ਦੇਸ ਮੇਰਾ ਜੇ ਬਾਂਹ ਫੜ ਲੈਂਦਾ ਦੇ ਕੇ ਦਿਲੋਂ ਤਸੱਲੀ, ਮੈਂ ਪ੍ਰਦੇਸੀਂ ਆ ਕੇ ਨਾ ਇਹ ਸਹਿੰਦਾ ਪੀੜ ਅਵੱਲੀ।

mam_k.jpg(ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਪਹੁੰਚੇ ਇੱਕ ਨੌਜਵਾਨ ਦੇ ਸੰਘਰਸ਼ ਦੀ ਕਹਾਣੀ ,ਉਸ ਦੀ ਜ਼ਬਾਨੀ)

ਮੇਰੇ ਬੇਲੀ ਵਿੱਚ ਵਿਦੇਸ਼ਾਂ ਪਹੁੰਚੇ ਕਰਨ ਪੜ੍ਹਾਈ
ਗਏ ਜਦੋਂ ਦੇ ਨੀਂਦਰ ਮੈਨੂੰ ਕਦੇ ਨਾ ਚੰਗੀ ਆਈ।

ਜੀਅ ਕਰਦਾ ਸੀ ਜੇਕਰ ਮੇਰੇ ਖੰਭ ਹੋਣ ਉੱਡ ਜਾਵਾਂ,
ਵਿੱਚ ਕਨੇਡਾ ਜਾਂ ਅਮਰੀਕਾ ਜਾ ਕੇ ਡੇਰਾ ਲਾਵਾਂ।

ਮਿੰਨਤਾਂ ਤਰਲੇ ਕਰਕੇ ਮੈਂ ਵੀ ਬਾਪੂ ਤਾਈਂ ਮਨਾਇਆ
ਜਿਵੇਂ ਕਿਵੇਂ ਵੀਜ਼ਾ ਲਗਵਾ ਕੇ ਆਸਟ੍ਰੇਲੀਆ ਆਇਆ।

ਯਾਰ ਨਾ ਕੋਈ ਬੇਲੀ ਏਥੇ ਪਿਆ ਫਿਰਾਂ ਵਿੱਚ ਚੱਕਰਾਂ।
ਕੰਮ ਕਿਤੇ ਨਾ ਦੇਵੇ ਕੋਈ ਫਿਰਾਂ ਮਾਰਦਾ ਟੱਕਰਾਂ।

ਤੀਜੇ ਮਹੀਨੇ ਕੰਮ ਮਿਲੇ ਤੋਂ ਸੁਖ ਦੀ ਨੀਂਦਰ ਸੁੱਤਾ,
ਡਾਲਰ ਜਦੋਂ ਜੇਬ ਵਿੱਚ ਆਏ ਰਿੜ੍ਹਦਾ ਜਾਪਿਆ ਬੁੱਤਾ।

ਨਾਲੇ ਡਾਲਰ ਪਿਆ ਕਮਾਵਾਂ ਨਾਲੇ ਕਰਾਂ ਪੜ੍ਹਾਈ,
ਤੱਕਲੇ ਵਾਂਗੂੰ ਸਿੱਧਾ ਹੋ ਗਿਆ ਅਕਲ ਟਿਕਾਣੇ ਆਈ।

ਪਿੰਡ ਹੁੰਦੇ ਯਾਰਾਂ ਨਾਲ ਰਲਕੇ ਚੁੱਕਦੇ ਉੱਧੜਧੁੰਮੀ।
ਚੌਕੜੀਆਂ ਭੁੱਲ ਗਈਆਂ ਸੱਭੇ ਜਦੋਂ ਭੰਬੀਰੀ ਘੁੰਮੀ।

ਰੋਟੀ ਖਾਤਰ ਏਥੇ ਆ ਕੇ ਬੰਦੇ ਬਣਨ ਮਸ਼ੀਨਾਂ,
ਹੋਣ ਕਮਾਈਆਂ ਏਥੇ ਇੱਕੋ ਕਰਕੇ ਖੂਨ ਪਸੀਨਾ।

ਇੱਕ ਜੌਬ ਤੋਂ ਆਉਂਦੇ ਮੁੰਡੇ ਦੂਜੀ ਨੂੰ ਤੁਰ ਜਾਂਦੇ,
ਮਸਾਂ ਪਕਾਈ ਰੁੱਖੀ ਮਿੱਸੀ ਸ਼ੁਕਰ ਮਨਾ ਕੇ ਖਾਂਦੇ।

ਏਥੇ ਆ ਕੇ ਭੁੱਲ ਜਾਂਦੇ ਨੇ ਸਾਰੇ ਟੌਹਰਾਂ ਟੱਪੇ,
ਪਿੱਛੇ ਪਿੰਡ ਲਏ ਕਰਜੇ ਦੇ ਪੈਣ ਪੂਰਨੇ ਖੱਪੇ।

ਵਾਂਗ ਭੰਬੀਰੀ ਘੁੰਮਦੇ ਰਹਿੰਦੇ ਗੱਭਰੂ ਤੇ ਮੁਟਿਆਰਾਂ,
ਵੇਖ ਕਿਸੇ ਨੂੰ ਖੜਕਦੀਆਂ ਨਹੀਂ ਸ਼ੋਖ਼ ਦਿਲਾਂ ਦੀਆਂ ਤਾਰਾਂ।

ਏਧਰੋਂ ਆ ਕੇ ਔਧਰ ਜਾਣਾ ਵਿੱਸਰਿਆ ਖਾਣਾ ਪੀਣਾ,
ਸੈੱਟ ਨਹੀਂ ਕਰ ਹੁੰਦਾ ਕਮਰਾ ਰਹੇ ਖਿੱਲਰਿਆ ਚੀਣਾ।

ਦਿਨੇ ਰਾਤ ਹਰ ਇੱਕ ਬੰਦੇ ਦੀ ਰਹੇ ਭੂਤਨੀ ਭੁੱਲੀ,
ਫਿਰ ਵੀ ਤਿੰਨੇ ਮਿਲਣ ਔਖੀਆਂ ਕੁੱਲੀ,ਗੁੱਲੀ,ਜੁੱਲੀ।

ਫੀਸਾਂ ਦੀ ਤਲਵਾਰ ਸਿਰਾਂ ਤੇ ਸਦਾ ਲਟਕਦੀ ਰਹਿੰਦੀ,
ਸੋਹਲ ਜਿਹੀ ਇਹ ਜਿੰਦ ਨਿਮਾਣੀ ਕੀ ਕੀ ਦੁਖੜੇ ਸਹਿੰਦੀ।

ਬਿਨਾਂ ਮਾਣਿਆਂ ਲੰਘ ਜਾਂਦੇ ਨੇ ਬਹੁਤੇ ਪਲ ਅਣਮੁੱਲੇ,
ਦੋਵੇਂ ਜੀਅ ਵੀ ਇੱਕ ਦੂਏ ਦੀ ਸੂਰਤ ਰਹਿੰਦੇ ਭੁੱਲੇ ।

ਰੁੱਝੇ ਰਹਿੰਦੇ ਕਿਸੇ ਸਮੇਂ ਵੀ ਸਿਰ ਖੁਰਕਣ ਨਾ ਹੋਵੇ
ਇੱਕ ਬਣਾਵੇ ਸਬਜ਼ੀ ਰੋਟੀ ਦੂਜਾ ਕੱਪੜੇ ਧੋਵੇ।

ਪਿੰਡੋਂ ਮੇਰੇ ਇੱਕ ਯਾਰ ਦਾ ਫੋਨ ਦੁਪਹਿਰੇ ਆਇਆ,
ਕਹਿੰਦਾ ਤੂੰ ਤੇ ਮੇਰਾ ਚੇਤਾ ਮੂਲੋਂ ਦਿਲੋਂ ਭੁਲਾਇਆ।

ਮੈਂ ਸੁਣਿਆ ਏਂ ਮੁਲਕ ਤੇਰੇ ਵਿੱਚ ਹੁੰਦੀ ਬੜੀ ਕਮਾਈ।
'ਆਈ ਫੋਨ ਘਲਾ ਦੇ ਮੈਨੂੰ' ਓਸ ਬੁਝਾਰਤ ਪਾਈ।

ਹੂੰ ਹਾਂ ਕਰਕੇ ਗੱਲ ਮੁਕਾਈ ਮੈਂ ਫਿਰ ਵਿੱਚ ਮਜ਼ਬੂਰੀ,
ਉਹ ਕੀ ਜਾਣੇ ਮੈਥੋਂ ਹਾਲੇ ਫੀਸ ਤਰੀ ਨਾ ਪੂਰੀ।

ਫੋਨ ਭਲਾ ਰੁੱਖਾਂ ਨੂੰ ਲੱਗੇ ਤੋੜਾਂ ਤੇ ਘੱਲ ਦੇਵਾਂ,
ਪੂਰਾ ਹਫ਼ਤਾ ਸਾਡਾ ਏਥੇ ਲਹਿੰਦਾ ਨਹੀਂ ਥਕੇਵਾਂ।

ਆਪਣੇ ਘਰ ਵਿੱਚ ਤਿੰਨੇ ਵੇਲੇ ਜੋ ਪੱਕੀਆਂ ਤੇ ਬਹਿੰਦੇ,
ਉਹ ਕੀ ਜਾਨਣ ਐਥੇ ਪਾਪੜ ਕਿੰਜ ਵੇਲਣੇ ਪੈਂਦੇ।

ਆ ਕੇ ਰੋਟੀ ਆਪ ਪਕਾਈਏ ਸਾਰੇ ਦਿਨ ਦੇ ਥੱਕੇ,
ਦਿਨੇ ਰਾਤ ਇਹ ਚਿੰਤਾ ਖਾਵੇ ਕਦ ਹੋਵਾਂਗੇ ਪੱਕੇ।

ਐਡੇ ਸੌਖੇ ਵੀ ਨਹੀਂ ਮਿੱਤਰੋ ਡਾਲਰ ਪੌਂਡ ਕਮਾਉਣੇ
ਘੰਟਿਆਂ ਬੱਧੀ ਜੌਬਾਂ ਉੱਤੇ ਪੈਂਦੇ ਲਹੂ ਸੁਕਾਉਣੇ।

ਫਿਰ ਵੀ ਦੇਈਏ ਰੋਜ ਦੁਆਵਾਂ ਹੇ ਪ੍ਰਦੇਸਣ ਧਰਤੀ,
ਰਹੇਂ ਜਿਊਂਦੀ ਤੂੰ ਸਾਡੇ ਲਈ ਰੋਜ਼ੀ ਪੈਦਾ ਕਰ ਤੀ।

ਦੇਸ ਮੇਰਾ ਜੇ ਬਾਂਹ ਫੜ ਲੈਂਦਾ ਦੇ ਕੇ ਦਿਲੋਂ ਤਸੱਲੀ,
ਮੈਂ ਪ੍ਰਦੇਸੀਂ ਆ ਕੇ ਨਾ ਇਹ ਸਹਿੰਦਾ ਪੀੜ ਅਵੱਲੀ।

********01 apr 19