.......ਅਲਵਿਦਾ -2018....... |
![]() ਦੋ ਹਜ਼ਾਰ ਅਠਾਰਾਂ ਅਸਾਂ ਨਾਂ ਸੀ ਤੇਰਾ ਧਰਿਆ। ਬਾਰਾਂ ਮਹੀਨਿਆਂ 'ਚ ਹੈ ਤੂੰ,ਜਿਸ ਨੂੰ ਹੰਡਾਇਆ ਵੇ। ਤਿੰਨ ਸੌ ਸੀ ਪੈਂਠ ਦਿਨ ,ਤੇਰਾ ਸਰਮਾਇਆ ਵੇ। ਰਹਿ ਗਿਆ ਕੋਈ ਪਿਛੇ,ਭਾਵੇਂ ਚੱਲਿਆ ਕੋਈ ਨਾਲ ਵੇ। ਚੱਲਦਾ ਰਿਹਾ ਤੂੰ ਬੰਨੀ, ਇੱਕੋ ਜਿਹੀ ਚਾਲ ਵੇ। ਜਿੰਦਗੀ ਅਸਾਡੀ ਵਿਚ ,ਕਈ ਰੰਗ ਭਰਦਾ। ਦਿਨੇ ਰਾਤ ਰਿਹਾ ਸੈਂ ਤੂੰ,ਟਿਕ-ਟਿਕ ਕਰਦਾ। ਪੱਤਝੜ,ਹਾੜ ਤੇ ਸਿਆਲ ਤੂੰ ਹੰਡਾਏ ਵੇ। ਕਿਤੇ ਲਾਇਆ ਸੋਕਾ,ਕਿਤੇ ਡੋਬੇ ਵੀ ਤੂੰ ਲਾਏ ਵੇ। ਕਈਆਂ ਨੂੰ ਤੂੰ ਹਿੱਕ ਨਾਲ, ਲਾ ਕੇ ਸਵੀਕਾਰਿਆ। ਅੜ੍ਹੇ ਤੇਰੇ ਅੱਗੇ ਜਿਹੜੇ,ਉਹਨਾਂ ਨੂੰ ਤੂੰ ਝਾੜਿਆ। ਖੁਸ਼ੀਆਂ 'ਨਾ ਕਈਆਂ ਦੀਆਂ,ਝੋਲੀਆਂ ਤੂੰ ਭਰੀਆਂ। ਦੁੱਖਾਂ ਦੀਆਂ ਕਈਆਂ ਨੂੰ ਤੂੰ,ਦਿਤੀਆਂ ਨੇ ਝੜੀਆਂ। ਜਿਨ੍ਹਾਂ ਦੇ ਪਿਆਰ ਨੂੰ ,ਸਦੀਵੀਂ ਤੂੰ ਬਣਾਇਆ ਵੇ। ਦਿਲ ਵਾਲੀ ਮੁੰਦੀ ਤੈਨੂੰ ,ਉਹਨਾਂ ਨੇ ਜੜਾਇਆ ਵੇ। ਦੁਨੀਆਂ ਨੇ ਤੈਨੂੰ ਤੇ ਤੂੰ ,ਉਹਨੂੰ ਅਜਮਾ ਲਿਆ। ਤਵਾਰੀਖ਼ ਵਿਚ ਪੱਕਾ, ਨਾਂ ਤੂੰ ਲਿਖਵਾ ਲਿਆ। ਕਿਸੇ ਤੈਨੂੰ ਕੋਸਣਾ ਤੇ ਕਿਸੇ ਨੇ ਸਲਾਹੁੰਣਾ ਏਂ। ਇੱਕ ਗੱਲ ਪੱਕੀ ਏ,ਤੂੰ ਮੁੜ ਕੇ ਨਹੀਂ ਆਉਣਾ ਏਂ। ਦੋ ਹਜ਼ਾਰ ਉਨ੍ਹੀ ਤੇਰੀ ,ਬਣਨੀ ਔਲਾਦ ਵੇ। ਸ਼ਾਲਾ ਰਹਿਣ ਖੁਸ਼ੀਆਂ ਓਸ 'ਚ ਅਬਾਦ ਵੇ। ਯਾਦਾਂ ਸਾਡੀਆਂ ਦੇ ਨਾਲ ਜੁੜ ਜਾਣ ਵਾਲਿਆ। 'ਸੰਧੂ' ਦੀ ਸਲਾਮ ਤੈਨੂੰ ਤੁਰ ਜਾਣ ਵਾਲਿਆ। Sandhu Batalvi..29/12/18 |