......ਚਿੱਬੜ ........

chibar.jpgball.jpgਚਿੱਬੜ ਤਾਂ ਵੈਸੇ ਪੰਜਾਬੀਆਂ ਨੇ ਸਾਰਿਆਂ ਨੇ ਵੇਖੇ ਈ ਹੋਣੇ ਆਂ,ਗੋਲ ਗੋਲ ਜਿਹੇ ਪੀਲੇ ਹਰੇ,ਬੱਸ ਸਮਝ ਲੋ ਨਿੱਕੇ ਨਿੱਕੇ ਜਿਹੇ ਖਰਬੂਜੇ ਈ ਹੁੰਦੇ ਆ। ਇੱਕ ਦਿਨ ਆਪਣੀ ਬੇਟੀ ਨੂੰ ਦੱਸਦੀ ਸੀ ਸਾਡੇ ਬਚਪਨ ਦੇ ਨਿੱਕੇ ਖਰਬੂਜਿਆਂ ਬਾਰੇ ਤਾਂ ਯਾਦ ਆ ਗੀ ਉਸ ਪਿਆਰੇ ਜਿਹੇ ਅਣਭੋਲ ਬਚਪਨ ਦੀ। ਛੋਟੇ ਹੁੰਦਿਆਂ ਨੇ ਜਦ ਕਪਾਹ ਚੁਗਣ ਜਾਣਾ ਮਾਸੀ ਹੋਰਾਂ ਨਾਲ ਖੇਤ,ਚਿੱਬੜ ਖਾ ਖਾ ਮੂੰਹ ਪਕਾ ਲੈਣਾ। ਕਈ ਵਾਰ ਤਾਂ ਕਿਰੇ ਹੋਏ ਪੀਲੇ ਪੀਲੇ ਲੱਭ ਜਾਣੇ ਤਾਂ ਬੱਸ ਚੱਕ ਚੱਕ ਕਪਾਹ ਵਾਲੀ ਝੋਲੀ ਚ ਪਾਈ ਜਾਣੇ। ਮਾਸੀ ਹੋਰਾਂ ਨੇ ਕਹਿਣਾ ਆਹ ਤੇਰੀ ਝੋਲੀ ਚੋਂ ਕਪਾਹ ਘੱਟ ਤੇ ਚਿੱਬੜ ਜਾਂ ਫੁੱਟਾਂ ਵੱਧ ਨਿਕਲਦੀਆਂ। ਕਦੇ ਕਦੇ ਤਾਂ ਮਾਸੀ ਹੋਰਾਂ ਦੀ ਝੋਲੀ ਚੋਂ ਚੋਰੀ ਕਰਕੇ ਰੁੱਗ ਭਰ ਭਰ ਕਪਾਹ ਆਪਣੀ ਝੋਲੀ ਚ ਪਾ ਲੈਣੀ, ਬੜੀ ਮਾਸੀ ਨੇ ਪੂਰੀ ਔਖੀ ਹੋ ਜਾਣਾ। ਮਾਸੀਆਂ ਮੇਰੀਆਂ ਜੌੜੀਆਂ ਭੈਣਾਂ ਸੀ,ਇੱਕ ਨੂੰ ਬੜੀ ਮਾਸੀ ਕਹਿੰਦੇ ਤੇ ਇੱਕ ਨੂੰ ਛੋਟੀ,ਉਹ ਮੇਰੇ ਬੀਜੀ ਦੀ ਮਾਸੀ ਦੀਆਂ ਕੁੜੀਆਂ ਨੇ। ਉਹ ਇੱਕ ਦੂਜੀ ਨਾਲ ਜਿੱਦ ਕੇ ਚੁਗਦੀਆਂ ਹੁੰਦੀਆਂ, ਮਿੰਟ ਨਾ ਟਿਕਦੀਆਂ,ਜੇ ਇੱਕ ਲੱਗ ਗੀ ਚੁਗਣ ਤਾਂ ਦੂਜੀ ਨੇ ਭੱਜ ਕੇ ਮੂਹਰਿਓਂ ਮੂਹਰਿਓਂ ਮੋਟੇ ਮੋਟੇ ਫੁੱਟ ਚੁਗ ਲੈਣੇ,ਫੇਰ ਤਾਂ ਲੜਾਈ ਦੇਖਣ ਵਾਲੀ ਓ ਹੁੰਦੀ ਸੀ।


ਮੇਰਾ ਕੰਮ ਹੁੰਦਾ ਸੀ ਜਿੱਥੇ ਮਾੜੀ ਜਿਹੀ ਚੰਗੀ ਛਾਂ ਵੇਖਣੀ ਬਹਿ ਜਾਣਾ ਜਾਂ ਪੈ ਜਾਣਾ ਤੇ ਗੱਲਾਂ ਮਾਰਨੀਆਂ,ਸੁਣਨੀਆਂ ਜਾਂ ਕੁੱਛ ਖਾਣ ਬੈਠ ਜਾਣਾ। ਨਾਨੀ ਤਾਂ ਘੱਟ ਵੱਧ ਈ ਖੇਤ ਜਾਂਦੀ,ਕਦੇ ਭਾਵੇਂ ਰੇੜੀ ਤੇ ਬੈਠ ਕੇ ਚਲੀ ਜਾਂਦੀ,ਨਹੀਂ ਤਾਂ ਮੈਂ ਜਾਣਾ ਛੁੱਟੀ ਵਾਲੇ ਦਿਨ। ਜੇ ਕਿਤੇ ਕੋਈ ਵਿਹੜੇ ਵਾਲੀ ਚੋਗਣ ਹੋਣੀ ਤਾਂ ਬੱਸ ਸੁਆਦ ਈ ਆ ਜਾਣਾ, ਵਧੀਆ ਲੱਗਣਾ ਮਾਸੀ ਹੋਰਾਂ ਦੀਆਂ ਗੱਲਾਂ ਸੁਣਨੀਆਂ,ਸਾਰੇ ਪਿੰਡ ਦੀ ਖਬਰਸਾਰ ਮਿਲ ਜਾਣੀ। ਸਾਰਾ ਦਿਨ ਈ ਹੱਸਦੀਆਂ,ਗੀਤ ਗਾਉਂਦੀਆਂ,ਕੱਢ ਦਿੰਦੀਆਂ, ਦੁਪਹਿਰ ਨੂੰ ਖੂਹ ਤੇ ਬੈਠ ਕੇ ਛੱਲੀਆਂ ਭੁੰਨ ਕੇ ਖਾਣੀਆਂ,ਤੇ ਕਈ ਵਾਰ ਉੱਥੇ ਈ ਸਾਰੀਆਂ ਨੇ ਟੇਢੀਆਂ ਜਿਹੀਆਂ ਹੋ ਕੇ ਸੌਂ ਵੀ ਜਾਣਾ। ਹਾਲੇ ਵੀ ਯਾਦ ਆ ਜਦ ਟਿਕੀ ਜਿਹੀ ਦੁਪਹਿਰ ਹੋਣੀ ਤਾਂ ਮਾਮੇ ਨੇ ਹਾਤ ਹਾਤ ਕਰਦੇ ਨੇ ਤੋਤੇ ਜਨੌਰ ਉਡਾਉਣੇ ਮੱਕੀ ਦੇ ਖੇਤਾਂ ਚੋਂ ਜਾਂ ਫੇਰ ਕਦੇ ਕਦੇ ਪੋਟਾਸ਼ ਪਾਕੇ ਪਟਾਕੇ ਚਲਾਉਣੇ, ਸ਼ਾਇਦ ਤੋਪ ਕਹਿੰਦੇ ਹੁੰਦੇ ਸੀ,ਲੋਹੇ ਦਾ ਹੁੰਦਾ ਸੀ,ਇੱਟ ਤੇ ਥੱਲੇ ਮਾਰਦੇ ਹੁੰਦੇ। ਘਰ ਆਕੇ ਮਾਸੀ ਹੋਰਾਂ ਨੇ ਚਿੱਬੜਾਂ ਦੇ ਹਾਰ ਜਿਹੇ ਬਣਾ ਕੇ ਟੰਗ ਦੇਣੇ ਸੁੱਕਣ ਨੂੰ,ਫੇਰ ਸਰਦੀਆਂ ਚ ਵਰਤਣੇ।

ਚਿੱਬੜਾਂ ਦੀ ਚਟਣੀ ਤਾਂ ਵੈਸੇ ਮੈਂ ਕਦੇ ਨੀ ਸੀ ਖਾਧੀ ਵਿਆਹ ਤੋਂ ਪਹਿਲਾਂ,ਉਹ ਤਾਂ ਬਠਿੰਡੇ ਪਹਿਲੀ ਵਾਰ ਮਾਮੀ ਜੀ ਨੇ ਬਣਾ ਕੇ ਖਵਾਈ ਸੀ।ਮੁੜਕੇ ਐਨੀ ਸੁਆਦ ਲੱਗਣ ਲੱਗੀ,ਫੇਰ ਜਦ ਵੀ ਚਿੱਬੜ ਮਿਲ ਜਾਣੇ ਕੂੰਡੇ ਚ ਰਗੜ ਕੇ ਚਿੱਬੜਾਂ ਦੀ ਚਟਣੀ ਜਰੂਰ ਬਣਾਉਣੀ। ਹੁਣ ਵੀ ਕਈ ਵਾਰ ਦਿਲ ਕਰੂ ਬਈ ਚਿੱਬੜਾਂ ਦੀ ਚਟਣੀ ਹੋਵੇ,ਲਾਲ ਮਿਰਚਾਂ ਵਾਲੀ ਤੇ ਪਰਾਂਠੇ ਦੇ ਉੱਤੇ ਹੋਵੇ ਘਰ ਦਾ ਮੱਖਣ।, ਬੱਸ ਜਿੰਦਗੀ ਚ ਹੋਰ ਕੀ ਚਾਹੀਦਾ। ਚਿੱਬੜਾਂ ਨੂੰ ਸੁਕਾ ਕੇ ਮਾਸੀ ਹੋਰਾਂ ਨੇ ਜਿਆਦਾ ਤਾਂ ਟਮਾਟਰ ਦੀ ਥਾਂ ਤੇ ਸਬਜੀ ਚ ਪਾਉਣ ਨੂੰ ਵਰਤਣਾ,ਖਾਸ ਕਰਕੇ ਭਿੰਡੀਆਂ ਦੀ ਸਬਜੀ ਚ ਖਟਮਿਠੇ ਜਿਹੇ ਚਿੱਬੜ ਬੜੇ ਸੁਆਦ ਲੱਗਣੇ। ਮੈਨੂੰ ਯਾਦ ਆ ਸਰਦੀਆਂ ਚ ਮੋਠਾਂ ਦੀ ਦਾਲ ਬਣਾਉਣੀ ਚਿੱਬੜ ਪਾਕੇ,ਐਨੀ ਸੁਆਦ ਹੋਣੀ ਮੂੰਹੋ ਨਾ ਲਹਿਣੀ। ਹੁਣ ਤਾਂ ਚਿੱਬੜ ਸੁਕਾਉਣ ਦਾ ਮੈਨੂੰ ਲੱਗਦਾ ਰਿਵਾਜ ਈ ਨੀ ਰਿਹਾ,ਸਾਰੇ ਲੋਕ ਈ ਤਾਜੀਆਂ ਸਬਜੀਆਂ ਦੇ ਸ਼ੁਕੀਨ ਹੋਗੇ। ਇੱਕ ਵਾਰ ਰਾਜਸਥਾਨ ਗਏ ਤਾਂ ਉੱਥੇ ਵੇਖੇ ਸੀ ਚਿੱਬੜਾਂ ਦੇ ਹਾਰ ਪਰੋ ਕੇ ਟੰਗੇ ਹੋਏ। ਸ਼ਾਇਦ ਹਾਲੇ ਵੀ ਰਾਜਸਥਾਨ ਵਾਲੇ ਆਪਣੇ ਲੋਕ ਉਸ ਪੁਰਾਣੇ ਪੰਜਾਬ ਦੇ ਕਈ ਰਿਵਾਜ ਸਾਂਭੀ ਬੈਠੇ ਨੇ।

ਅੱਜ ਬੈਠੀ ਸੋਚਦੀ ਸੀ ਕਿੰਨੀਆਂ ਸਿਆਣੀਆਂ ਸੀ ਸਾਡੀਆਂ ਨਾਨੀਆਂ ਦਾਦੀਆਂ,ਕੋਈ ਵੀ ਵਾਧੂ ਚੀਜ ਸੁੱਟਦੀਆਂ ਨੀ ਸੀ ,ਸਾਂਭ ਲੈਂਦੀਆਂ ਜਿਹੜੇ ਵੀ ਤਰੀਕੇ ਉਹਨਾਂ ਨੂੰ ਆਉਂਦੇ ਸੀ,ਆਮ ਤਾਂ ਸੁਕਾ ਕੇ ਈ ਰੱਖਦੀਆਂ। ਸਾਗ,ਮੇਥੀ,ਮੇਥੇ, ਸ਼ਲਗਮ ਸੁਕਾ ਕੇ ਰੱਖ ਲੈਂਦੀਆਂ, ਜਦ ਸਬਜੀ ਦਾ ਤੋੜਾ ਹੁੰਦਾ ਵਰਤ ਲੈਂਦੀਆਂ। ਉਹਨਾਂ ਕੋਲ ਕਿਹੜਾ ਫਰਿੱਜਾਂ ਹੁੰਦੀਆਂ ਸੀ ਉਸ ਜਮਾਨੇ ਚ,ਪਰ ਕਦੇ ਕੋਈ ਚੀਜ ਖਰਾਬ ਨੀ ਸੀ ਜਾਣ ਦਿੰਦੀਆਂ। ਕੋਸ਼ਿਸ਼ ਕਰਦੀਆਂ ਬਾਹਰੋਂ ਚੀਜ ਨਾ ਈ ਖਰੀਦ ਕੇ ਲਿਆਉਣੀ ਪਵੇ। ਜੇ ਨਾਂ ਈ ਸਰਦਾ ਹੋਣਾ ਤਾਂ ਆਸ ਗੁਆਂਢ ਤੋਂ ਮੰਗ ਲੈਂਦੀਆਂ ਜਾਂ ਵਟਾ ਲਿਆਉਂਦੀਆਂ। ਸਬਜੀਆਂ ਘਰ ਜਾਂ ਖੇਤ ਬੀਜੀਆਂ ਹੋਣੀਆਂ,ਟਿੰਡੋ,ਕੱਦੂ,ਕਾਲੀਆਂ ਤੋਰੀਆਂ। ਕਾਲੀਆਂ ਤੋਰੀਆਂ ਤੇ ਕੱਦੂ ਤਾਂ ਕੁੱਪਾਂ ਤੇ ਜਾਂ ਦਰਖਤਾਂ ਤੇ ਚੜਾ ਦੇਣੇ,ਐਨੇ ਲੱਗਣੇ ਪੁੱਛੋ ਨਾ, ਇੱਕ ਦੂਜੇ ਦੇ ਘਰ ਦੇਕੇ ਆਉਣੇ। ਬਹੁਤੀ ਵਾਰ ਤਾਂ ਐਂ ਹੋਣਾ ਬਈ ਸਾਰੇ ਆਸ ਗੁਆਂਢ ਇੱਕੋ ਈ ਸਬਜੀ ਚੱਲਣੀ। ਗੱਲ ਅਸਲ ਚ ਮੇਲ ਮਿਲਾਪ ਤੇ ਪਿਆਰ ਮੁਹੱਬਤ ਦੀ ਸੀ। ਹੁਣ ਤਾਂ ਕਈ ਵਾਰ ਦੇਖਦੀ ਆਂ ਘਰ ਪਈ ਚੀਜ ਖਰਾਬ ਭਾਵੇਂ ਹੋਜੇ ਪਰ ਕਿਸੇ ਨੂੰ ਨੀ ਦੇਣੀ।

ਵੈਸੇ ਹੁਣ ਲੋਕ ਖਾਣ ਪੀਣ ਨਾਲੋਂ ਸ਼ੋ ਟੌਹਰ ਟੱਪੇ ਵੱਲ ਧਿਆਨ ਬਾਹਲਾ ਦਿੰਦੇ ਆ, ਪਿੰਡਾਂ ਚ ਵੀ ਘਰਾਂ ਚ ਘਾਹ ਜਰੂਰ ਲਾ ਲੈਂਦੇ ਆ,ਪਰ ਸਬਜੀ ਮੁੱਲ ਈ ਲੈਣੀ ਆਂ,ਜਹਿਰ ਵਾਲੀ। ਹੁਣ ਬੈਠੀ ਨੂੰ ਦਾਦੀ ਦੀ ਗੱਲ ਯਾਦ ਆਗੀ ਉਹਨੇ ਕਹਿਣਾ ਪੁੱਤ ਖਾਓ ਪੀਓ ਚੰਗਾ, ਸਿਹਤ ਸੋਹਣੀ ਹੋਵੇ ਤਾਂ ਹੀ ਕੱਪੜਾ ਲੀੜਾ ਪਾਇਆ ਚੰਗਾ ਲੱਗਦਾ, ਦੱਸ ਕਦੇ ਡਰਨਿਆਂ ਤੇ ਮਹਿੰਗੇ ਵਧੀਆ ਕੱਪੜੇ ਪਾਏ ਸੋਹਣੇ ਲੱਗਦੇ ਆ ਭਲਾ।