ਸਰਬੱਤ ਦੇ ਭਲੇ ਨੂੰ ਪ੍ਰਨਾਈ ਹੋਈ ਹੈ ਸ੍ਰੀ ਗੁਰੂ ਨਾਨਕ ਦੀ ਫਿਲਾਸਫ਼ੀ

surinder.pnggurd.pngਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਲਈ ਹਰ ਪਾਸੇ ਤਿਆਰੀਆਂ ਹੋ ਰਹੀਆਂ ਹਨ। ਹਿੰਦੁਸਤਾਨ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੁਝ ਹਫ਼ਤੇ ਪਹਿਲਾਂ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਬੋਲਦਿਆਂ ਗੁਰੂ ਜੀ ਦੀ ਸੋਚ ਅਤੇ ਫਲਸਫੇ ਨੂੰ ਬਹੁਤ ਹੀ ਖੂਬੀ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਨੇ ਜੋ ਕਿਹਾ ਸੀ, ਉਸ ਸਿਧਾਂਤ 'ਤੇ ਸਭ ਨੂੰ ਚੱਲਣਾ ਚਾਹੀਦਾ ਹੈ, 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ।'
ਗੁਰੂ ਜੀ ਨੇ ਜਦੋਂ ਪਰਵਰਦਿਗਾਰ ਤੋਂ ਮਨੁੱਖ ਦੇ ਭਲੇ ਦੀ ਮੰਗ ਕੀਤੀ ਤਾਂ ਕੇਵਲ ਆਪਣੇ ਪਰਿਵਾਰ ਜਾਂ ਸੂਬੇ ਜਾਂ ਆਪਣੇ ਦੇਸ਼ ਲਈ ਨਹੀਂ, ਸਗੋਂ ਸਾਰੀ ਦੁਨੀਆ ਵਿਚ ਵਸਦੇ ਸਭ ਮਨੁੱਖਾਂ ਦਾ ਭਲਾ ਮੰਗਿਆ। ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਦੀ ਸਰਕਾਰ ਨੇ ਦੁਨੀਆ ਦੇ ਜਿੰਨੇ ਵੀ ਦੇਸ਼ਾਂ ਵਿਚ ਉਨ੍ਹਾਂ ਦੇ ਰਾਜਦੂਤਾਂ ਦੇ ਦਫਤਰ ਹਨ, ਉਨ੍ਹਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਸ਼ੁੱਭ ਅਵਸਰ 'ਤੇ ਵਧ-ਚੜ੍ਹ ਕੇ ਉਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਬਾਬਾ ਨਾਨਕ ਜੀ ਦੇ ਫਲਸਫੇ ਬਾਰੇ ਦੱਸਣ ਅਤੇ ਇਸ ਮੌਕੇ 'ਤੇ ਉਨ੍ਹਾਂ ਨੇ ਸਿੱਖ ਭਾਈਚਾਰੇ ਤੋਂ ਇਸ ਉੱਦਮ ਲਈ ਮਦਦ ਦੀ ਵੀ ਮੰਗ ਕੀਤੀ।
ਹਰ ਰੋਜ਼ ਸਵੇਰੇ, ਸ਼ਾਮ ਅਤੇ ਰਾਤ ਨੂੰ ਸੌਣ ਲੱਗਿਆਂ, ਹਰ ਖੁਸ਼ੀ ਅਤੇ ਗਮੀ ਦੀ ਰਸਮ ਵੇਲੇ, ਹਰ ਇਕ ਬਿਪਤਾ ਜਾਂ ਜਿੱਤ ਦੇ ਮੌਕੇ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੇਵਕ ਆਪਣੀ ਅਰਦਾਸ ਵਿਚ ਗੁਰੂ ਜੀ ਦੇ ਇਹ ਸ਼ਬਦ ਦਰਸਾਉਂਦਾ ਹੈ, 'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।' ਇਥੋਂ ਤੱਕ ਕਿ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਪਾਰਬ੍ਰਹਮ ਨੂੰ ਸੰਬੋਧਤ ਕਰ ਕੇ ਆਖਿਆ ਸੀ, 'ਜਗਤੁ ਜਲੰਦਾ ਰਖਿਲੈ ਆਪਣੀ ਕਿਰਪਾ ਧਾਰਿ॥'

ਅੱਜ ਸਮਾਂ ਆ ਗਿਆ ਹੈ ਕਿ ਮਨੁੱਖਤਾ ਨੂੰ ਗੁਰੂ ਜੀ ਬਾਬਤ ਜਾਣਕਾਰੀ ਦਿੱਤੀ ਜਾਵੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ 'ਇਕ ਪਰਮਾਤਮਾ' ਦਾ ਪ੍ਰਚਾਰ ਕੀਤਾ, ਜਦੋਂ ਕਿ ਸਾਡੇ ਦੇਸ਼ ਵਿਚ 33 ਕਰੋੜ ਦੇਵਤੇ ਸਨ। ਪਰਮਾਤਮਾ ਸਭ ਦਾ ਸਾਂਝਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਰਮਾਤਮਾ ਨੂੰ ਵਾਹਿਗੁਰੂ, ਪ੍ਰਭੂ, ਅੱਲਾ, ਸੁਆਮੀ, ਨਰਾਇਣ, ਹਰੀ ਸਭ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉਹ ਸਭ ਦਾ ਸਾਂਝਾ ਹੈ, ਜਿਵੇਂ ਕਿਹਾ ਗਿਆ ਹੈ, 'ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।' ਇਕ ਪਰਮਾਤਮਾ ਦੀ ਵਿਆਖਿਆ ਉਨ੍ਹਾਂ ਨੇ ਮੂਲ ਮੰਤਰ ਰਾਹੀਂ ਕੀਤੀ, 'ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥'
ਗੁਰੂ ਜੀ ਨੇ ਗਿਆਨ ਪ੍ਰਾਪਤੀ ਲਈ ਸਾਰਿਆਂ ਦੇ ਧਰਮਾਂ ਅਤੇ ਵਿਚਾਰਾਂ ਨੂੰ ਸਮਝਣ ਲਈ ਚਾਰ ਉਦਾਸੀਆਂ ਕੀਤੀਆਂ।
(1) ਪਹਿਲੀ ਉਦਾਸੀ-1499 ਤੋਂ 1510 ਈ:, ਪੂਰਬ ਵੱਲ ਗਏ, ਹਰਿਦੁਆਰ, ਆਸਾਮ, ਬੰਗਾਲ ਅਤੇ ਉੜੀਸਾ।
(2) ਦੂਜੀ ਉਦਾਸੀ-1511 ਤੋਂ 1514, ਦੱਖਣ-ਸ੍ਰੀਲੰਕਾ, ਕੇਰਲਾ, ਗੁਜਰਾਤ, ਸਿੰਧ ਆਦਿ।
(3) ਤੀਜੀ ਉਦਾਸੀ-1515 ਤੋਂ 1516, ਪੂਰਬ-ਕਸ਼ਮੀਰ, ਤਿੱਬਤ, ਕੁਝ ਹਿੱਸਾ ਰੂਸ ਦਾ।
(4) ਚੌਥੀ ਉਦਾਸੀ-1517 ਤੋਂ 1522, ਪੱਛਮ-ਇਰਾਕ, ਈਰਾਨ।
ਗੁਰੂ ਜੀ ਨੇ ਜਪੁ ਜੀ ਸਾਹਿਬ, ਆਸਾ ਜੀ ਕੀ ਵਾਰ, ਦੱਖਣੀ ਉਂਕਾਰ, ਸਿਧਗੋਸਟਿ ਤੇ ਬਾਰਾਮਾਹ ਦੀ ਬਾਣੀ ਆਮ ਲੋਕਾਂ ਦੇ ਸਮਝਣ ਵਾਲੇ ਸ਼ਬਦਾਂ ਵਿਚ ਰਚੀ।
ਭਾਈ ਗੁਰਦਾਸ ਜੀ ਨੇ ਕਿਹਾ, 'ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ'। ਭਾਰਤ ਦਾ ਸਮਾਜ ਜਾਤਾਂ ਵਿਚ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ, ਦੇਸ਼ ਵਾਸੀ ਇਕ-ਦੂਜੇ ਨੂੰ ਕਾਫ਼ਰ ਸਮਝਦੇ ਸਨ। ਔਰਤਾਂ ਦੀ ਦਸ਼ਾ ਬਹੁਤ ਹੀ ਖ਼ਰਾਬ ਸੀ। ਪੁਜਾਰੀ ਲੋਕਾਂ ਨੂੰ ਲੁੱਟ ਰਹੇ ਸਨ। ਗੁਰੂ ਜੀ ਆਮ ਲੋਕਾਂ ਵਿਚੋਂ ਸਨ ਅਤੇ ਜਾਣਦੇ ਸਨ ਕਿ ਆਮ ਲੋਕਾਂ ਨੂੰ ਕੀ ਤਕਲੀਫਾਂ ਹਨ ਅਤੇ ਉਨ੍ਹਾਂ ਦਾ ਦਿਲ ਕਿਵੇਂ ਜਿੱਤਿਆ ਜਾ ਸਕਦਾ ਹੈ। ਗੁਰੂ ਜੀ ਨੇ ਉਸ ਵੇਲੇ ਦੀ ਸੋਚ, ਜਿਸ ਵਿਚ ਬਹੁਤ ਪਖੰਡ ਅਤੇ ਧੋਖੇਬਾਜ਼ੀ ਸੀ, ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਗੁਰੂ ਜੀ ਦੀ ਵਿਰੋਧਤਾ ਵੀ ਹੋਈ, ਜਿਵੇਂ ਆਪਣੀ ਬਾਣੀ ਵਿਚ ਉਨ੍ਹਾਂ ਲਿਖਿਆ ਹੈ-
ਕੋਈ ਆਖੈ ਭੂਤਨਾ ਕੋ ਕਹੇ ਬੇਤਾਲਾ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ॥
ਗੁਰੂ ਜੀ ਆਪਣੇ ਵਿਚਾਰਾਂ ਦਾ ਡਟ ਕੇ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਸਹੀ ਮਾਰਗ ਦਿਖਾਉਂਦੇ ਰਹੇ।
(1) ਗੁਰੂ ਦਾ ਧਰਮ ਨਿਰਵੈਰਤਾ ਹੈ 'ਨਿਰਭਉ ਅਤੇ ਨਿਰਵੈਰੁ' ਹੈ।
(2) ਗੁਰੂ ਸਭ ਦਾ ਸਾਂਝਾ ਹੈ।
(3) ਉਹ ਸਭ ਦਾ ਭਲਾ ਮੰਗਦੇ ਹਨ।
(4) ਸਿੱਖ ਧਰਮ ਵਿਚ ਹਰ ਗੁਰਦੁਆਰੇ ਦੇ ਚਾਰ ਦਰਵਾਜ਼ੇ ਹਨ।
(5) ਸਾਂਝਾ ਲੰਗਰ ਹੈ।
ਸਾਂਝੀਵਾਲਤਾ ਦਾ ਧਰਮ ਹੈ, ਗੁਰੂ ਜੀ ਨੇ ਕਿਹਾ-
(1) ਆਚਾਰ : ਸਚਹੁ ਓਰੈ ਸਭੁ ਕੋ ਉਪਰਿ ਸਭੁ ਆਚਾਰੁ॥
(2) ਬੁਰਾ ਚੰਗਾ ਕੌਣ ਹੈ :
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ॥
ਗੁਰੂ ਜੀ ਕਹਿੰਦੇ ਹਨ, 'ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋ ਰੋਈ॥
(3) ਔਰਤ : ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
(4) ਖਾਣਾ ਕਿਹੜਾ ਖਾਈਏ : ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥
(5) ਅਕਲ : ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜ੍ਹਿ ਕੇ ਬੁਝੀਐ ਅਕਲੀ ਕੀਚੈ ਦਾਨੁ॥
6. ਮਨਿ ਜੀਤੈ ਜਗੁ ਜੀਤੁ॥
7. ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥
8. ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
9. ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
10. ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥
11. ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥
ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੈ ਰਹਨ੍ਹਿ ਚੜੇ॥
ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ॥
ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ॥
ਗੁਰੂ ਦੀ ਬਾਣੀ ਵਿਚ ਗਿਆਨ ਹੀ ਗਿਆਨ ਹੈ ਅਤੇ ਹਰ ਪ੍ਰਾਣੀ ਲਈ ਇਹ ਜ਼ਿੰਦਗੀ ਦਾ ਚੰਗਾ ਰਾਹ ਦਿਖਾਉਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿਚ ਕਿਸੇ ਨਾਲ ਝਗੜਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਧਰਮ ਨੂੰ ਮਾੜਾ ਕਿਹਾ। ਉਹ ਕੇਵਲ ਸੁਲਝੇ ਢੰਗ ਨਾਲ ਗ਼ਲਤ ਸੋਚਾਂ ਦਾ ਖੰਡਨ ਕਰਦੇ ਸਨ।
ਚੰਡੀਗੜ੍ਹ ਵਿਚ ਸਥਾਪਤ 'ਸਿਵਲ ਸੁਸਾਇਟੀ' ਨੂੰ ਯੂ.ਐਨ.ਓ. ਵਲੋਂ ਇੰਡੀਅਨ ਫੈਡਰੇਸ਼ਨ ਆਫ ਯੂਨਾਈਟਿਡ ਨੇਸ਼ਨਜ਼ ਵਲੋਂ ਸੰਦੇਸ਼ ਆਇਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸ਼ੁੱਭ ਦਿਹਾੜਾ 3 ਤੋਂ 9 ਨਵੰਬਰ, 2019 ਨੂੰ ਮਨਾਇਆ ਜਾਵੇ ਅਤੇ ਇਸ ਵਿਚ ਦੁਨੀਆ ਦੇ ਸਾਰੇ ਵੱਡੇ ਲੀਡਰਾਂ ਨੂੰ ਬੁਲਾਇਆ ਜਾਵੇ ਤੇ ਉਨ੍ਹਾਂ ਨੂੰ ਬਾਬਾ ਜੀ ਦੀ ਫਿਲਾਸਫੀ ਬਾਬਤ ਦੱਸਿਆ ਜਾਵੇ, ਕਿਉਂਕਿ ਆਉਣ ਵਾਲੇ ਸਮੇਂ ਵਿਚ ਟੈਕਨਾਲੋਜੀ ਦੀ ਵਰਤੋਂ ਕਰਕੇ ਦੇਸ਼ ਇਕ-ਦੂਜੇ ਦੇ ਨੇੜੇ ਆ ਰਹੇ ਹਨ। ਇਸ ਨਾਲ ਵਪਾਰ ਵਿਚ ਵਾਧਾ ਤਾਂ ਹੋਵੇਗਾ ਹੀ ਪਰ ਵੈਰ-ਵਿਰੋਧ ਵੀ ਵਧੇਗਾ। ਆਉਣ ਵਾਲੇ ਸਮੇਂ ਵਿਚ ਬਾਬਾ ਨਾਨਕ ਜੀ ਦੀ ਫਿਲਾਸਫੀ ਦੀ ਬਹੁਤ ਲੋੜ ਪਵੇਗੀ, ਜੇਕਰ ਇਸ ਸੰਸਾਰ ਨੂੰ ਸੁੰਦਰ ਅਤੇ ਸ਼ਾਂਤਮਈ ਬਣਾਉਣਾ ਹੈ।
ਸਭ ਤੋਂ ਦੁੱਖ ਵਾਲੀ ਗੱਲ ਹੈ ਕਿ ਸਾਡੀਆਂ ਅਖ਼ਬਾਰਾਂ, ਟੀ. ਵੀ. ਅਤੇ ਹੋਰ ਪ੍ਰਸਾਰ ਕਰਨ ਵਾਲੇ ਸਾਧਨ ਬਾਬਾ ਨਾਨਕ ਜੀ ਨੂੰ ਸਿੱਖਾਂ ਦਾ ਹੀ ਗੁਰੂ ਲਿਖੀ ਅਤੇ ਕਹੀ ਜਾਂਦੇ ਹਨ। ਸਿੱਖ ਕੌਮ ਦੀ ਇਹ ਮਹਾਨਤਾ ਹੈ ਅਤੇ ਵਰਦਾਨ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਦੀ ਵਿਰਾਸਤ ਨੂੰ ਅੱਜ ਤੱਕ ਸਾਂਭ ਰੱਖਿਆ ਹੈ, ਜੋ ਸਭਨਾਂ ਦੇ ਗੁਰੂ ਸਨ। ਯਾਦ ਕਰੋ, ਜਦੋਂ ਕਰਤਾਰਪੁਰ ਵਿਚ ਗੁਰੂ ਜੀ ਦੇ ਅਕਾਲ ਚਲਾਣੇ ਸਮੇਂ ਹਿੰਦੂ ਅਤੇ ਮੁਸਲਮਾਨ ਗੁਰੂ ਜੀ ਦਾ ਪਾਵਨ ਸਰੀਰ ਲੈਣ ਲਈ ਵਿਵਾਦ ਕਰ ਰਹੇ ਸਨ ਤਾਂ ਸਫੈਦ ਚਾਦਰ ਹੇਠ ਉਨ੍ਹਾਂ ਦੇ ਫੁੱਲ ਮਿਲੇ, ਜੋ ਦੋਵਾਂ ਧਿਰਾਂ ਨੇ ਆਪੋ ਵਿਚ ਵੰਡ ਲਏ।


-199, ਸੈਕਟਰ 16-ਏ, ਚੰਡੀਗੜ੍ਹ-160015.
ਮੋਬਾ: 94170-04482