ਭਰਾਵਾਂ ਦੇ ਸ਼ਬਦ ਨਹੀਂ ਹੁੰਦੇ
bhai.jpgਭਾਰਤ ਪਾਕਿਸਤਾਨ ਦੀ ਵੰਡ ਦੇ ਸਮੇਂ ਮੇਰੀ ਉਮਰ ਤਿੰਨ ਸਾਲ ਦੀ ਸੀ ਪਰ ਮੈਨੂੰ ਹੁਣ ਤਕ ਕੁਝ ਘਟਨਾਵਾਂ ਯਾਦ ਹਨ। ਆਪਣੇ ਨਾਨਕਿਆਂ ਦੇ ਪਿੰਡ ਅਸੀਂ ਬੀਬੀ ਜੀ (ਮਾਤਾ) ਨਾਲ ਗਏ ਹੋਏ ਸਾਂ, ਤਾਂ ਇਹ ਪਾਕਿਸਤਾਨ ਦਾ ਰੌਲਾ ਪੈ ਗਿਆ। ਅਸੀਂ ਘੋੜੀਆਂ 'ਤੇ ਚੜ੍ਹ ਕੇ, ਫੁਲਰਵਾਨ ਪਿੰਡ ਤੋਂ ਸੱਚੇ ਸੌਦੇ ਗੁਰਦਵਾਰੇ ਆਏ ਜਿਥੇ ਕਈ ਦਿਨ ਰਹੇ। ਮੇਰੇ ਨਾਲ ਇਕ ਲੜਕਾ ਜਿਹੜਾ ਮੇਰੀ ਕੁ ਉਮਰ ਦਾ ਸੀ ਅਤੇ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਉਹ ਉਥੇ ਮੇਰੇ ਨਾਲ ਖੇਡਦਾ ਹੁੰਦਾ ਸੀ ਪਰ ਇਕ ਦਿਨ ਉਸ ਨੂੰ ਨਾਲ ਲੱਗਦੇ ਸਟੇਸ਼ਨ ਤੋਂ ਚਲੀਆਂ ਗੋਲੀਆਂ ਵਿਚੋਂ ਇਕ ਵਜੀ ਅਤੇ ਉਹ ਉਥੇ ਹੀ ਮਰ ਗਿਆ ਸੀ। ਉਸ ਦੀ ਮਾਂ ਕਾਫਲੇ ਨਾਲ ਭਾਰਤ ਨਹੀਂ ਸੀ ਆਉਣਾ ਚਾਹੁੰਦੀ ਪਰ ਬਦੋ-ਬਦੀ ਉਸ ਦੇ ਨਾਲ ਆਏ। ਲੋਕ ਲੈ ਆਏ ਸਨ ਮੈ ਬੀਬੀ ਜੀ ਬਾਦ ਵਿਚ ਕਈ ਵਾਰ ਪੁਛਦਾ ਹੁੰਦਾ ਸਾਂ ਕਿ ਉ ਮਾਂ ਦਾ ਕੀ ਬਣਿਆ ਅਤੇ ਉਹ ਕਿਥੇ ਗਈ ਸੀ ਪਰ ਬੀਬੀ ਜੀ ਨੂੰ ਸਿਰਫ ਇੰਨਾਂ ਹੀ ਪਤਾ ਸੀ ਕਿ ਉਹ ਉਹਨਾਂ ਲੋਕਾਂ ਨਾਲ ਕਰਨਾਲ ਜ਼ਿਲੇ ਵਿਚ ਚਲੀ ਗਈ ਸੀ ਅਤੇ ਉਸ ਤੋਂ ਇਲਾਵਾ ਉਹਨਾਂ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਜਦੋਂ ਅਸੀਂ ਆਪਣੇ ਪਿੰਡ ਦੇ ਇਕ ਘਰ ਵਿਚ ਵੜੇ ਤਾਂ ਮੈਂ ਆਪਣੀ ਦਾਦੀ ਜੀ ਦੀ ਉਂਗਲ ਫੜੀ ਹੋਈ ਸੀ ਅਤੇ ਇਕ ਕਮਰੇ ਦੀਆਂ ਛੱਤਾਂ ਦੇ ਬਾਲੇ ਸੜੇ ਹੋਏ ਸਨ, ਬਾਅਦ ਵਿਚ ਪਤਾ ਲਗਾ ਕਿ ਇਸ ਘਰ ਦਾ ਮਾਲਕ ਇਕ ਭਠੇ ਦਾ ਮਾਲਕ ਸੀ ਅਤੇ ਬਹੁਤ ਅਮੀਰ ਵਿਅਕਤੀ ਸੀ ਉਸ ਨੇ ਬੜੇ ਸ਼ੋਕ ਨਾਲ ਇਹ ਬਹੁਤ ਵੱਡਾ ਘਰ ਬਣਾਇਆ ਸੀ ਪਰ ਛੇਤੀ ਹੀ ਪਾਕਿਸਤਾਨ ਬਣ ਗਿਆ ਉਸ ਦੀ ਔਲਾਦ ਸਿਰਫ ਇਕ ਲੜਕੀ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ ਪਰ ਕਾਫਲੇ ਨਾਲ ਆਉਣ ਤੋਂ ਕੁਝ ਘੰਟੇ ਪਹਿਲਾਂ ਬਦਮਾਸ਼ਾਂ ਨੇ ਉਸ ਦੀ ਲੜਕੀ ਨੂੰ ਉਧਾਲ ਲਿਆ ਸੀ ਅਤੇ ਇਸ ਦੁੱਖ ਵਿਚ ਉਸ ਨੇ ਅੰਦਰ ਵੜ ਕੇ ਘਰ ਨੂੰ ਅੱਗ ਲਾ ਲਈ ਸੀ। ਬਾਹਰ ਜਦੋਂ ਲੋਕ ਉਸ ਨੂੰ ਕਾਫਲੇ ਨਾਲ ਜਾਣ ਲਈ ਉਡੀਕ ਰਹੇ ਸਨ ਤਾਂ ਉਹਨਾਂ ਉਸ ਘਰ ਵਿਚੋਂ ਉਠਦੀ ਅੱਗ ਵੇਖੀ ਉਹਨਾਂ ਅੱਗ ਬੁਝਾ ਤਾਂ ਦਿੱਤੀ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁਕੀ ਸੀ।

ਇਕ ਕਹਾਣੀਆਂ ਸਿਰਫ ਇਹੋ ਇਕ ਦੋ ਨਹੀਂ ਬਲਕਿ ਇਸ ਤਰਾਂ ਦੀਆਂ ਹਜ਼ਾਰਾਂ ਕਹਾਣੀਆਂ ਉਨਾਂ ਦਿਨਾਂ ਵਿਚ ਵਾਪਰੀਆਂ ਜਿੰਨਾਂ ਨੇ ਉਹਨਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਉਮਰ ਭਰ ਲਈ ਬਰਬਾਦ ਕਰ ਦਿੱਤਾ ਸੀ ਅਤੇ ਬਹੁਤ ਲੋਕ ਆਪਣੇ ਤੋਂ ਵਿਛੜੇ ਜੀਆਂ ਦੇ ਦੁੱਖ ਵਿਚ ਵਕਤ ਤੋਂ ਪਹਿਲਾਂ ਹੀ ਪੂਰੇ ਹੋ ਗਏ ਸਨ ਜਾਂ ਮਾਨਸਿਕ ਸੰਤੁਲਨ ਗਵਾ ਚੁਕੇ ਸਨ। ਇਹ ਇਕ ਉਹ ਵੰਡ ਸੀ ਜਿਹੜੀ ਦੁਨੀਆਂ ਦੇ ਇਤਹਾਸ ਵਿਚ ਪਹਿਲੀ ਵੰਡ ਸੀ ਜਿਸ ਵਿਚ ਇੰਨੀ ਵੱਡੀ ਗਿਣਤੀ ਵਿਚ ਵਸੋ ਦਾ ਤਬਾਦਲਾ ਇਕ ਲਾਈਨ ਤੋਂ ਇੱਧਰ ਜਾਂ ਉਧਰ ਹੋਇਆ, ਜਿਸ ਨੇ ਉਹਨਾਂ ਲੋਕਾਂ ਦੀਆਂ ਸਦੀਆਂ ਪੁਰਾਣੀਆਂ ਸਾਝਾਂ ਨੂੰ ਖਤਮ ਕਰ ਦਿੱਤਾ ਸੀ ਅਤੇ ਇਹ ਵੀ ਕਿੰਨੀ ਅਜੀਬ ਗੱਲ ਹੈ ਕਿ ਇੱਧਰ ਜਾਂ ਉਧਰ ਦੇ ਲੋਕ ਬਿਲਕੁਲ ਇਹ ਤਬਾਦਲਾ ਨਹੀਂ ਸਨ ਚਾਹੁੰਦੇ ਜਦੋਂ ਕਿ ਕੁਝ ਕੁ ਲੋਕਾਂ ਦੇ ਸੋੜੇ ਹਿਤਾਂ ਅਤੇ ਅੰਗਰੇਜ਼ ਹੁਕਮਗਨਾ ਦੀ ਮਰਜ਼ੀ ਅਨੁਸਾਰ ਇਹ ਵੱਡਾ ਦੁਖਾਂਤ ਵਾਪਰਿਆਂ।

ਭਾਪਾ ਜੀ ਅਤੇ ਭਾਈਆ ਜੀ (ਦਾਦਾ ਜੀ) ਹਮੇਸ਼ਾ ਉਸ ਪਾਸੇ ਛੱਡੀ ਹੋਈ ਆਪਣੀ ਜ਼ਮੀਨ, ਬਾਗ, ਹਵੇਲੀਆਂ, ਘਰਾਂ ਅਤੇ ਖਾਸ ਕਰਕੇ ਆਪਣੇ ਉਹਨਾਂ ਯਾਰਾਂ ਦੋਸਤਾਂ ਨੂੰ ਜਿੰਨਾਂ ਨਾਲ ਉਹਨਾਂ ਬਚਪਨ ਤੋਂ ਲੈ ਕੇ ਉਮਰ ਗੁਜ਼ਾਰੀ ਸੀ ਅਤੇ ਜਿਹੜੇ ਦੁੱਖ-ਸੁੱਖ ਵਿਚ ਇਕ ਦੂਜੇ ਦੇ ਰਿਸ਼ਤੇਦਾਰਾਂ ਤੋਂ ਵੀ ਜ਼ਿਆਦਾ ਕੰਮ ਆਏ ਸਨ, ਉਹਨਾਂ ਨੂੰ ਯਾਦ ਕਰਦੇ ਰਹਿੰਦੇ ਸਨ ਅਤੇ ਕਦੀ ਵੀ ਨਹੀਂ ਸਨ ਭੁਲ ਸਕੇ। ਭਾਪਾ ਜੀ ਅਤੇ ਭਾਈਆ ਜੀ ਕੋਲੋ ਮੈਂ ਆਮ ਸੁਣਦਾ ਹੁੰਦਾ ਸੀ ਅੱਜ ਤਾਂ ਸੁਪਨੇ ਵਿਚ ਸਾਰੀ ਰਾਤ ਮੈਂ ਆਪਣੀ ਸਿਰਾਂ ਵਾਲੀ ਜ਼ਮੀਨ ਨੂੰ ਪਾਣੀ ਲਾਉਦਾ ਰਿਹਾ ਹਾਂ, ਭਾਈਆ ਜੀ ਕਹਿੰਦੇ ਹੁੰਦੇ ਸਨ ਅੱਜ ਮੈਂ ਅਤੇ ਬੁੱਢੇ ਖਾਂ ਘੁੰਮਣ, ਨਜੀਰ ਦੇ ਮੁੰਡੇ ਦੇ ਵਿਆਹ ਵਿਚ ਸਾਰੀ ਰਾਤ ਸੁਪਨੇ ਵਿਚ ਇੱਕਠੇ ਹਾਂ।  ਮੈਂ ਮਹਿਸੂਸ ਕਰਦਾ ਹੁੰਦਾ ਸਾਂ ਕਿ ਭਾਪਾ ਜੀ ਅਤੇ ਭਾਈਆ ਜੀ ਦਾ ਦਿਲ ਅਜੇ ਵੀ ਆਪਣੀ ਉਸ ਜ਼ਮੀਨ ਅਤੇ ਉਸ ਛੱਡੇ ਹੋਏ ਘਰ ਵਿਚ ਹੈ।

ਹੋਵੇ ਵੀ ਕਿਉਂ ਨਾ, ਭਾਈਆ ਜੀ ਨੇ ਬਹੁਤ ਮਿਹਨਤ ਕੀਤੀ ਸੀ, 10 ਮੁਰੱਬੇ ਜ਼ਮੀਨ ਬਨਾਉਣੀ, ਨੰਬਰਦਾਰੀ, ਕਈ ਘੋੜੀਆਂ, ਮਝਾਂ, ਪਰਿਵਾਰ ਦੇ ਸ਼ਹਿਰ ਜਾਣ ਲਈ ਟਾਂਗਾ ਹੀ ਉਸ ਵੇਲੇ ਦੀ ਸਵਾਰੀ ਅਤੇ ਕਈ ਮੰਜ਼ਿਲਾਂ ਵਾਲਾ ਉਚਾ ਘਰ ਜਿਹੜਾ ਮੀਲਾਂ ਤੋ ਨਜ਼ਰ ਆ ਜਾਂਦਾ ਸੀ, ਪੂਰੀ ਲਗਨ ਅਤੇ ਦਿਲ ਨਾਲ ਬਣਾਇਆ ਸੀ, ਉਸ ਨੂੰ ਉਹ ਕਿਸ ਤਰ੍ਹਾਂ ਭੁੱਲ ਸਕਦੇ ਸਨ ਪਰ ਉਹਨਾਂ ਦੇਸ਼ਾਂ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਕਿ ਬਾਅਦ ਵਿਚ ਉਹ ਚਾਹੁਣ ਦੇ ਬਾਵਜੂਦ ਵੀ ਇਕ ਵਾਰ ਵੀ ਉਥੇ ਨਾ ਜਾ ਸਕੇ ਉਹ ਇਕੱਲੇ ਨਹੀਂ ਹਰ ਕੋਈ ਜਿਹੜਾ ਉਪਰੋ ਇੱਧਰ ਜਾ ਇੱਧਰੋ ਉਪਰ ਗਿਆ ਸੀ, ਉਸ ਨੂੰ ਹਮੇਸ਼ਾ ਘੱਟੋ-ਘੱਟ ਇਕ ਵਾਰ ਉਹਨਾਂ ਯਾਰਾਂ, ਦੋਸਤਾਂ, ਸੱਜਣਾਂ-ਮਿੱਤਰਾਂ ਨੂੰ ਮਿਲਣ ਦੀ ਖਾਹਿਸ਼ ਤੜਪਾਉਂਦੀ ਰਹੀ। ਪਰ ਦੋਨਾਂ ਦੇਸ਼ਾਂ ਦੀ ਵੀਜਾ ਪ੍ਰਣਾਲੀ ਅਤੇ ਪ੍ਰਬੰਧ ਇਸ ਲਈ ਰੁਕਾਵਟ ਬਣੇ ਰਹੇ।

ਭਾਪਾ ਜੀ ਕਈ ਵਾਰ ਇਕ ਗੱਲ ਦੱਸਦੇ ਹੁੰਦੇ ਸਨ ਕਿ 102 ਚੱਕ ਵਾਲਾ ਜੈਲਦਾਰ ਬੁਢੇ ਖਾਨ ਘੁੰਮਣ, ਭਾਈਆ ਜੀ ਦਾ ਵੱਡਾ ਯਾਰ ਸੀ। ਉਹ ਦੋਵੇਂ ਆਪਣੇ ਹੋਰ ਦੋਸਤਾਂ ਨੂੰ ਮਿਲਣ ਕਈ-ਕਈ ਦਿਨ ਚਲੇ ਜਾਂਦੇ ਸਨ। ਬੁਢੇ ਖਾਂ ਘੁੰਮਣ ਕੋਲ ਵੀ ਵੱਡੀ ਜ਼ਮੀਨ ਦੀ ਮਾਲਕੀ ਸੀ ਪਰ ਜੈਲਦਾਰੀ ਕਰਕੇ ਉਸ ਦੇ ਖਰਚ ਵੀ ਬਹੁਤ ਵੱਡੇ ਸਨ। ਭਾਈਆਂ ਜੀ ਨੇ ਤਾਂ ਕਦੀ ਵੀ ਇਸ ਗੱਲ ਦਾ ਜ਼ਿਕਰ ਨਹੀਂ ਸੀ ਕੀਤਾ ਪਰ ਭਾਪਾ ਜੀ ਨੇ ਦੱਸਿਆ ਕਿ ਇਕ ਵਾਰ ਬੁਢੇ ਖਾਨ ਦੀਆਂ ਦੋ ਲੜਕੀਆਂ ਦਾ ਵਿਆਹ ਇਕੱਠਾ ਹੀ ਸੀ ਅਤੇ ਇਕ ਸਵੇਰ ਬੁਢੇ ਖਾਨ ਦਿਨ ਚੜਣ ਤੋਂ ਪਹਿਲਾਂ ਹੀ ਭਾਈਆ ਜੀ ਨੂੰ ਮਿਲਣ ਘੋੜੀ 'ਤੇ ਆਇਆ ਅਤੇ ਚਾਹ ਪੀਣ ਤੋਂ ਬਾਅਦ ਭਾਈਆ ਜੀ ਦੀ ਬਾਂਹ ਫੜ ਕੇ ਵਿਹੜੇ ਵਿਚ ਲੈ ਗਿਆ। ਬਾਅਦ ਵਿਚ ਭਾਈਆ ਜੀ, ਅੰਦਰ ਚਲੇ ਅਤੇ ਉਹਨਾਂ ਨੇ ਉਸ ਨੂੰ ਲਿਆ ਕੇ 10 ਹਜ਼ਾਰ ਰੂਪਏ ਦੇ ਦਿੱਤੇ ਪਰ ਬੁੱਢੇ ਖਾਨ ਕਹਿਣ ਲੱਗਾ ਨਹੀਂ ਪਹਿਲਾਂ ਤੂੰ ਇਕ ਮੁਰੱਬਾ ਜ਼ਮੀਨ ਮੇਰੇ ਕੋਲੋ ਲਿਖਵਾ ਲੈ ਪਰ ਭਾਈਆਂ ਜੀ ਨੇ ਕਿਹਾ“ਬੁਢੇ ਖਾਨ ਕੀ ਬੇਵਕੂਫ ਵਾਲੀਆਂ ਗੱਲਾਂ ਕਰਦਾ ਹੈ। ਜੇ ਤੂੰ ਮੇਰਾ ਭਰਾ ਹੈ ਤਾਂ ਉਹ ਲੜਕੀਆਂ ਮੇਰੀਆਂ ਨਹੀਂ, ਲੈ ਜਾ ਜਦੋਂ ਹੋਣਗੇ ਦੇ ਦੇਵੀਂ ਛੇਤੀ ਬਾਅਦ ਵਿਚ ਪਾਕਿਸਤਾਨ ਬਣ ਗਿਆ।

ਇਕ ਵਾਰ ਮੈਂ ਪਾਕਿਸਤਾਨ ਗਿਆ ਮੇਰੇ ਕੋਲ ਸਰਗੋਧੇ ਦਾ ਵੀਜਾ ਸੀ ਇਸ ਲਈ ਮੈਂ ਆਪਣੇ ਪਿੰਡ ਚਲਾ ਗਿਆ। ਪਿੰਡ ਵਿਚ ਬਾਕੀ ਗੱਲ ਬਾਅਦ ਤੋਂ ਬਾਅਦ ਪਿੰਡ ਦਾ ਇਕ ਵਿਅਕਤੀ ਕਹਿਣ ਲੱਗਾ 102 ਚੱਕ ਵਾਲਾ ਮੁਹੰਮਦ ਸੁਫੀ ਬੁਢੇ ਖਾਨ ਘੁੰਮਣ ਦਾ ਪੋਤਰਾ ਮੁਹੰਮਦ ਸਫੀ ਜੋ ਇਕ ਵੱਡਾ ਲੀਡਰ ਹੈ ਹਮੇਸ਼ਾ ਤੁਹਾਡੇ ਪਰਿਵਾਰ ਨੂੰ ਯਾਦ ਕਰਦਾ ਰਹਿੰਦਾ ਹੈ ਉਹ ਤਾਂ ਅਜੇ ਤਕ ਸਾਡੇ ਪਿੰਡ ਆ ਕੇ ਤੁਹਾਡੇ ਪਰਿਵਾਰ ਨਾਲ ਸਾਂਝ ਹੋਣ ਕਰਕੇ ਵੋਟਾਂ ਮੰਗਦਾ ਹੈ ਤੁਸੀਂ ਉਸ ਨੂੰ ਜ਼ਰੂਰ ਮਿਲ ਕੇ ਜਾਇਉ। ਸਮਾਂ ਤਾਂ ਘੱਟ ਸੀ ਪਰ ਮੇਰੇ ਨਾਲ ਆਏ ਸਰਗੋਧੇ ਦੇ ਚੀਮਾਂ ਸਾਹਿਬ ਨੇ ਉਸ ਦਾ ਟੈਲੀਫੋਨ ਲੈ ਕੇ ਉਸ ਨਾਲ ਗੱਲ ਕਰਕੇ ਸਾਡੀ ਮੀਟਿੰਗ ਨਿਸ਼ਚਤ ਕਰ ਦਿੱਤੀ।

ਜਦੋ ਅਸੀਂ ਉਸ ਨੂੰ ਮਿਲਣ ਗਏ ਤਾਂ ਉਹ ਉਡੀਕ ਰਿਹਾ ਸੀ, ਉਸ ਨੇ ਆਪਣੇ ਪਰਿਵਾਰ ਦੇ ਸਭ ਮੈਂਬਰਾਂ ਨੂੰ ਇਕੱਠਾ ਕੀਤਾ। ਚਾਹ ਪੀਤੀ, ਪਕੋੜੇ ਖਾਧੇ ਹਾਲ ਚਾਲ ਪੁੱਛਿਆ ਅਤੇ ਸਾਰੇ ਪਰਿਵਾਰ ਦੇ ਸਾਹਮਣੇ ਆਪ ਹੀ ਕਹਿਣ ਲੱਗ ਪਿਆ, “ਸਰਦਾਰ ਸੀ ਸਾਡਾ ਸਾਰਾ ਪਰਿਵਾਰ ਤੁਹਾਡਾ ਕਰਜ਼ਾਈ ਹੈ, ਸਾਡੇ ਕੋਲੋ ਤੁਹਾਡੇ ਪੈਸੇ ਜਿਹੜੇ ਤੁਹਾਡੇ ਦਾਦਾ ਜੀ ਕੋਲੋ ਲਏ ਸਨ ਵਾਪਿਸ ਨਹੀਂ ਹੋ ਸਕੇ ਪਰ ਹੁਣ ਮੈਂ ਜਰੂਰ ਕਰਾਂਗਾਂ ਮੈ ਉਸ ਦੇ ਮੂੰਹ ਅਗੇ ਹੱਥ ਰੱਖ ਦਿੱਤਾ, ਇਹ ਲੈਣ ਦੇਣ ਦੀਆਂ ਗੱਲਾਂ ਨਾ ਕਰੋਂ, ਸਭ ਤੋਂ ਵੱਡੀ ਗੱਲ ਉਹ ਰਿਸ਼ਤੇ, ਉਹ ਪਿਆਰ, ਮੁਹੱਬਤ, ਹਮਦਰਦੀ ਅਤੇ ਨਜ਼ਰਾਂ ਵਿਚ ਭਰਾਵਾਂ ਵਾਲੀਆਂ ਭਾਵਨਾਵਾਂ ਖਤਮ ਹੋ ਗਈਆਂ ਜਿਹੜੀਆਂ ਅਜੇ ਵੀ ਉਹਨਾਂ ਪ੍ਰੀਵਾਰ ਨੂੰ ਜੋੜ ਰਹੀਆਂ ਹਨ।
ਫਿਰ ਮੈਂ ਉਠ ਕੇ ਛੁੱਟੀ ਲਈ, ਸਫੀ ਬੂਹੇ ਤਕ ਸਾਡੇ ਨਾਲ ਆਇਆ ਅਤੇ ਮੈਨੂੰ ਜਫੀ ਪਾ ਲਈ ਸਾਡੀਆਂ ਦੋਵਾਂ ਦੀਆਂ ਅੱਖਾਂ ਵਿਚ ਪਤਾ ਨਹੀਂ ਕਿਉ ਅਥਰੂ ਤਰ ਰਹੇ ਸਨ।
ਡਾ. ਸ.ਸ. ਛੀਨਾ