.....ਚਲਦਾ ਫਿਰਦਾ ਮੁਰਦਾ !.....

mohin.jpgਆਪਣੇ ਮਨ ਦੀ ਕਬਰ ਦੇ ਵਿਚ ,
ਸੱਭ ਅਰਮਾਨ ਦਬਾ ਕੇ,
ਬੀਤ ਚੁਕੇ ਯੁਗ ਦੀਆਂ ਯਾਦਾਂ ਦਾ,
ਚੂਨਾ-ਗਾਰਾ, ਇਟਾਂ ਲਾ ਕੇ,
ਕਿਸੇ ਪ੍ਰੇਮ ਦੀ ਮੁਸਕੜੀ ਲਈ,
ਅਜ ਭੀ ਹਾਏ! ਝੁਰਦਾਂ ਹਾਂ !
ਮੈਂ ਚਲਦਾ ਫਿਰਦਾ ਮੁਰਦਾ ਹਾਂ !

ਮੇਰੀ ਕਬਰ ਤੇ ਕਦੇ ਨਾ ਬਰਸਿਆ,
ਮਿਹਰ ਦਾ ਪਾਣੀ, ਸਿਦਕ ਦੀ ਭੂਰ!
ਉਹਨਾ ਰਾਹਾਂ ਤੇ ਪੱਬ ਮੇਰੇ ਨੇ ,
ਜੋ ਸਜਨ ਨੂੰ ਨਹੀਂ ਮਨਜੂਰ I
ਅੱਖਾਂ ਚ’, ਫਿਰ ਭੀ ਭੋਲੀ ਮੂਰਤ,
ਮੈਂ ਵਸਾ ਕੇ ਟੁਰਦਾਂ ਹਾਂ
ਮੈਂ ਚਲਦਾ ਫਿਰਦਾ ਮੁਰਦਾ ਹਾਂ !

"ਕਾਸ਼ ! ਕੋਈ ਨੈਣਾਂ ਚ’ ਤੱਕ ਲਏ,
ਮੇਰੀ ਮਜਬੂਰੀ ਦੀ ਤਸਵੀਰ I
ਕਾਸ਼ ! ਕੋਈ ਹੱਥਾਂ ਤੋਂ ਪੜ੍ਹ ਲਏ,
ਮੇਰੀ ਰੁਠੀ ਹੋਈ ਤਕਦੀਰ "
ਮੇਰੇ ਪਾਸ 'ਬੇਬਸੀ’ ਹੈ ਇਕ,
ਮੈਂ ਤੇਰੇ ਖਿਆਲਾਂ, ਚ’ ਘੁਲਦਾਂ ਹਾਂ !
ਮੈਂ ਚਲਦਾ ਫਿਰਦਾ ਮੁਰਦਾ ਹਾਂ !

ਮੇਰੇ ਗ਼ਮ ਸਿਖ਼ਰ ਤੇ ਪੁਜ ਕੇ ,
ਬਹੁਤ ਹੀ ਜ਼ੁਲਮ ਢਾਂਉਂਦੇ ਨੇ ?
ਹਰ ਪ੍ਰਭਾਤ ਤੋਂ ਪਹਿਲਾਂ ਮੇਰੇ,
ਕਿਉਂ ਅਰਮਾਨ ਸੋਂਦੇ ਨੇ ?
ਉਹਨਾ ਤੂੰ ਪਾਸ ਆ ਜਾਏਂ,
ਜਿੰਨਾ ਮੈਂ ਤੈਨੂੰ ਭੁਲਦਾ ਹਾਂ !
ਮੈਂ ਚਲਦਾ ਫਿਰਦਾ ਮੁਰਦਾ ਹਾਂ !

-ਮਹਿੰਦਰ ਸਿੰਘ ਪਤਾਰਵੀ