਰਾਮ ਦੇ ਨਵਾਬ ਦੌਲਤ ਖਾਨ ਨਾਲ ਅੱਛੇ ਸੰਬੰਧ ਸਨ | ਉਸ ਨੇ ਗੁਰੂ ਜੀ ਨੂੰ ਸਰਕਾਰੀ ਮੋਦੀ ਖਾਨੇ ਵਿਚ ਮੋਦੀ ਰਖਵਾ ਦਿੱਤਾ | ਉਨ੍ਹਾਂ ਜ਼ਮਾਨਿਆਂ ਵਿਚ ਮਾਲੀਆ ਜਿਣਸ ਦੇ ਰੂਪ ਵਿਚ ਇਕੱਠਾ ਹੁੰਦਾ ਸੀ | ਤਨਖਾਹਾਂ ਵਿਚ ਵੀ ਜਿਣਸ ਦਿੱਤੀ ਜਾਂਦੀ ਸੀ | ਬਾਕੀ ਅਨਾਜ ਜਨਤਾ ਨੂੰ ਵੇਚ ਦਿੱਤਾ ਜਾਂਦਾ ਸੀ | ਨਵਾਬ ਨੂੰ ਵੀ ਅਜਿਹੇ ਇਮਾਨਦਾਰ ਵਿਅਕਤੀ ਦੀ ਲੋੜ ਸੀ, ਜੋ ਰੱਬ ਦੇ ਭਉ ਵਿਚ ਰਹਿਣ ਵਾਲਾ ਹੋਵੇ |
ਦੱਸਿਆ ਜਾਂਦਾ ਹੈ ਕਿ ਉਸ ਸਮੇਂ ਵੀ ਇਹ ਸ਼ਹਿਰ ਕਾਫੀ ਵੱਡਾ ਸੀ | ਇਸ ਦੇ 32 ਬਾਜ਼ਾਰ ਸਨ | ਡਡਵਿੰਡੀ ਇਸ ਦੀ ਦੁੱਧ ਮੰਡੀ ਸੀ ਤੇ ਲੋਹੀਆਂ ਲੋਹੇ ਨਾਲ ਸਬੰਧਿਤ ਕਾਰੋਬਾਰਾਂ ਲਈ ਮਸ਼ਹੂਰ ਸੀ ਪਰ ਸਭ ਤੋਂ ਵਧੀਆ ਗੱਲ ਕਿ ਵੇਈਾ ਦੇ ਕੰਢੇ 'ਤੇ ਸਾਈਾ ਖਰਬੂਜੇ ਸ਼ਾਹ ਵਰਗੇ, ਗੈਬ ਗਾਜ਼ੀ ਵਰਗੇ ਕਈ ਪੀਰਾਂ-ਫਕੀਰਾਂ ਅਤੇ ਅਲਮਸਤਾਂ ਦੇ ਡੇਰੇ ਸਨ | ਇਨ੍ਹਾਂ ਨਾਲ ਗੁਰੂ ਜੀ ਦੀ ਉਠਣੀ-ਬੈਠਣੀ ਹੋਣ ਲੱਗੀ | ਉਹ ਸਵੇਰੇ ਵੇਈਾ ਦੇ ਕੰਢੇ 'ਤੇ ਇਸ਼ਨਾਨ ਕਰਦੇ, ਸਮਾਧੀ ਲਗਾਉਂਦੇ, ਸਿਮਰਨ ਕਰਦੇ ਤੇ ਸ਼ਾਮ ਨੂੰ ਪੀਰਾਂ-ਫਕੀਰਾਂ ਦੀ ਸੰਗਤ ਕਰਦੇ | ਆਪਣੇ ਸਾਰੇ ਫਰਜ਼ ਇਮਾਨਦਾਰੀ ਨਾਲ ਨਿਭਾਉਂਦਿਆਂ, ਗ਼ਰੀਬ-ਗੁਰਬੇ ਦੀ ਸਹਾਇਤਾ ਕਰਦਿਆਂ ਛੇਤੀ ਹੀ ਉਨ੍ਹਾਂ ਦਾ ਮਨ ਟਿਕਾਓ ਵਿਚ ਰਹਿਣ ਲੱਗਾ ਤੇ ਉਹ ਆਪਣੇ ਪਰਿਵਾਰ ਨੂੰ ਵੀ ਇਥੇ ਲੈ ਆਏ | ਜਿਗਰੀ ਦੋਸਤ, ਮਰਾਸੀਆਂ ਦਾ ਮੁੰਡਾ ਮਰਦਾਨਾ ਵੀ ਨਾਲ ਆ ਗਿਆ | ਉਧਰੋਂ ਪਿੰਡ ਭਰੋਆਣੇ ਦਾ ਰਬਾਬੀ ਫਰਿੰਦਾ ਇਕ ਰਬਾਬ ਐਸੀ ਬਣਾਈ ਬੈਠਾ ਸੀ, ਜੋ ਉਹ ਕਿਸੇ ਖਾਸ ਪਰਵੀਨ ਗਿਆਤਾ ਅਤੇ ਕਦਰਦਾਨ ਨੂੰ ਹੀ ਵੇਚਣਾ ਚਾਹੁੰਦਾ ਸੀ | ਗੁਰੂ ਨਾਨਕ ਦੇਵ ਜੀ ਦਾ ਨਾਂਅ ਸੁਣ ਕੇ ਉਸ ਨੇ ਝੱਟ ਉਹ ਰਬਾਬ ਮਰਦਾਨੇ ਨੂੰ ਦੇ ਦਿੱਤੀ ਅਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਅਤੇ ਰਬਾਬ ਦਾ ਅਟੁੱਟ ਸਬੰਧ ਸੁਲਤਾਨਪੁਰ ਨਾਲ ਜੁੜ ਗਿਆ |
ਗੁਰੂ ਜੀ ਦੀ ਹਰ ਪਾਸੇ ਹੁੰਦੀ ਸੋਭਾ ਮੋਦੀ ਖਾਨੇ ਵਿਚ ਪਹਿਲਾਂ ਬੇਈਮਾਨੀਆਂ ਕਰਦੇ ਰਹੇ ਲੋਕਾਂ ਨੂੰ ਮਾਫਕ ਨਹੀਂ ਸੀ ਆ ਰਹੀ | ਉਹ ਮੌਕੇ ਦੀ ਭਾਲ ਵਿਚ ਸਨ | ਉਨ੍ਹਾਂ ਦੇਖਿਆ ਕਿ ਗੁਰੂ ਜੀ ਤੱਕੜੀ ਤੋਲਦਿਆਂ 'ਤੇਰਾਂ' ਦੀ ਗਿਣਤੀ 'ਤੇ ਆ ਕੇ ਕਈ ਵਾਰ 'ਤੇਰਾ, ਤੇਰਾ' ਕਹਿਣ ਲੱਗਦੇ | ਇਸ ਤਰ੍ਹਾਂ ਮਗਨਤਾ ਅਤੇ ਲੀਨਤਾ ਦੇ ਆਲਮ ਵਿਚ ਉਹ ਵੱਧ ਤੋਲ ਜਾਂਦੇ | ਦੋਖੀਆਂ ਨੇ ਨਵਾਬ ਕੋਲ ਪਹੁੰਚ ਕੀਤੀ | ਕੰਮ ਤੋਂ ਕੁਤਾਹੀ ਦੇ ਦੋਸ਼ ਲਾਏ | ਕਿਹਾ ਜਾਂਦਾ ਹੈ ਕਿ ਤਿੰਨ ਦਿਨ ਅਨਾਜ ਜੋਖਿਆ ਜਾਂਦਾ ਰਿਹਾ | ਹਿਸਾਬ ਵਿਚ ਘਟਣ ਦੀ ਬਜਾਏ ਅਨਾਜ ਸਗੋਂ ਵੱਧ ਨਿਕਲਿਆ | ਨਵਾਬ ਬੜਾ ਸ਼ਰਮਿੰਦਾ ਹੋਇਆ | ਉਸ ਨੇ ਗੁਰੂ ਜੀ ਨੂੰ ਮੁੜ ਮੋਦੀ ਖਾਨੇ ਦਾ ਕੰਮ ਜਾਰੀ ਰੱਖਣ ਲਈ ਕਿਹਾ, ਪਰ ਗੁਰੂ ਜੀ ਕਿਸੇ ਹੋਰ ਪਰਯੋਜਨ ਵਿਚ ਮਗਨ ਹੋ ਗਏ ਸਨ | ਉਹ ਤਾਂ ਪਹਿਲਾਂ ਹੀ ਸੋਚਦੇ ਰਹਿੰਦੇ ਸਨ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਸਿਰਫ ਮੋਦੀ ਖਾਨੇ ਤੱਕ ਸੀਮਤ ਨਹੀਂ | ਹੁਣ ਉਹ ਬਹੁਤ ਜ਼ਿਆਦਾ ਅੰਤਰ ਧਿਆਨ ਰਹਿਣ ਲੱਗੇ | ਇਕ ਦਿਨ ਵੇਈਾ 'ਤੇ ਇਸ਼ਨਾਨ ਕਰਦਿਆਂ ਐਸੀ ਟੁੱਬੀ ਮਾਰੀ, ਬਾਹਰ ਹੀ ਨਾ ਆਏ | ਟਹਿਲੂਆ ਕੱਪੜੇ ਲੈ ਕੇ ਚਲਾ ਗਿਆ | ਭਾਦਰੋਂ ਦੇ ਬਰਸਾਤੀ ਦਿਨ ਸਨ, ਸਮਝਿਆ ਗਿਆ ਕਿ ਹੜ੍ਹ ਵਿਚ ਰੁੜ੍ਹ ਗਏ ਹਨ | ਪਰ ਤਿੰਨ ਦਿਨ ਬਾਅਦ ਅਜੋਕੇ ਸੰਤ ਘਾਟ ਗੁਰਦੁਆਰੇ ਵਾਲੇ ਸਥਾਨ 'ਤੇ ਸਮਾਧੀ ਮੁਦਰਾ ਵਿਚ ਲੀਨ ਪ੍ਰਗਟ ਹੋਏ |
ਹੁਣ ਉਨ੍ਹਾਂ 'ਤੇ ਅਲੌਕਿਕ ਜਲੌਅ ਸੀ, ਚਿਹਰਾ ਨੂਰੋ-ਨੂਰ ਸੀ | ਮਹਾਤਮਾ ਬੁੱਧ ਵਾਂਗ ਕਿਸੇ ਰੂਹਾਨੀ ਗਿਆਨ ਨਾਲ ਸਰਸ਼ਾਰ | ਸਭ ਤੋਂ ਪਹਿਲਾ ਸੰਦੇਸ਼ ਦਿੱਤਾ : 'ਨਾ ਕੋ ਹਿੰਦੂ ਨਾ ਮੁਸਲਮਾਨ' | ਬਸ ਚੜਿ੍ਹਆ ਸੋਧਣ ਧਰਤ ਲੁਕਾਈ ਦਾ ਫੈਸਲਾ ਹੋ ਚੁੱਕਾ ਸੀ | ਸੁਲਤਾਨਪੁਰ ਰਹਿੰਦਿਆਂ ਸਾਢੇ ਚਾਰ ਸਾਲ ਹੋ ਚੁੱਕੇ ਸਨ, ਜਦੋਂ ਉਹ ਪਹਿਲੀ ਉਦਾਸੀ 'ਤੇ ਚੱਲ ਪਏ | ਹਰ ਉਦਾਸੀ ਤੋਂ ਬਾਅਦ ਉਹ ਮੁੜ ਸੁਲਤਾਨਪੁਰ ਆ ਜਾਂਦੇ | ਜ਼ਿੰਦਗੀ ਦੇ ਅਖੀਰਲੇ ਸਾਲ ਉਨ੍ਹਾਂ ਰਾਵੀ ਦੇ ਕੰਢੇ ਕਰਤਾਰਪੁਰ ਵਿਖੇ ਬਿਤਾਏ | ਅੱਜ ਸ਼ਰਧਾਲੂਆਂ ਨੂੰ ਕਰਤਾਰਪੁਰ ਦੇ ਦਰਸ਼ਨ ਕਰਨ ਲਈ ਲਾਹੌਰ ਤੋਂ ਹੋ ਕੇ ਆਉਣਾ ਪੈਂਦਾ ਹੈ, ਇਸ ਲਈ ਬਾਰਡਰ ਤੋਂ 4 ਕੁ ਕਿਲੋਮੀਟਰ ਦੇ ਲਾਂਘੇ ਦੀ ਵਿਵਸਥਾ ਦੀ ਗੱਲ ਪੰਜਾਬ, ਪਾਕਿਸਤਾਨ ਅਤੇ ਹਿੰਦੁਸਤਾਨ ਦੇ ਸਿਆਸੀ ਗਲਿਆਰਿਆਂ ਵਿਚ ਗੂੰਜਣ ਲੱਗੀ ਹੈ | ਇਹ ਸਭ ਨੂੰ ਪਤਾ ਹੈ ਕਿ ਇਸ ਦਾ ਕੀ ਅੰਜਾਮ ਹੋਣਾ ਹੈ ਪਰ ਹਾਲ ਦੀ ਘੜੀ ਇਸ ਨੇ ਸਿੱਖ ਸੰਗਤਾਂ ਦਾ ਧਿਆਨ ਸੁਲਤਾਨਪੁਰ ਵਲੋਂ ਜ਼ਰੂਰ ਲਾਂਭੇ ਪਾ ਦਿੱਤਾ ਹੈ |
ਗੁਰੂ ਜੀ ਦੇ ਲੰਬੇ ਠਹਿਰਾਅ ਵਾਲੇ ਤਿੰਨ ਹੀ ਸਥਾਨ ਬਣਦੇ ਹਨ : ਨਨਕਾਣਾ ਸਾਹਿਬ, ਸੁਲਤਾਨਪੁਰ ਲੋਧੀ ਅਤੇ ਕਰਤਾਰਪੁਰ | ਦੋ ਅਸਥਾਨਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਤੋਂ ਵੀਜ਼ਾ ਲੈਣਾ ਪੈਂਦਾ ਹੈ | ਉਥੋਂ ਦਾ ਵਿਕਾਸ ਜਾਂ ਪ੍ਰਬੰਧ ਵੀ ਸਾਡੇ ਵੱਸੋਂ ਬਾਹਰਾ ਹੈ | ਦੋਵਾਂ ਦੇਸ਼ਾਂ ਦੇ ਸਬੰਧ ਬਿਹਤਰ ਹੋਣ ਦੀਆਂ ਵੀ ਕੋਈ ਸੰਭਾਵਨਾਵਾਂ ਨਹੀਂ | ਅਸੀਂ ਆਪਣੇ ਆਖਰੀ ਗੁਰੂ ਜੀ ਦੀ ਜਨਮ-ਭੂਮੀ (ਪਟਨਾ ਸਾਹਿਬ), ਕਰਮ-ਭੂਮੀ (ਅਨੰਦਪੁਰ ਸਾਹਿਬ) ਅਤੇ ਪਰਲੋਕ-ਸੁਧਾਰ ਭੂਮੀ (ਨੰਦੇੜ ਸਾਹਿਬ) ਨੂੰ ਕਾਫੀ ਹੱਦ ਤੱਕ ਬਰਾਬਰ ਦਾ ਮਾਣ-ਸਤਿਕਾਰ ਦਿੱਤਾ ਹੈ | ਭਾਵੇਂ ਕਿ ਉਨ੍ਹਾਂ ਵਿਚੋਂ ਦੋ ਅਸਥਾਨ ਪੰਜਾਬੋਂ ਬਾਹਰ ਹਨ | ਪਰ ਪਹਿਲੇ ਗੁਰੂ ਜੀ ਦੇ ਮਾਮਲੇ ਵਿਚ ਅਜਿਹਾ ਨਹੀਂ ਹੋ ਸਕਿਆ | ਸੁਲਤਾਨਪੁਰ ਲੋਧੀ ਨੂੰ ਅਸੀਂ ਉਹ ਮੁਕਾਮ ਨਹੀਂ ਦੇ ਸਕੇ, ਜਿਸ ਦਾ ਉਹ ਹੱਕਦਾਰ ਹੈ | ਸੰਤ ਬਲਬੀਰ ਸਿੰਘ ਸੀਚੇਵਾਲ ਦੇ ਉਪਰਾਲਿਆਂ ਸਦਕਾ ਹੋਏ ਕੁਝ ਫੈਸਲਿਆਂ ਦੀ ਬਦੌਲਤ ਅਤੇ ਰੇਲ ਕੋਚ ਫੈਕਟਰੀ ਸਥਾਪਤ ਹੋਣ ਨਾਲ ਸਥਿਤੀ ਕੁਝ ਬਿਹਤਰ ਜ਼ਰੂਰ ਹੋਈ ਹੈ ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ |
ਸਾਲ 2019 ਵਿਚ ਗੁਰੂ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ | ਕੇਂਦਰ ਅਤੇ ਰਾਜ ਸਰਕਾਰਾਂ ਅਲੱਗ-ਅਲੱਗ ਪਾਰਟੀਆਂ ਦੀਆਂ ਹੋਣ ਕਰਕੇ ਕੇਂਦਰ ਤੋਂ ਵੱਡੀਆਂ ਉਮੀਦਾਂ ਨਹੀਂ ਕੀਤੀਆਂ ਜਾ ਸਕਦੀਆਂ, ਹਾਲਾਂਕਿ ਬੀਬੀ ਹਰਸਿਮਰਤ ਕੌਰ ਨੂੰ ਆਪਣਾ ਅਸਰ-ਰਸੂਖ ਵਰਤਣਾ ਚਾਹੀਦਾ ਹੈ ਅਤੇ ਏਮਜ਼ ਵਰਗੀ ਕੋਈ ਸੰਸਥਾ ਕਪੂਰਥਲਾ ਜ਼ਿਲ੍ਹੇ ਨੂੰ ਦੁਆਉਣੀ ਚਾਹੀਦੀ ਹੈ | ਪੰਜਾਬ ਵਿਚ ਧਾਰਮਿਕ-ਇਤਿਹਾਸਕ-ਸੱਭਿਆਚਾਰਕ ਸੈਰ-ਸਪਾਟਾ ਪ੍ਰਫੁੱਲਿਤ ਕਰਨ ਲਈ ਅੰਮਿ੍ਤਸਰ ਤੋਂ ਸ਼ਰਧਾਲੂਆਂ ਦਾ ਵਾਪਸੀ ਰੂਟ ਤਰਨ ਤਾਰਨ-ਗੋਇੰਦਵਾਲ-ਸੁਲਤਾਨਪੁਰ ਲੋਧੀ-ਆਰ.ਸੀ.ਐੱਫ.-ਸਾਇੰਸ ਸਿਟੀ-ਜਲੰਧਰ ਟੂਰ-ਲੂਪ ਦੇ ਤੌਰ 'ਤੇ ਵਿਕਸਤ ਕਰਨਾ ਚਾਹੀਦਾ ਹੈ, ਜਿਸ ਲਈ ਵਿਸ਼ਾਲ ਮਾਰਗੀਕਰਨ ਅਤੇ ਮਾਰਗ-ਸੁੰਦਰੀਕਰਨ ਕਰਨਾ ਚਾਹੀਦਾ ਹੈ | ਵਿਸ਼ੇਸ਼ ਸਬਸਿਡੀਆਂ ਦੇ ਕੇ ਇਸ ਰਸਤੇ 'ਤੇ ਮਨੋਰੰਜਨ ਅਤੇ ਥੀਮ-ਪਾਰਕ ਸਥਾਪਤ ਕਰਨ ਲਈ ਬਾਹਰਲੇ ਸ਼ਰਧਾਲੂ ਕਾਰੋਬਾਰੀਆਂ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ | 'ਨਾਲੇ ਨਾਵਾਂ ਨਾਲੇ ਨਾਮ' ਉਤਸ਼ਾਹਤ ਕਰਨਾ ਚਾਹੀਦਾ ਹੈ |
ਸੁਲਤਾਨਪੁਰ ਲੋਧੀ ਤੋਂ ਗੁਰੂ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ | ਇਤਿਹਾਸਕ ਤੌਰ 'ਤੇ ਵੀ ਇਸ ਨਗਰ ਦਾ ਬੁੱਧ, ਜੈਨ, ਹਿੰਦੂ, ਮੁਸਲਿਮ ਅਤੇ ਸਿੱਖ ਧਰਮ ਨਾਲ ਗਹਿਰਾ ਸਬੰਧ ਹੈ | ਗੁਰੂ ਜੀ ਆਪਣੇ ਵੇਲੇ ਦੀਆਂ ਸਭ ਭਾਸ਼ਾਵਾਂ ਦੇ ਪ੍ਰਬੁੱਧ ਗਿਆਤਾ ਸਨ | ਉਹ ਰਾਗ ਵਿੱਦਿਆ ਦੇ ਮਾਹਿਰ ਸਨ | ਉਨ੍ਹਾਂ ਕਈ ਰਾਗਾਂ ਵਿਚ ਗੁਰਬਾਣੀ ਉਚਾਰੀ | ਇਥੇ ਜਾਂ ਆਲੇ-ਦੁਆਲੇ ਉਨ੍ਹਾਂ ਦੇ ਇਨ੍ਹਾਂ ਸੰਕਲਪਾਂ ਨੂੰ ਸਮਰਪਿਤ ਬਹੁਤ ਉੱਚ ਪਾਏ ਦਾ ਅੰਤਰਰਾਸ਼ਟਰੀ ਪੱਧਰ ਦਾ ਵਿਸ਼ਵ-ਵਿਦਿਆਲਾ ਖੁੱਲ੍ਹਣਾ ਚਾਹੀਦਾ ਹੈ, ਜੋ ਤੁਲਨਾਤਮਿਕ ਧਰਮ-ਅਧਿਐਨ, ਗੁਰਮਤਿ ਸੰਗੀਤ ਅਤੇ ਭਾਸ਼ਾਵਾਂ 'ਤੇ ਆਧਾਰਿਤ ਹੋਵੇ | ਇਥੇ ਇਕ ਐਸੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਜਿੱਥੇ ਦੁਨੀਆ 'ਤੇ ਜੋ ਵੀ ਗੁਰੂ ਜੀ ਬਾਰੇ ਲਿਖਿਆ ਗਿਐ, ਉਪਲਬਧ ਹੋਵੇ |
ਸੁਲਤਾਨਪੁਰ ਲੋਧੀ ਵਿਖੇ ਗੁਰੂ ਜੀ ਦੀ ਯਾਦ ਵਿਚ 7-8 ਗੁਰਦੁਆਰੇ ਹਨ | ਉਂਜ ਇਥੇ ਆਉਂਦੇ ਸ਼ਰਧਾਲੂਆਂ ਦੇ ਮਨਾਂ ਵਿਚ ਬੇਬੇ ਨਾਨਕੀ ਦਾ ਘਰ ਵੇਖਣ ਦੀ, ਮੋਦੀ ਖਾਨਾ ਵੇਖਣ ਦੀ ਜਾਂ ਗੁਰੂ ਜੀ ਦੀਆਂ ਹੋਰ ਯਾਦ-ਪੈੜਾਂ ਲੱਭਣ ਦੀ ਅਭਿਲਾਸ਼ਾ ਹੁੰਦੀ ਹੈ | ਉਨ੍ਹਾਂ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਰੌਸ਼ਨ ਕਰਦਾ ਇਕ ਮਿਊਜ਼ੀਅਮ ਹੋਣਾ ਚਾਹੀਦਾ ਹੈ, ਜਿੱਥੇ ਅਤਿ ਆਧੁਨਿਕ ਤਕਨੀਕ ਅਤੇ ਪਰੰਪਰਾਗਤ ਕਲਾਵਾਂ ਦੇ ਸੁਮੇਲ ਰਾਹੀਂ ਉਨ੍ਹਾਂ ਦੇ ਜੀਵਨ-ਆਸ਼ੇ ਨੂੰ ਜੀਵੰਤ ਵਿਖਾਇਆ ਜਾ ਸਕੇ |
ਇਸ ਮੁਕੱਦਸ ਅਤੇ ਇਤਿਹਾਸਕ ਅਵਸਰ 'ਤੇ ਪੰਜਾਬ ਸਰਕਾਰ ਤੋਂ ਬਹੁਤ ਉਮੀਦਾਂ ਕੀਤੀਆਂ ਜਾਂਦੀਆਂ ਹਨ | ਲੋਕਾਂ ਦੇ ਮਨਾਂ ਵਿਚ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਗਏ 350 ਸਾਲਾ ਪ੍ਰਕਾਸ਼ ਉਤਸਵ ਦੀਆਂ ਯਾਦਾਂ ਅਜੇ ਸਜੀਵ ਹਨ | ਸਥਾਪਤ ਕਰ ਦਿੱਤਾ ਜਾਵੇ ਕਿ ਗੁਰੂਆਂ ਦੇ ਅਦਬ ਵਿਚ ਇਤਿਹਾਸਕ ਮੰਜ਼ਰ ਕਿਵੇਂ ਸਿਰਜੇ ਜਾਂਦੇ ਹਨ | ਇਸ ਦੀ ਕਾਮਯਾਬੀ ਲਈ ਸੰਤਾਂ, ਮਹਾਤਮਾਵਾਂ, ਮਹਾਂਪੁਰਸ਼ਾਂ, ਕਾਰੋਬਾਰੀਆਂ, ਐਨ.ਆਰ.ਆਈ. ਵੀਰਾਂ, ਗੱਲ ਕੀ ਹਰ ਕਿਸੇ ਦਾ ਸਹਿਯੋਗ ਲੈਣਾ ਚਾਹੀਦਾ ਹੈ ਅਤੇ 'ਨਾ ਕੋ ਹਿੰਦੂ ਨਾ ਮੁਸਲਮਾਨ' ਦੇ ਸੰਦੇਸ਼ ਨੂੰ ਧਿਆਨ ਵਿਚ ਰੱਖ ਕੇ, ਸੌੜੀ ਰਾਜਨੀਤੀ ਤੋਂ ਉੱਪਰ ਉੱਠ ਕੇੇ ਗੁਰੂ ਜੀ ਦਾ ਇਹ ਪੁਰਬ ਮਨਾਉਣਾ ਚਾਹੀਦਾ ਹੈ |

-ਨਡਾਲਾ, ਜ਼ਿਲ੍ਹਾ ਕਪੂਰਥਲਾ |
ਮੋਬਾਈਲ : 98152-53245