.......ਬੋਹਣੀ........
54201337_3011778582173489_1395785975161946112_n.jpgਬੋਹਣੀ ਵੀ ਵਧੀਆ ਚੀਜ ਆ,ਆਪਾਂ ਤਾਂ ਸਵੇਰੇ ਸਵੇਰੇ ਉੱਠ ਕੇ ਜਿੰਨਾ ਚਿਰ ਚਾਹ ਦੀ ਬੋਹਣੀ ਨਾ ਕਰੀਏ,ਕਿਸੇ ਕੰਮ ਨੂੰ ਹੱਥ ਨੀ ਲਾਈਦਾ। ਚਾਹ ਪੀਕੇ ,ਫੇਸਬੁੱਕ ਵਾਲਿਆਂ ਦਾ ਹਾਲਚਾਲ ਖਬਰਸਾਰ ਪੁੱਛ ਕੇ ਫੇਰ ਕਿਸੇ ਕੰਮ ਨੂੰ ਹੱਥ ਲਾਈਦਾ। ਅੱਗੇ ਤਾਂ ਸਵੇਰੇ ਉੱਠ ਕੇ ਪਾਠ ਸੁਣਨਾ ਜਾਂ ਕਰਨਾ,ਖਬਰਾਂ ਪੜਨੀਆਂ ਫੇਰ ਚਾਹ ਸੁਆਦ ਲੱਗਣੀ ਪਰ ਹੁਣ ਹੁੰਦਾ ਪਹਿਲਾਂ ਵੇਖਾਂ ਫੇਸ ਬੁੱਕ ਕਿਵੇਂ ਆਂ। ਵੈਸੇ ਤਾਂ ਹਰ ਇੱਕ ਦੇ ਆਪਣੇ ਆਪਣੇ ਰੱਬ ਤੇ ਆਪਣੀ ਆਪਣੀ ਪੂਜਾ ਕਰਨ ਦੇ ਤੌਰ ਤਰੀਕੇ ਹੁੰਦੇ ਆ ਤੇ ਹਰ ਇੱਕ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਸੋਚਦਾ ਵਧੀਆ ਦਿਨ ਰਹੇ, ਚਾਰ ਪੈਸੇ ਕਮਾ ਲੇ ਜੇ ਬਿਜਿਨਿਸ ਚ ਆ ਤਾਂ। ਆਹ ਬੋਹਣੀ ਦਾ ਤਾਂ ਵਾਹਵਾ ਪੁਰਾਣਾ ਰਿਵਾਜ ਆ,ਸਵੇਰੇ ਸਵੇਰੇ ਦੁਕਾਨਾਂ ਵਾਲੇ ਧੂਫ ਬੱਤੀ ਕਰਕੇ,ਸੋਚਦੇ ਆ ਹੁਣ ਕੋਈ ਵਧੀਆ ਚੰਗਾ ਗਾਹਕ ਆਜੇ ਬੋਹਣੀ ਕਰਵਾਉਣ ਆਲਾ ਤਾਂਕਿ ਸਾਰਾ ਦਿਨ ਈ ਵਧੀਆ ਗਾਹਕੀ ਬਣੀ ਰਹੇ ਤੇ ਚਾਰ ਪੈਸੇ ਵੱਟ ਲਾਂ। ਜੇ ਕਿਤੇ ਪਹਿਲਾ ਗਾਹਕ ਈ ਉਧਾਰ ਵਾਲਾ ਜਾਂ ਮੰਗਤਾ ਆਜੇ ਤਾਂ ਕਹਿਣਗੇ ,ਹਾਲੇ ਤਾਂ ਬੋਹਣੀ ਵੀ ਨੀ ਹੋਈ ਜੀ।

ਵੈਸੇ ਪਤਾ ਨੀ ਇਹ ਬੋਹਣੀ ਦਾ ਕੀ ਚੱਕਰ ਹੁੰਦਾ ਆਪਾਂ ਜੱਟ ਬੰਦੇ ਤਾਂ ਕਦੇ ਨੀ ਬੋਹਣੀ ਕਰਦੇ,ਚਾਹੇ ਸਵੇਰੇ ਲਾਲਾ ਜੀ ਦੁੱਧ ਲੈਣ ਆਜੇ ਕਹਿਨੇ ਆਓ ਲਾਲਾ ਜੀ ਚਾਹ ਪਾਣੀ ਛਕੋ, ਕਦੇ ਨੀ ਕਹਿੰਦੇ ਭਾਈ ਹਾਲੇ ਦਸ ਕੁ ਵਜੇ ਆਈਂ ਸਾਡੀ ਤਾਂ ਬੋਹਣੀ ਨੀ ਹੋਈ। ਇਹ ਵੀ ਹੋ ਸਕਦਾ ਬਈ ਜੱਟਾਂ ਦੀ ਬੋਹਣੀ ਨੀ ਬੋਹਣਾ ਈ ਹੁੰਦਾ ਹੋਊ,ਸੰਗਰਾਦ ਵਾਲੇ ਦਿਨ ਮਹੀਨੇ ਦਾ ਕੱਠਾ ਈ ਕਰ ਆਉਂਦੇ ਆ। ਕਈ ਵਾਰ ਤਾਂ ਲੱਗਦਾ ਠੀਕ ਆ,ਚਲੋ ਜੇ ਉਹਨਾਂ ਨੂੰ ਬੋਹਣੀ ਕਰਕੇ ਮਨ ਨੂੰ ਤਸੱਲੀ ਮਿਲਦੀ ਆ ਤਾਂ ਵਧੀਆ, ਪਰ ਕਈ ਵਾਰ ਤਾਂ ਲੱਗੂ ਬਹਾਨਾ ਜਿਹਾ ਈ ਲਾ ਦਿੰਦੇ ਆ ਦੁਕਾਨਾਂ ਵਾਲੇ ਵੀ ਜਦ ਕਿਸੇ ਨੂੰ ਟਰਕਾਉਣਾ ਹੋਵੇ। ਹੈਰਾਨੀ ਤਾਂ ਉਸ ਵੇਲੇ ਹੋਈ ਜਦ ਇੱਕ ਵਾਰ ਚੰਗੇ ਪੜੇ ਲਿਖੇ ਬਦੇਸ਼ੀਂ ਰਹਿੰਦੇ ਦੁਕਾਨਦਾਰ ਵੀ ਕਹਿਣ ਕਿ ਜੀ ਹਾਲੇ ਬੋਹਣੀ ਨੀ ਹੋਈ ਖਾਸ ਕਰਕੇ ਜੇ ਚੀਜ ਠੀਕ ਨਾ ਨਿੱਕਲੇ ਜਾਂ ਮੋੜਨੀ ਹੋਵੇ।

ਵੈਸੇ ਕਨੇਡਾ ਚ ਇਹ ਬਿਮਾਰੀ ਹਾਲੇ ਵੀ ਬਾਹਲੀ ਆ,ਅਸੀਂ ਤਕਰੀਬਨ ਹਰ ਸਾਲ ਈ ਜਾਂਦੇ ਰਹੀਦਾ ਤੇ ਕਈ ਦੁਕਾਨਾਂ ਵਾਲਿਆਂ ਦਾ ਤਾਂ ਇੰਡੀਆ ਆਲੇ ਜਮਾਂ ਦੇਸੀ ਜੈਤੋਂ ਮੰਡੀ ਦੇ ਬਾਣੀਆਂ ਨਾਲੋਂ ਵੀ ਮਾੜਾ ਹਾਲ ਆ। ਇੱਕ ਵਾਰ ਅਸੀਂ ਸਕਾਟ ਰੋਡ ਤੋਂ ਕੁੱਛ ਕੱਪੜੇ ਲਏ ਤੇ ਕਿਹਾ ਬਈ ਜੇ ਕੋਈ ਨਾ ਠੀਕ ਹੋਇਆ ਤਾਂ ਮੋੜ ਦਾਂਗੇ ਜਾਂ ਬਦਲ ਲਾਂਗੇ, ਕਹਿੰਦੇ ਜੀ ਗੱਲ ਈ ਕੋਈ ਨੀ ਤੁਹਾਡੀ ਆਪਣੀ ਦੁਕਾਨ ਆਂ। ਸਾਨੂੰ ਵੀ ਸੀ ਇਹ ਇੰਡੀਆ ਥੋੜਾ ਇੱਥੇ ਤਾਂ ਗੋਰਿਆਂ ਦੇ ਵੱਡੇ ਸਟੋਰਾਂ ਚੋਂ ਚਾਹੇ ਮਹੀਨੇ ਬਾਅਦ ਮੋੜ ਆਓ ਕੋਈ ਚੱਕਰ ਈ ਨੀ ਹੁੰਦਾ। ਅਸੀਂ ਕਨੇਡਾ ਦੇ ਪੰਜਾਬੀਪੁਣੇ ਤੋਂ ਬਹੁਤੇ ਵਾਕਫ ਨੀ ਸੀ। ਲੈ ਆਏ ਤੇ ਇੱਕ ਸੂਟ ਠੀਕ ਨਾ ਆਇਆ ਸ਼ਾਇਦ ਸਾਰੇ ਕਹਿੰਦੇ ਕੱਪੜਾ ਵੀ ਠੀਕ ਨੀ ਤੇ ਰੰਗ ਵੀ ਬਦਲ ਲੋ।

ਦੂਜੇ ਦਿਨ ਗਏ ਜੀ ਉਹ ਤਾਂ ਪੈਰਾਂ ਤੇ ਪਾਣੀ ਨਾ ਪੈਣ ਦੇਣ,ਕਹਿਣ ਨਾ ਜੀ ਇੱਕ ਵਾਰ ਗਈ ਚੀਜ ਨੀ ਮੋੜ ਸਕਦੇ। ਸਮਝ ਨਾ ਲੱਗੇ ਅਖੀਰ ਨੂੰ ਸਾਹਿਬ ਜੀ ਹੋਗੇ ਗਰਮ ਤੇ ਕਹਿੰਦੇ ਚਲੋ ਮੈਂ ਫੋਨ ਕਰਦਾਂ ਥੋਡੇ ਫੇਅਰ ਟਰੇਡਿੰਗ ਵਾਲਿਆਂ ਨੂੰ । ਫੇਰ ਕਹਿਣ ਲੱਗ ਗੇ ਜੀ ਥੋੜੀ ਦੇਰ ਰੁਕੋ ਸਾਡੀ ਬੋਹਣੀ ਨੀ ਹੋਈ।ਇੱਕ ਤਾਂ ਸਾਨੂੰ ਹਾਸਾ ਵੀ ਆਵੇ ਤੇ ਦੂਜਾ ਲੱਗੇ ਬਈ ਯਾਰ ਹੁਣ ਸੱਤ ਸਮੁੰਦਰੋ ਪਾਰ ਆਕੇ ਵੀ ਬੋਹਣੀ ,ਨਾਲੇ ਸਵੇਰ ਦੀ ਦੁਕਾਨ ਖੁੱਲੀ ਆ ਹੁਣ ਦੋ ਵੱਜ ਗੇ। ਗੱਲ ਕੀ ਜੀ ਅਖੀਰ ਨੂੰ ਉਹਨੇ ਵਾਹਵਾ ਝੰਡ ਕਰਵਾ ਕੇ ਸਾਨੂੰ ਪੈਸੇ ਦਿੱਤੇ,ਫੇਰ ਉਹ ਕਹਿਣ ਹੋਰ ਸੂਟ ਲੈ ਲੋ,ਤੇ ਸਾਹਿਬ ਸਾਡੇ ਅੜ ਗੇ ਕਹਿੰਦੇ ਨਹੀਂ ਹੁਣ ਨੀ,ਹੁਣ ਪੈਸੇ ਈ ਮੋੜੋ,ਪਹਿਲਾਂ ਸ਼ਾਇਦ ਬਦਲਣ ਈ ਗਏ ਸੀ। ਵੈਸੇ ਸਰੀ ਚ ਪੰਜਾਬੀਆਂ ਦੀਆਂ ਦੁਕਾਨਾਂ ਤੇ ਸਰਵਿਸ ਦਾ ਮਾੜਾ ਈ ਹਾਲ ਆ,ਕੋਈ ਕੋਈ ਦੁਕਾਨ ਚੰਗੀ ਆ,ਜੇ ਜਾਣਦੇ ਓ ਤਾਂ ਠੀਕ ਆ ਨਹੀਂ ਤਾਂ ਬੱਸ ਇੰਡੀਆ ਵਾਲੇ ਬਾਹਲੇ ਦੇਸੀ ਬਾਣੀਆਂ ਨਾਲੋਂ ਵੀ ਭੈੜਾ ਵਰਤਾਓ ਕਰਦੇ ਆ।

ਹੁਣ ਸੋਚਦੀ ਸੀ ਵੈਸੇ ਵਾਕਈ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਵਾਲੀ ਕਹਾਵਤ ਸਾਡੇ ਤੇ ਪੂਰੀ ਢੁੱਕਦੀ ਆ,ਚਾਹੇ ਅਸੀਂ ਬਠਿੰਡੇ ਦੁਕਾਨ ਤੇ ਬੈਠੇ ਹੋਈਏ ਚਾਹੇ ਸੱਤ ਸਮੁੰਦਰੋਂ ਪਾਰ ਸਾਡਾ ਸੁਭਾਅ ਉਹੀ ਰਹਿੰਦਾ,ਬਈ ਵੱਧ ਤੋਂ ਵੱਧ ਕੰਜੂਸੀ ਕਿਵੇਂ ਕਰਨੀ ਆਂ ਤੇ ਕਿਵੇਂ ਕਿਸੇ ਨੂੰ ਟਰਕਾਉਣਾ। ਆਪ ਉਹੀ ਦੁਕਾਨਾਂ ਵਾਲੇ ਵੀਹ ਵਾਰੀ ਕੌਸਟਕੋ ਤੋਂ ਸਮਾਨ ਲੈਕੇ ਵਿਆਹ ਦੇਖ ਕੇ ਮੋੜ ਆਉਂਦੇ ਆ ਪਰ ਆਪਣੀ ਦੁਕਾਨ ਤੇ ਨੀ ਮੋੜਨਾ। ਚਲੋ ਜੇ ਕੋਈ ਦਵਾਈ ਬੂਟੀ ਦੀ ਗੱਲ ਹੋਵੇ ਜਾਂ ਖਾਣ ਪੀਣ ਦੇ ਸਮਾਨ ਦੀ ਗੱਲ ਹੋਵੇ ਤਾਂ ਮੰਨਿਆ ਜਾ ਸਕਦਾ ਪਰ ਬਾਕੀ ਚੀਜਾਂ ਲਈ ਵੀ ਬੋਹਣੀ ਤੇ ਲਿੱਚ ਗੜਿੱਚੀਆਂ ਸਮਾਨ ਮੋੜਨ ਲਈ ਕਰਨੀਆਂ ਸਾਡੇ ਤੰਗਦਿਲ ਸੁਭਾ ਜਾਂ ਸੋਚ ਦਾ ਈ ਨਤੀਜਾ।

ਸਾਡੀ ਆਦਤ ਬਣ ਗੀ ਨਿੱਕੀਆਂ ਨਿੱਕੀਆਂ ਚੀਜਾਂ ਤੇ ਕੰਜੂਸੀ ਕਰਨੀ,ਵਧੀਆ ਰੈਸਟੋਰੈਂਟ ਹੋਊ ਪਰ ਵਾਸ਼ਰੂਮ ਚ ਘਟੀਆ ਤੋਂ ਘਟੀਆ ਪੇਪਰ,ਸਾਬਣ। ਕਈ ਵਾਰ ਤਾਂ ਮੈਂ ਸੋਚਦੀ ਆਂ ਚੰਗੀ ਗੱਲ ਆ ਕੰਜੂਸੀ ਕਰਨੀ ਆਪਣੇ ਚਾਦਰ ਵੇਖ ਕੇ ਪੈਰ ਪਸਾਰਨੇ ਪਰ ਜਦ ਉਹੀ ਬੰਦੇ ਦੂਜੇ ਦੀ ਚਾਦਰ ਦੇ ਵਖੀਏ ਉਦੇੜਨ ਤੇਕ ਜਾਂਦੇ ਆ ਤਾਂ ਲੱਗੂ ਨਹੀਂ ਇਹ ਸਾਡੀ ਬਦਨੀਤ ਆ ਹੋਰ ਕੁੱਛ ਨੀ। ਬੱਸ ਕਹਿਣ ਨੂੰ ਗਾਹਕ ਰੱਬ ਦਾ ਰੂਪ ਹੁੰਦਾ ਜੀ ਕਹੀ ਜਾਣਾ ਪਰ ਇੱਜਤ ਪੈਸੇ ਖਰੇ ਕਰਨ ਤੱਕ ਈ ਕਰਨੀ ਆ, ਬਾਅਦ ਚ ਤੂੰ ਕੌਣ ਮੈਂ ਕੌਣ।