.......ਠੰਢਾ ਬੁਰਜ....... |
![]() ਬੜੇ ਉੱਚੇ-ਸੁੱਚੇ ਉਹਨਾਂ ਦੋਹਾਂ ਦੇ ਖਿਆਲ ਨੇ l ਵੀਰੇ ਕਦ ਆਉਣਗੇ ਉਹ ਪੁੱਛਦੇ ਸਵਾਲ ਨੇ , ਬੜੇ ਹੀ ਦਲੇਰ ਗੁਰੂ ਗੋਬਿੰਦ ਦੇ ਲਾਲ ਨੇ। ਕਹਿਰ ਸੀ ਡਾਹਢਾ ਹੋਇਆ , ਜੁਲਮ ਦੀ ਹੱਦ ਦੇਖ ਕੇ ਠੰਢਾ ਬੁਰਜ ਵੀ ਰੱਜ ਕੇ ਰੋਇਆ । ਆਖਦਾ ਏ ਸੂਬਾ ਦੋਹੇਂ ਨੀਹਾਂ ‘ਚ ਚਿਣਾ ਦਿਓ, ਮੰਨਦੇ ਨੀਂ ਈਨ ਜੇ ਤਾਂ ਬਾਤ ਹੀ ਮੁਕਾ ਦਿਓ। ਗੋਬਿੰਦ ਦੇ ਲਾਲ ਗੋਦੀ ਮੌਤ ਦੀ ਸੁਲਾ ਦਿਓ, ਵੈਰੀ ਦਾ ਮੁੱਢੋਂ ਖੁਰਾ ਖੋਜ ਹੀ ਮਿਟਾ ਦਿਓ। ਭਾਰ ਪਾਪਾਂ ਦਾ ਢੋਇਆ, ਜੁਲਮ ਦੀ ਹੱਦ ਦੇਖ ਕੇ ਠੰਢਾ ਬੁਰਜ ਵੀ ਰੱਜ ਕੇ ਰੋਇਆ। ਲਾਉਂਦੇ ਨੇ ਜੈਕਾਰੇ ਬਾਲ ਧਰਮ ਲਈ ਅੜੇ ਨੇ , ਸੂਬੇ ਦੀ ਕਚਹਿਰੀ ਵਿੱਚ ਹਿੱਕ ਤਾਣ ਖੜ੍ਹੇ ਨੇ । ਸਿਰ ਸੋਂਹਦੀ ਕਲਗੀ ਜਿਉਂ ਮੋਤੀਆਂ ‘ਚ ਜੜੇ ਨੇ , ਜਾਮ ਦੋਹਾਂ ਹੱਥਾਂ ‘ਚ ਸ਼ਹਾਦਤਾਂ ਦੇ ਫੜੇ ਨੇ। ਸਿਦਕ ਨਹੀਂ ਸੀ ਖੋਇਆ , ਜੁਲਮ ਦੀ ਹੱਦ ਦੇਖ ਕੇ ਠੰਢਾ ਬੁਰਜ ਵੀ ਰੱਜ ਕੇ ਰੋਇਆ। ਵੇਖੋ ਕਿੰਝ ਜੰਝ ਦੋਹਾਂ ਲਾਲਾਂ ਦੀ ਚੜ੍ਹੀ ਏ, ਮੌਤ ਨਾਲ ਵਿਆਹੇ ਦਾਦੀ ਬਿਰਖ ਹੋਈ ਖੜ੍ਹੀ ਏ । ਕੈਸਾ ਹੈ ਇਹ ਪਹਿਰ ਕੇਹੀ ਦੁੱਖ ਵਾਲੀ ਘੜੀ ਏ, ਤੱਕ ਕੇ ‘ਪ੍ਰੀਤ’ ਲਾਈ ਹੰਝੂਆਂ ਦੀ ਝੜੀ ਏ l ਦਾਗ ਨਹੀਂ ਜਾਣ ਧੋਇਆ, ਜੁਲਮ ਦੀ ਹੱਦ ਦੇਖ ਕੇ, ਠੰਢਾ ਬੁਰਜ ਵੀ ਰੱਜ ਕੇ ਰੋਇਆ । ਮਨਦੀਪ ਕੌਰ ਪ੍ਰੀਤ...ਮੁਕੇਰੀਆਂ
27/dez/18
|