....ਮੁਹੱਬਤ ਦਾ ਦਿਲਾਂ ਉੱਤੇ ਸਦਾ ਆਭਾਸ ਰੱਖਦੇ ਨੇ....

kvita.jpgਜੋ ਤਿੜਕੇ ਸ਼ੀਸ਼ਿਆਂ ਨੂੰ ਜੋੜਨੇ ਦੀ ਅਾਸ ਰੱਖਦੇ ਨੇ,
ਨਜ਼ਰੀਅਾ ਜ਼ਿੰਦਗੀ ਨੂੰ ਵੇਖਣੇ ਦਾ ਖਾਸ ਰੱਖਦੇ ਨੇ !

ਕਿ ਹਿੰਮਤ ਹੈ ਜਿਨ੍ਹਾਂ ਵਿਚ ਜੱਗ ਨੂੰ ਰੁਸ਼ਨਾਉਣ ਦੀ ਓਹੀ ,
ਸਦਾ ਹੀ ਜੱਗ ਦੇ ਸਾਹਵੇਂ ਨਵੇਂ ਇਤਿਹਾਸ ਰੱਖਦੇ ਨੇ !

ਜਿਨ੍ਹਾਂ ਦੇ ਜ਼ਿਹਨ ਵਿਚ ਮਾਰੂਥਲਾਂ ਦੀ ਰੇਤ ਉਡਦੀ ਹੈ ,
ਸਜਾਕੇ ਆਪਣੇ ਹੋਠੀਂ ਪਵਿੱਤਰ ਪਿਆਸ ਰੱਖਦੇ ਨੇ !

ਜਿਨ੍ਹਾਂ ਲਈ ਧੀ ਅਤੇ ਪੁੱਤਰ ਚ' ਕੋਈ ਫ਼ਰਕ ਨਈ ਹੁੰਦਾ ,
ਉਹ ਅਪਣੀ ਧੀ ਤੇ ਵੀ ਪੁੱਤਰ ਜਿਹਾ ਵਿਸ਼ਵਾਸ ਰੱਖਦੇ ਨੇ !

ਤੜਪਦੇ ਰਾਤ ਦਿਨ ਜਿਹੜੇ ਪ੍ਰੀਤਮ ਦੇ ਵਿਛੋੜੇ ਵਿਚ ,
ਵਸਾ ਕੇ ਆਪਣੇ ਸਾਹਾਂ ਚ' ਉਹ ਰਹਰਾਸਿ ਰੱਖਦੇ ਨੇ !

ਜਵਾਨੀ ਖਾ ਗਿਆ ਚਿੱਟਾ ਮੇਰੇ ਪੰਜਾਬ ਦੀ ਕਹਿਕੇ ,
ਮਰਨ ਜੋ ਸਰਹੱਦਾਂ ਤੇ ਉਹਨਾਂ ਨੂੰ ਮਿਥਿਹਾਸ ਰੱਖਦੇ ਨੇ !

ਨਤੀਜ਼ੇ ਸੋਚ ਕੇ ਤੁਰਦੇ ਨਹੀਂ ਮੰਜ਼ਿਲ ਤਲਾਸ਼ਣ ਨੂੰ ,
ਖ਼ੁਦਾ ਹੈ ਨਾਲ਼ ਜੋ ਏਨਾ ਦਿਲੋਂ ਧਰਵਾਸ ਰੱਖਦੇ ਨੇ !

ਕਹੋ ਸਰਕਾਰ ਨੂੰ ਕੋਈ ਕਿਸਾਨਾਂ ਤੋਂ ਵਜ੍ਹਾ ਪੁੱਛੇ ,
ਲੁਕਾ ਕੇ ਖੀਸਿਆਂ ਅੰਦਰ ਉਹ ਕਿਉਂ ਸਲਫ਼ਾਸ ਰੱਖਦੇ ਨੇ !

ਨਮਨ ਲੱਖ ਵਾਰ ਉਹਨਾਂ ਨੂੰ ਜੋ ਰੂਹਾਂ ਤੀਕ ਨਿਭ ਜਾਂਦੇ ,
ਮੁਹੱਬਤ ਦਾ ਦਿਲਾਂ ਉੱਤੇ ਸਦਾ ਆਭਾਸ ਰੱਖਦੇ ਨੇ !

“ ਅੰਜੂ ਥਾਪਰ “..30/12/18