:::::::::ਇੱਕ ਗੀਤ ਸ਼ਹੀਦ ਊਧਮ ਸਿੰਘ ਦੇ ਨਾਂ:—::::::::
gurmeet.jpgਜਲ੍ਹਿਆ ਵਾਲੇ ਬਾਗ ‘ਚ ਵੇਖੀ ਮੀਂਹ ਵਾਂਗੂੰ ਵਰ੍ਹਦੀ ਗੋਲੀ ।
ਲੋਕਾਂ ਨੂੰ ਭਾਜੜ ਪੈ ਗਈ ਮਚ ਗਈ ਫਿਰ ਕਾਵਾਂ ਰੌਲੀ 
ਵੇਖੀ ਸੀ ਊਧਮ ਸਿੰਘ ਨੇ ਅੱਖੀਂ ਇਹ ਲਹੂ ਦੀ ਹੋਲੀ ।
ਤੱਕਿਆ ਸਭ ਸੀਨ ਸੀ ਮਿੱਟੀ ਮਿੱਝ ਦੇ ਵਿੱਚ ਗੁੰਨ੍ਹੀ ਦਾ ;
ਮਿਥ ਲਿਆ ਉਸ ਬਦਲਾ ਲੈਣਾ ਭਾਰਤ ਮਾਂ ਰੁੰਨੀ ਦਾ ,
ਕਰ ਲਿਆ ਉਹਨੇ ਤੁਰਤ ਫੈਸਲਾ .....

ਅੰਬਰਸਰ ਲੱਗੀ ਵਿਸਾਖੀ ਆਏ ਸਭ ਹਿਤ ਵਹੀਰਾਂ
ਜਲਸਾ ਸੀ ਸ਼ਾਂਤਮਈ ਤੇ ਹੋ ਰਹੀਆਂ ਸੀ ਤਕਰੀਰਾਂ
ਜਾਗੋ ਹੁਣ ਭਾਰਤੀਓ ਓਏ ਲੱਗੀਆਂ ਨੇ ਹੋਣ ਅਖੀਰਾਂ ;
ਮਸਲਾ ਹੈ ਮਾਂ ਦੇ ਸਿਰ ਤੋਂ ਖਿੱਚੀ ਗਈ ਚੁੰਨੀ ਦਾ ;
ਮਿਥ ਲਿਆ ਉਸ ......

ਅੱਖੀਆਂ ਦੇ ਸਾਂਹਵੇਂ ਵੇਖੇ ਕਹਿਰਾਂ ਦੇ ਜ਼ੋਰ ਧਿੰਗਾਣੇ
ਬੰਦੇ ਇਓਂ ਭੁੱਜਣ ਜੀਕੂੰ ਭੱਠੀ ਤੇ ਭੁੱਜਦੇ ਦਾਣੇ
ਮੋਈਆਂ ਮਾਂਵਾਂ ਨੂੰ ਲੱਭਦੇ ਵਿਲਕਣ ਕਈ ਬਾਲ ਨਿਆਣੇ
ਕੀਤਾ ਇੰਜ ਘਾਣ ਸੀ ਜਨਤਾ ਭੋਲੀ ਭਕੁੰਨੀ ਦਾ
ਮਿਥ ਲਿਆ ਉਸ ਬਦਲਾ ...

ਕੱਲਾ ਡਟ ਗਿਆ  ਸੂਰਮਾ ਕੈਕਸਟਨ ਹਾਲ ਚ ਜਾ ਕੇ ,
ਪੁਸਤਕ ਦੇ ਅੰਦਰ ਸਿੰਘ ਨੇ ਰੱਖਿਆ ਪਿਸਤੌਲ ਲੁਕਾ ਕੇ ,
ਵਿੰਨ੍ਹਿਆ ਓਡਵਾਇਰ ਦਾ ਸੀਨਾ ਜੈ ਹਿੰਦ ਦਾ ਨਾਹਰਾ ਲਾ ਕੇ ,
ਚਾਲੀ ਵਿੱਚ ਹੋਇਆ ਫੈਸਲਾ ਉੰਨੀ ਸੌ ਉੰਨੀ ਦਾ ,
ਮਿਥ ਲਿਆ ਜਦ ਊਧਮ ਸਿੰਘ ਨੇ ........

ਜੇ ਤੈਥੋਂ ਭੱਜਿਆ ਜਾਂਦਾ ਭੱਜ ਲੈ ਓਡਵਾਇਰਾ ਓਏ
ਤੇਰੇ ਸਿਰ ਫਿਰੇ ਘੂਕਦਾ ਕਾਲ ਦਾ ਪਹਿਰਾ ਓਏ
ਦੱਸਾਂਗਾ ਥਹੁ ਹੁਣ ਤੈਨੂੰ ਲੰਡਨ ਦਿਆ ਕਾਇਰਾ ਓਏ
ਕਿੱਦਾਂ ਅਣਭੋਲ ਬੇਦੋਸ਼ੀ ਜਨਤਾ ਨੂੰ ਭੁੰਨੀਦਾ ;
ਮਿਥ ਲਿਆ ਉਸ ਬਦਲਾ ਲੈਣਾ