ਕਰਤਾਰਪੁਰ ਸਾਹਿਬ ਦੀ ਇਤਿਹਾਸਕ ਮਹੱਤਤਾ

2448355__2.jpg

ਭਾਰਤ ਦੇਸ਼ 1947 ਈ: ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ | ਪਾਕਿਸਤਾਨ ਵਿਚ ਰਹਿ ਰਹੇ ਸਿੱਖ ਤੇ ਹਿੰਦੂ ਆਪਣੀਆਂ ਕੀਮਤੀ ਜਾਇਦਾਦਾਂ ਪਾਕਿਸਤਾਨ ਵਿਚ ਛੱਡ ਕੇ ਭਾਰਤ ਵੱਲ ਤੁਰ ਪਏ | ਸਿੱਖ ਆਪਣੇ ਪ੍ਰਾਣਾਂ ਨਾਲੋਂ ਪਿਆਰੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਨੂੰ ਛੱਡ ਕੇ ਭਾਰਤ ਆ ਵਸੇ | ਪਾਕਿਸਤਾਨ ਵਿਚ ਸਿੱਖਾਂ ਦੇ ਸੈਂਕੜੇ ਧਾਰਮਿਕ ਅਤੇ ਇਤਿਹਾਸਕ ਅਸਥਾਨ ਹਨ | ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨਾਲ ਜੁੜਿਆ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਉਨ੍ਹਾਂ ਵਿਚੋਂ ਇਕ ਹੈ | ਖ਼ਾਲਸਾ ਪੰਥ ਪਿਛਲੇ 71 ਸਾਲਾਂ ਤੋਂ ਹਰ ਸਮੇਂ ਅਰਦਾਸ ਕਰਦਾ ਹੋਇਆ ਵਾਹਿਗੁਰੂ ਅੱਗੇ ਜੋਦੜੀ ਕਰਦਾ ਰਿਹਾ ਹੈ-
'ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੱੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ |'
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੇਸ਼ ਦੀ ਆਜ਼ਾਦੀ ਸਮੇਂ ਗੁਰੂ ਪੰਥ ਦੇ ਉਜਲ ਭਵਿੱਖ ਨੂੰ ਮੱੁਖ ਰੱਖ ਕੇ ਨਵੰਬਰ, 1948 ਈ: ਦੀ ਦੀਪਮਾਲਾ ਸਮੇਂ ਇਕ ਹੁਕਮਨਾਮਾ ਜਾਰੀ ਹੋਇਆ ਸੀ-

'ਅੰਮਿ੍ਤਸਰ ਦੀਪਮਾਲਾ ਦਾ ਵਾਰਸ਼ਿਕ ਇਕੱਠ ਉੱਤੇ ਦੂਰ-ਨੇੜੇ ਤੋਂ ਆਈਆਂ ਸਿੱਖ ਸੰਗਤਾਂ ਦੀ ਸੇਵਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੰਦੇਸ਼ :
ਸਾਡਾ ਭਾਰਤ ਵਿਦੇਸ਼ੀ ਗੁਲਾਮੀ ਤੋਂ ਆਜ਼ਾਦ ਹੋ ਚੱੁਕਾ ਹੈ ਤੇ ਆਜ਼ਾਦੀ ਦੀ ਭੇਟਾ ਸਿੱਖ ਸੰਗਤਾਂ ਨੇ ਬਹੁਤ ਦਿੱਤੀ ਹੈ | ਆਜ਼ਾਦ ਭਾਰਤ ਵਿਚ ਅਸੀਂ ਪੰਥ ਨੂੰ ਚੜ੍ਹਦੀਆਂ ਕਲਾਂ ਵਿਚ ਰੱਖਣਾ ਹੈ ਅਤੇ ਦੇਸ਼ ਨੂੰ ਤਰੱਕੀ ਦੇ ਸਿਖਰ ਉੱਤੇ ਪਹੁੰਚਾਉਣਾ ਹੈ | ਇਸ ਲਈ ਸਿੱਖ ਸੰਗਤਾਂ ਨੂੰ ਅਗਲੇ ਸਾਲ ਹੇਠ ਲਿਖੀਆਂ ਗੱਲਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ :
1. ਪਾਕਿਸਤਾਨ ਵਿਚ ਰਹਿ ਗਏ ਗੁਰਦੁਆਰਿਆਂ ਤੇ ਮਾਸੂਮ ਹਿੰਦੀ ਭੈਣਾਂ ਦੀ ਆਜ਼ਾਦੀ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨੀ |
2. ਪਾਕਿਸਤਾਨ ਵਿਚ ਘਰ-ਘਾਟ ਲੁਟਾ ਆਏ ਭਰਾਵਾਂ ਦੇ ਮੁੜ ਵਸੇਬੇ ਲਈ ਉੱਦਮ ਤੇ ਸਹਾਇਤਾ ਕਰਨੀ |
3. ਦੇਸ਼ ਦੀ ਰੱਖਿਆ ਲਈ ਫੌਜੀ ਸਿੱਖਿਆ ਲੈਣੀ |
4. ਸ਼ਰਾਬ ਪੀਣ ਦਾ ਤਿਆਗ ਕਰਨਾ |
ਉਸੇ ਸਮੇਂ ਤੋਂ ਸਿੱਖ ਸੰਗਤਾਂ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਲਈ ਅਰਦਾਸਾਂ ਕਰਦੀਆਂ ਆ ਰਹੀਆਂ ਹਨ | ਉਸ ਸਮੇਂ ਜਥੇਦਾਰ ਮੋਹਨ ਸਿੰਘ 'ਨਾਗੋਕੇ' ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ |
ਕਰਤਾਰਪੁਰ ਦਾ ਅਸਥਾਨ ਵੀ ਉਨ੍ਹਾਂ ਵਿਚੋਂ ਹੈ, ਜਿਸ ਨਾਲੋਂ ਪੰਥ ਨੂੰ ਵਿਛੋੜਿਆ ਗਿਆ ਹੈ | ਗੁਰੂ ਨਾਨਕ ਸਾਹਿਬ ਨੇ ਪਹਿਲੀ ਉਦਾਸੀ ਤੋਂ ਬਾਅਦ ਹੀ ਦੇਖ ਲਿਆ ਸੀ ਕਿ ਜੋ ਕੁਝ ਉਹ ਲੋਕਾਂ ਨੂੰ ਪ੍ਰਚਾਰ ਆਏ ਹਨ, ਉਸ ਦਾ ਪ੍ਰਤੱਖ ਪ੍ਰਮਾਣ ਦੇਣ ਲਈ ਕੋਈ ਨਾ ਕੋਈ ਸਥਾਨ ਕਾਇਮ ਕਰਨਾ ਜ਼ਰੂਰੀ ਹੈ | ਤਲਵੰਡੀ ਇਕ ਪਾਸੇ ਸੀ, ਗੁਰੂ ਜੀ ਨੇ ਰਾਵੀ, ਚਨਾਬ ਤੇ ਪਹਾੜੀ ਇਲਾਕੇ ਦੇ ਨੇੜੇ ਕੋਈ ਥਾਂ ਚੁਣਨ ਲਈ ਸੋਚਿਆ | ਉਸ ਸਮੇਂ ਬਾਬਰ ਏਮਨਾਬਾਦ ਤੋਂ ਤਾਂ ਵਾਪਸ ਚਲਾ ਗਿਆ ਸੀ ਪਰ ਉਸ ਦਾ ਹਮਲਾ ਕੋਈ ਆਖਰੀ ਹਮਲਾ ਨਹੀਂ ਸੀ | ਜਰਨੈਲੀ ਸੜਕ ਦੇ ਨੇੜੇ ਕਿਸੇ ਅਸਥਾਨ ਦਾ ਨਿਰਮਾਣ ਕਰਨਾ ਉਸ ਜੱੁਗ-ਗਰਦੀ ਦੇ ਜ਼ਮਾਨੇ ਵਿਚ ਉਚਿਤ ਨਹੀਂ ਸੀ | ਕਰਤਾਰਪੁਰ ਦਾ ਸਾਰਾ ਇਲਾਕਾ ਦੱਬਿਆ ਹੋਇਆ ਅਤੇ ਪਛੜਿਆ ਹੋਇਆ ਸੀ | ਜਿਸ ਥਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਚੁਣਿਆ, ਉਹ ਕਲਾਨੌਰ ਦੇ ਪਰਗਣੇ ਵਿਚ ਪੈਂਦਾ ਸੀ |
ਗੁਰੂ ਨਾਨਕ ਦੇਵ ਜੀ ਦੁਨੀ ਚੰਦ ਨੂੰ ਸਮਾਰਗ ਪਾ ਕੇ ਲਾਹੌਰ ਤੋਂ ਰਾਵੀ ਦੇ ਖੱਬੇ ਕਿਨਾਰੇ ਦੇ ਨਾਲ-ਨਾਲ ਚਲਦੇ ਹੋਏ ਪੱਖੋਕੇ ਰੰਧਾਵੇ ਪਹੁੰਚ ਕੇ ਪਿੰਡ ਤੋਂ ਬਾਹਰ ਇਕ ਬੋਹੜ ਹੇਠਾਂ ਬੈਠ ਗਏ | ਪੱਖੋਕੇ ਰੰਧਾਵੇ ਪਿੰਡ ਦਾ ਗੁਰੂ ਜੀ ਦਾ ਸਹੁਰਾ ਮੂਲਾ ਚੋਣਾ ਪਟਵਾਰੀ ਸੀ ਅਤੇ ਇਸ ਸਮੇਂ ਮਾਤਾ ਸੁਲੱਖਣੀ ਜੀ ਤੇ ਦੋਵੇਂ ਸਾਹਿਬਜ਼ਾਦੇ ਵੀ ਇਥੇ ਹੀ ਰਹਿੰਦੇ ਸਨ | ਜਦ ਮੂਲੇ ਚੋਣੇ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਬਾਹਰ ਬੋਹੜ ਹੇਠ ਫ਼ਕੀਰੀ ਭੇਸ ਵਿਚ ਬੈਠੇ ਹੋਏ ਹਨ ਤਾਂ ਉਹ ਪਿੰਡ ਦੇ ਚੌਧਰੀ ਅਜਿਤੇ ਰੰਧਾਵੇ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਆਇਆ ਅਤੇ ਬਹੁਤ ਵੱਧ-ਘੱਟ ਗੱਲਾਂ ਕੀਤੀਆਂ | ਪਰ ਕੁਝ ਦਿਨਾਂ ਬਾਅਦ ਗੁਰੂ ਸਾਹਿਬ ਨੇ ਕਰਤਾਰਪੁਰ ਵਸਾਉਣ ਦਾ ਵਿਚਾਰ ਭਾਈ ਅਜਿਤੇ ਰੰਧਾਵੇ ਨੂੰ ਦੱਸਿਆ | ਉਹ ਨਾ ਸਿਰਫ ਖੁਸ਼ ਹੋਇਆ, ਸਗੋਂ ਕੁਝ ਪਿੰਡਾਂ ਕੋਲੋਂ ਜ਼ਮੀਨ ਵੀ ਲੈ ਦਿੱਤੀ | ਭਾਈ ਅਜਿਤੇ ਰੰਧਾਵੇ ਨੇ ਗੁਰੂ ਜੀ ਦੇ ਨਿਵਾਸ ਵਾਸਤੇ ਛੇਤੀ ਹੀ ਕੋਠੇ ਪਾ ਦਿੱਤੇ | ਇਤਿਹਾਸ ਵਿਚ ਜ਼ਿਕਰ ਹੈ ਕਿ 13 ਮਾਘ ਸੰਮਤ 1572 ਨੂੰ ਮੋੜ੍ਹੀ ਗੱਡੀ, ਇਸ ਤਰ੍ਹਾਂ ਇਹ ਜਨਵਰੀ ਦੀ 9 ਤਰੀਕ ਸੰਨ 1516 ਈ: ਬਣਦੀ ਹੈ |
ਲਾਹੌਰ ਦਾ ਰਹਿਣ ਵਾਲਾ ਇਕ ਖੱਤਰੀ ਦੁਨੀ ਚੰਦ ਕਲਾਨੌਰ ਪਰਗਣੇ ਦਾ ਹਾਕਮ ਸੀ | ਉਹ ਕਰੋੜੀ ਮਲ ਦੇ ਨਾਂਅ ਨਾਲ ਵੀ ਮਸ਼ਹੂਰ ਸੀ | ਉਸ ਦੇ ਮਨ ਵਿਚ ਪਹਿਲਾਂ ਸਤਿਗੁਰੂ ਜੀ ਦੇ ਪ੍ਰਤੀ ਨਫਰਤ ਸੀ ਕਿ ਘਰ-ਘਾਟ ਛੱਡ ਕੇ ਇਕ ਮੁਸਲਮਾਨ ਮਿਰਾਸੀ ਨੂੰ ਨਾਲ ਲੈ ਕੇ ਫ਼ਕੀਰ ਬਣ ਗਏ ਹਨ | ਪਹਿਲਾਂ ਇਸ ਨੇ ਪਿੰਡ ਵਸਾਉਣ ਦੇ ਰਾਹ ਵਿਚ ਰੁਕਾਵਟਾਂ ਪਾਈਆਂ ਪਰ ਫਿਰ ਦਰਸ਼ਨ ਕਰਕੇ ਸ਼ਰਧਾਲੂ ਬਣ ਗਿਆ | ਪਿੰਡ ਦਾ ਪਟਾ ਲਿਖਾ ਕੇ ਉਸ ਨੇ ਆਪ ਸੂਬੇ ਤੋਂ ਤਸਦੀਕ ਕਰਵਾ ਲਿਆਂਦਾ | ਜਦੋਂ ਕੋਠੇ ਤਿਆਰ ਹੋ ਗਏ ਤਾਂ ਸਤਿਗੁਰੂ ਜੀ ਇਥੇ ਆਪਣੇ ਮਾਪਿਆਂ ਨੂੰ ਵੀ ਲੈ ਆਏ | ਭਾਈ ਮਰਦਾਨਾ ਵੀ ਆਪਣੇ ਸਾਰੇ ਪਰਿਵਾਰ ਨੂੰ ਕਰਤਾਰਪੁਰ ਲੈ ਆਇਆ |
ਕਰਤਾਰਪੁਰ ਵਸਣ ਸਮੇਂ ਕੱਟੜ ਖਿਆਲਾਂ ਦੇ ਮੁਸਲਮਾਨਾਂ ਨੇ ਰੌਲਾ ਵੀ ਪਾਇਆ ਅਤੇ ਕਰੋੜੀ ਮੱਲ ਸਭ ਤੋਂ ਮੂਹਰੇ ਸੀ | ਮੁਫ਼ਤੀ ਅਲੀ-ਉਦ-ਦੀਨ ਨੇ ਇਬਾਰਤਨਾਮਾ ਭਾਗ ਤੀਜੇ ਵਿਚ ਲਿਖਿਆ ਹੈ ਕਿ 'ਕਰੋੜੀ ਮੱਲ ਇਹ ਆਖੀ ਫਿਰਦਾ ਸੀ ਕਿ ਇਹ ਅਜੀਬ ਮਹਾਂਪੁਰਸ਼ ਹੈ, ਜਿਸ ਨੇ ਹਿੰਦੂ-ਮੁਸਲਮਾਨ ਦੋਵਾਂ ਦੇ ਧਰਮਾਂ ਵਿਚ ਹਲਚਲ ਮਚਾ ਦਿੱਤੀ ਹੈ | ਕੱਢ ਦਿਓ ਇਸ ਨੂੰ ਇਥੋਂ |' ਪਰ ਫਿਰ ਬਾਅਦ ਵਿਚ ਗੁਰੂ ਪਾਤਸ਼ਾਹ ਦਾ ਹੀ ਮੁਰੀਦ ਹੋ ਗਿਆ |
ਕਰਤਾਰਪੁਰ ਦੇ ਵਸਣ ਦੇ ਨਾਲ ਹੀ ਤਲਵੰਡੀ ਦੀ ਬਹੁਤੀ ਵਸੋਂ ਕਰਤਾਰਪੁਰ ਆ ਗਈ | ਗੁਰੂ ਸਾਹਿਬ ਨੇ ਧਰਮਸ਼ਾਲਾ ਬਣਵਾਈ | ਬਲਵੰਡ ਜੀ ਵੀ ਇਥੇ ਆ ਗਏ ਅਤੇ ਰੋਜ਼ ਕੀਰਤਨ ਹੁੰਦਾ | ਕਰਤਾਰਪੁਰ ਟਿਕ ਕੇ ਗੁਰੂ ਪਾਤਸ਼ਾਹ ਨੇ ਸ਼ਬਦ ਨੂੰ ਹੀ ਦਿ੍ੜ੍ਹਾਇਆ | ਸਵੇਰ ਸਮੇਂ ਜਪੁਜੀ ਸਾਹਿਬ ਦਾ ਪਾਠ ਹੁੰਦਾ, ਦਿਨ ਦੇ ਸਮੇਂ ਕਿਰਤ ਅਤੇ ਸ਼ਾਮ ਨੂੰ ਸੋਦਰ ਤੇ ਆਰਤੀ ਗਾਈ ਜਾਂਦੀ |
ਮੁਨਸ਼ੀ ਸੋਹਣ ਲਾਲ ਦਾ ਕਹਿਣਾ ਹੈ ਕਿ ਆਤਮਿਕ ਸ਼ਾਂਤੀ ਲਈ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਦੇ ਲੋਕੀਂ ਗੁਰੂ ਦੀ ਸੇਵਾ ਵਿਚ ਹਾਜ਼ਰ ਹੁੰਦੇ ਤੇ ਖੁਸ਼ੀਆਂ ਪ੍ਰਾਪਤ ਕਰਦੇ |
ਕਰਤਾਰਪੁਰ ਵਸਣ ਤੋਂ ਬਾਅਦ ਹਰ ਰੋਜ਼ ਅਨੇਕਾਂ ਸੰਗਤਾਂ ਪਹੁੰਚਦੀਆਂ ਤੇ ਦਰਸ਼ਨ ਦੀਦਾਰੇ ਕਰਦੀਆਂ | ਪਰ ਭਾਈ ਗੁਰਦਾਸ ਜੀ ਨੇ ਵੀਹ ਸਿੱਖਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਜੀਵਨ ਪਦਵੀ ਪਾਈ | ਉਨ੍ਹਾਂ ਵਿਚ ਭਾਈ ਤਾਰੂ ਜੀ, ਭਾਈ ਮੂਲਾ ਕੀੜ, ਭਾਈ ਪਿ੍ਥਾ, ਭਾਈ ਖੇਡਾ, ਭਾਈ ਮਰਦਾਨਾ, ਭਾਈ ਰਾਮਾ ਡਿਡੀ, ਭਾਈ ਦੌਲਤ ਖਾਨ, ਭਾਈ ਮਾਲੋ, ਭਾਈ ਮਾਂਗਾ ਜੀ, ਭਾਈ ਕਾਲੂ ਖੱਤਰੀ, ਭਾਈ ਭਗਤਾ ਜਾਪੂ, ਭਾਈ ਵੰਸੀ, ਭਾਈ ਸੀਹਾਂ, ਭਾਈ ਗਜਣ ਉਪਲ, ਭਾਈ ਭਗੀਰਥ, ਭਾਈ ਅਜਿੱਤਾ, ਬਾਬਾ ਬੱੁਢਾ ਜੀ, ਭਾਈ ਫਿਰਣਾ ਜੀ ਅਤੇ ਭਾਈ ਜੋਧ ਜੀ ਦਾ ਨਾਂਅ ਆਉਂਦਾ ਹੈ | ਭਾਈ ਗੁਰਦਾਸ ਜੀ ਨੇ ਇਸ ਸੂਚੀ ਰਾਹੀਂ ਦੱਸਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਕੋਲ ਹਰ ਜਾਤ-ਪਾਤ, ਹਰ ਦੇਸ਼, ਹਰ ਧਰਮ, ਹਰ ਪ੍ਰਕਾਰ ਦੇ ਲੋਕ ਆਉਂਦੇ ਤੇ ਉਪਦੇਸ਼ ਪ੍ਰਾਪਤ ਕਰਕੇ ਆਪਣਾ ਜੀਵਨ ਸਵਾਰਦੇ | ਮੁਹਸਨ ਫ਼ਾਨੀ ਨੇ ਇਸੇ ਲਈ 'ਦਾਬਿਸਤਾਨਿ ਮਜ਼੍ਹਬ' ਵਿਚ ਲਿਖਿਆ ਹੈ ਕਿ 'ਜੋ ਨਾਨਕ ਦੇ ਰਾਹ ਟੁਰ ਪੈਂਦੇ ਸਨ, ਉਨ੍ਹਾਂ ਨੂੰ 'ਕਰਤਾਰੀ' ਕਿਹਾ ਜਾਂਦਾ ਸੀ | ਮੰਨਣ ਵਾਲੇ ਇਕ ਤਾਂ ਕਰਤਾਰ ਵਾਹਿਗੁਰੂ ਦੇ ਉਪਾਸ਼ਕ ਹੁੰਦੇ ਸਨ, ਦੂਜੇ ਕਰਤਾਰਪੁਰ ਦੀ ਮਰਿਆਦਾ ਜਾ ਕੇ ਆਪਣੇ ਨਗਰਾਂ ਤੇ ਜੀਵਨ ਵਿਚ ਨਿਭਾਉਂਦੇ ਸਨ |'
ਕਰਤਾਰਪੁਰ ਦੀ ਮਰਿਆਦਾ ਸਮਝਣੀ ਕੋਈ ਸੌਖਾ ਕੰਮ ਨਹੀਂ ਸੀ | ਕਈ ਕਰਤਾਰਪੁਰ ਆਉਂਦੇ ਗੁਰੂ ਜੀ ਨੂੰ ਖੇਤਾਂ ਵਿਚ ਹਲ ਵਾਹੁੰਦਿਆਂ ਦੇਖ ਕੇ ਵਾਪਸ ਚਲੇ ਜਾਂਦੇ | ਕਈ ਗੁਰੂ ਜੀ ਨੂੰ ਗ੍ਰਹਿਸਤੀ ਦੇਖ ਨੱਕ ਚੜ੍ਹਾਉਂਦੇ | ਇਕ ਵਾਰ ਇਕ ਸਾਧੂਆਂ ਦੀ ਮੰਡਲੀ ਆਈ ਤੇ ਉਨ੍ਹਾਂ ਨੇ ਗੁਰੂ ਜੀ ਦੇ ਮਿੱਟੀ ਵਿਚ ਲਿਬੜੇ ਹੱਥ ਤੇ ਸੇਵਕਾਂ ਨੂੰ ਲੱਕੜਾਂ ਪਾੜਦੇ, ਲੰਗਰ ਤਿਆਰ ਕਰਦੇ ਦੇਖ ਕੇ ਕਿਹਾ, 'ਗੁਰੂ ਨਾਨਕ, ਤੁਸੀਂ ਤਾਂ ਜਾਨਵਰ ਪਾਲ ਰੱਖੇ ਹਨ |' ਗੁਰੂ ਜੀ ਨੇ ਉੱਤਰ ਦੇਣ ਦੀ ਥਾਂ ਉਸ ਟੋਲੀ ਦੇ ਮੁਖੀ ਨੂੰ ਕੁਝ ਦਿਨ ਹੋਰ ਟਿਕਣ ਲਈ ਕਿਹਾ ਅਤੇ ਜਦ ਉਹ ਕੁਝ ਦਿਨਾਂ ਬਾਅਦ ਵਾਪਸ ਜਾਣ ਲੱਗੇ ਤਾਂ ਉਸ ਟੋਲੀ ਦੇ ਮੁਖੀ ਨੇ ਕਿਹਾ ਕਿ, 'ਨਾਨਕ ਜੀ, ਤੁਸੀਂ ਤਾਂ ਇਨਸਾਨ ਪਾਲ ਰੱਖੇ ਹਨ |' ਮਹਾਰਾਜ ਨੇ ਕੁਝ ਦਿਨ ਹੋਰ ਰਹਿਣ ਲਈ ਕਿਹਾ | ਜਦੋਂ ਫਿਰ ਜਾਣ ਲੱਗੇ ਤਾਂ ਉਨ੍ਹਾਂ ਨੇ ਕਿਹਾ ਕਿ, 'ਗੁਰੂ ਨਾਨਕ ਜੀ, ਤੁਸੀਂ ਤਾਂ ਦੇਵਤੇ ਪਾਲ ਰੱਖੇ ਹਨ |' ਮਹਾਰਾਜ ਨੇ ਕੁਝ ਦਿਨ ਹੋਰ ਟਿਕਣ ਲਈ ਕਿਹਾ | ਜਦ ਉਹ ਅੰਤਿਮ ਵਿਦਾਇਗੀ ਲੈਣ ਲੱਗੇ ਤਾਂ ਸਾਰੇ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਝੁਕ ਗਏ ਤੇ ਇਕ ਜ਼ਬਾਨ ਨਾਲ ਬੋਲ ਉਠੇ ਕਿ 'ਮਹਾਰਾਜ, ਤੁਸੀਂ ਤਾਂ ਪਰਮਾਤਮਾ ਦੇ ਰੂਪ ਪਾਲੇ ਹੋਏ ਹਨ |' ਭਾਈ ਵੀਰ ਸਿੰਘ ਨੇ ਲਿਖਿਆ ਹੈ ਕਿ 'ਗੁਰੂ ਨਾਨਕ ਜਗਤ ਵਿਚ ਆਇਆ, ਸਾਨੂੰ ਆਦਮੀ ਬਣਾਇਆ | ਫਿਰ ਆਦਮੀ ਤੋਂ ਸਾਨੂੰ ਦੇਵਤਾ ਬਣਾ ਦਿੱਤਾ | ਸਾਡਾ ਹੁਣ ਧਰਮ ਇਹ ਹੈ ਕਿ ਧਰਮ ਦੀ ਕਿਰਤ ਕਰੀਏ, ਨਾਮ ਜਪੀਏ ਅਤੇ ਵੰਡ ਛਕੀਏ |'
ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਦੀ ਧਰਤੀ 'ਤੇ ਇਨਕਲਾਬ ਲਿਆਂਦਾ, ਜਦੋਂ ਪੱੁਤਰਾਂ ਨੂੰ ਛੱਡ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ੀ | ਇਸੇ ਧਰਤੀ 'ਤੇ ਗੁਰੂ ਨਾਨਕ ਪਾਤਸ਼ਾਹ 22 ਸਤੰਬਰ, 1539 ਈ: ਨੂੰ ਜੋਤੀ ਜੋਤ ਸਮਾਏ | ਆਰਚਰ ਦੇ ਕਹਿਣ ਮੁਤਾਬਿਕ ਕੇਵਲ ਇਕ ਗੁਰੂ ਨਾਨਕ ਜੀ ਹਨ, ਜਿਨ੍ਹਾਂ ਨੇ ਆਪਣੀ ਹਯਾਤੀ ਵਿਚ ਹੀ ਜਾਨਸ਼ੀਨ ਚੁਣਿਆ ਅਤੇ ਉਸ ਜ਼ਿੰਮੇ ਕੰਮ ਲਗਾਇਆ ਕਿ ਉਹ ਉਨ੍ਹਾਂ ਪਾਵਨ ਅਸੂਲਾਂ ਨੂੰ ਸਾਂਭੇ ਤੇ ਪ੍ਰਚਾਰ ਕਰੇ |
ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕਾਫੀ ਝਗੜਾ ਹੋਇਆ ਪਰ ਸਮੇਂ ਸਿਰ ਨਜਿੱਠ ਲਿਆ ਗਿਆ | ਰਾਬਰਟ ਐਨ. ਕਸਟ ਦਾ ਲਿਖਣਾ ਹੈ ਕਿ, 'ਸੰਸਾਰ ਵਿਚ ਕਿਧਰੇ ਇਹ ਨਹੀਂ ਦੇਖਿਆ ਜਾ ਸਕਦਾ ਕਿ ਇਕੋ ਪੁਰਸ਼ ਦਾ ਮਕਬਰਾ ਤੇ ਸਮਾਧ ਬਣੀ ਹੋਵੇ ਤੇ ਇਹ ਦੀਵਾਰ ਸਾਂਝੀ ਹੋਵੇ |' ਮਰਾਠੀ ਵਿਦਵਾਨ ਮਹੀਪਤ ਨੇ ਭਗਤ ਲੀਲਾਮਿ੍ਤ ਵਿਚ ਲਿਖਿਆ ਹੈ ਕਿ 'ਗੁਰੂ ਨਾਨਕ ਨੂਰਾਨੀ ਸੀ ਤੇ ਉਸ ਦਾ ਕੋਈ ਪ੍ਰਛਾਵਾਂ ਨਹੀਂ ਸੀ |'
ਅੱਜ 71 ਸਾਲ ਬਾਅਦ ਕਰਤਾਰਪੁਰ ਲਾਂਘੇ ਦਾ ਨੀਂਹ-ਪੱਥਰ ਰੱਖਿਆ ਜਾਣਾ ਇਕ ਮਹੱਤਵਪੂਰਨ ਘਟਨਾ ਹੈ | ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੀ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਲਿਆਉਣ ਵਿਚ ਸਹਾਈ ਹੋ ਸਕਦਾ ਹੈ |

-ਬਠਿੰਡਾ | ਮੋਬਾ: 98155-33725