'ਬਲਿਹਾਰੀ ਕੁਦਰਤ ਵਸਿਆ' ਵਿਚ ਮੇਰੀ ਇਕ ਸਵੇਰ


30 ਮਾਰਚ, 2018
ਮੈਂ ਸਵੇਰੇ-ਸਵੇਰੇ ਉੱਠਦੀ ਹਾਂ | ਰੋਜ਼ ਵਾਂਗ ਸੈਰ ਨੂੰ ਨਿਕਲ ਤੁਰਦੀ ਹਾਂ | 'ਬਲਿਹਾਰੀ ਕੁਦਰਤ ਵਸਿਆ' ਪ੍ਰਾਜੈਕਟ ਦੇ ਪੱਕੇ ਰਸਤਿਆਂ 'ਤੇ ਤੁਰ ਪੈਂਦੀ ਹਾਂ | ਆਲੇ-ਦੁਆਲੇ ਹਰ ਪਾਸੇ ਦਰੱਖਤ ਹੀ ਦਰੱਖਤ ਲਗਾਏ ਹੋਏ ਹਨ, ਜੋ ਤੇਜ਼ੀ ਨਾਲ ਵਧ ਰਹੇ ਹਨ, ਜਿਵੇਂ ਇਨ੍ਹਾਂ ਨੂੰ ਆਕਾਸ਼ ਨੂੰ ਚੁੰਮਣ ਦੀ ਕਾਹਲ ਹੋਵੇ! ਹਵਾ ਵਿਚ ਪਾਕ ਪਵਿੱਤਰ ਸੁਗੰਧੀਆਂ ਹਨ | ਖਾਮੋਸ਼ੀ ਦਾ ਵਾਰਤਾਲਾਪ ਹੈ | ਮੈਂ ਜਰਮਨੀ ਤੋਂ ਜਾ ਕੇ, ਇੰਡੀਆ ਵਿਚ ਜਦ ਵੀ ਆਪਣੇ ਇਸ ਪ੍ਰਾਜੈਕਟ ਵਿਚ ਹੁੰਦੀ ਹਾਂ, ਮੇਰੀ ਇਹੋ ਇਬਾਦਤ ਹੁੰਦੀ ਹੈ | ਇਸ ਪ੍ਰਾਜੈਕਟ ਵਿਚ ਸੁਵੱਖਤੇ ਸੈਰ ਕਰਨੀ | ਇਸ ਸੈਰ ਸਮੇਂ ਮੈਨੂੰ ਬਲਿਹਾਰੀ ਨਾਲ ਇਕਮਿਕਤਾ ਦਾ, ਇਕਸੁਰਤਾ ਦਾ ਅਹਿਸਾਸ ਹੁੰਦਾ ਹੈ | ਹੁਣ ਇਹੋ ਅਰਚਨਾ ਮੇਰੀ ਜ਼ਿੰਦਗੀ ਬਣ ਚੁੱਕੀ ਹੈ |

ਇਹ ਸੌ ਏਕੜ ਵਿਚ ਪ੍ਰਾਜੈਕਟ ਉਸਾਰਨ ਦੀ ਉਸ ਬਲਿਹਾਰੀ ਨੇ ਮੇਰੇ 'ਤੇ ਕਿਰਪਾ ਕੀਤੀ ਹੈ | ਇਸ ਪ੍ਰਾਜੈਕਟ ਵਿਚ ਸਵੇਰੇ ਸਾਰ ਘੁੰਮਦੀ ਫਿਰਦੀ, ਮੈਂ ਰੂਹਾਨੀ ਅਨੰਦ ਮਾਣਦੀ ਹਾਂ | ਕਦੇ-ਕਦੇ ਸੋਚਦੀ ਹਾਂ, ਉਹ ਬਲਿਹਾਰੀ ਆਪਣੀ ਰਚਾਈ ਇਸ ਮਹਾਨ ਕਾਇਨਾਤ ਵਿਚ ਵਿਚਰਦਾ ਕਿੰਨਾ ਪਰਮ ਅਨੰਦ ਮਹਿਸੂਸ ਕਰਦਾ ਹੋਵੇਗਾ |
ਅੱਜ ਦਾ ਸੂਰਜ ਆਪਣੇ ਸੁਭਾਅ ਦੇ ਉਲਟ ਕੁਝ ਵਧੇਰੇ ਹੀ ਗਰਮਜੋਸ਼ੀ ਦਿਖਾ ਰਿਹਾ ਹੈ | ਇਸ ਦੀਆਂ ਸੁਨਹਿਰੀ ਝਲਕ ਮਾਰਦੀਆਂ ਕਿਰਨਾਂ, ਪੂਰੇ ਪ੍ਰਾਜੈਕਟ, ਪੂਰੇ ਇਲਾਕੇ ਨੂੰ ਛੋਹ-ਛੋਹ ਕੇ ਨਿਖਾਰ ਰਹੀਆਂ ਹਨ, ਉਸ ਨੂੰ ਮਨਮੋਹਕ, ਖ਼ੂਬਸੂਰਤ, ਦਿਲਕਸ਼ ਬਣਾਈ ਜਾ ਰਹੀਆਂ ਹਨ |
ਦਰੱਖਤਾਂ ਵਿਚ ਖੇਡਦੇ, ਉਡਾਰੀਆਂ ਮਾਰਦੇ ਪੰਛੀ, ਚਹਿਚਿਆ ਰਹੇ ਹਨ | ਇਹ ਵੀ ਕਦੋਂ ਦੇ ਚੁਸਤ, ਫੁਰਤ ਹੋ ਗਏ ਜਾਪਦੇ ਹਨ | ਉਨ੍ਹਾਂ ਦੀਆਂ ਮਿੱਠੀਆਂ ਆਵਾਜ਼ਾਂ ਮਾਹੌਲ ਨੂੰ ਹੋਰ ਵੀ ਸੰਗੀਤਮਈ ਬਣਾ ਰਹੀਆਂ ਹਨ |
ਮੋਨਬਲੂਮਨ ਫੁੱਲ ਰੰਗ-ਬਿਰੰਗੀ ਭਾਅ ਮਾਰਦੇ ਅਦਭੁੱਤ ਨਜ਼ਾਰਾ ਪੇਸ਼ ਕਰ ਰਹੇ ਹਨ | ਇਨ੍ਹਾਂ ਨੂੰ ਮੈਂ ਜਰਮਨ ਤੋਂ ਲਿਆ ਕੇ ਇਥੇ ਲਗਾਇਆ ਸੀ | ਇਹ ਵੀ ਆਪਣੀ ਪੂਰੀ ਮਸਤੀ ਵਿਚ ਆਪਣਾ ਜਲੌਅ ਦਿਖਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ | ਜਿਵੇਂ ਉਨ੍ਹਾਂ ਨੇ ਆਪਣਾ ਸਾਰਾ ਹੁਸਨ ਲੁਟਾ ਦੇਣਾ ਹੋਵੇ | ਦੂਰ-ਦੂਰ ਤੱਕ ਫੈਲੇ ਖੇਤ ਵੀ ਬੇਹੱਦ ਹਰੇ ਭਰੇ ਨਜ਼ਰ ਆ ਰਹੇ ਹਨ |
ਤਲਾਬ ਵਾਲੇ ਪਾਸੇ ਜਾਂਦੀ ਹਾਂ, ਰੀਠੇ ਦੇ ਦਰੱਖਤਾਂ 'ਚੋਂ ਰਾਣੀ ਰੁੱਖ 'ਤੇ ਬਹੁਤ ਹੀ ਖ਼ੂਬਸੂਰਤ ਪੰਛੀਆਂ ਦਾ ਜੋੜਾ ਬੈਠਾ ਹੋਇਆ ਹੈ | ਇਸ ਨੂੰ ਇਸ ਇਲਾਕੇ ਵਿਚ ਗਰੁੜ ਭਗਵਾਨ ਕਹਿੰਦੇ ਹਨ | ਇਨ੍ਹਾਂ ਦਾ ਪਰਛਾਵਾਂ ਪਾਣੀ ਵਿਚ ਪੈ ਰਿਹਾ ਹੈ ਤੇ ਇਨ੍ਹਾਂ ਦੀ ਸੋਹਣੀ ਦਿੱਖ ਨੂੰ ਹੋਰ ਸੋਹਣਾ ਬਣਾ ਰਿਹਾ ਹੈ |
ਪੰਜਾਬ ਵਿਚ ਸਭ ਤੋਂ ਪਹਿਲਾਂ ਜਿਸ ਦਰੱਖਤ ਨੇ ਮੇਰਾ ਮਨ ਮੋਹ ਲਿਆ ਸੀ, ਉਹ ਹੈ ਟਾਹਲੀ | ਸੋਹਣੀਆਂ ਟਾਹਲੀਆਂ ਮੈਨੂੰ ਕੁਝ ਖਾਸ ਹੀ ਹਰਿਆਲੀ ਨਾਲ ਭਰੀਆਂ-ਭਰੀਆਂ ਲੱਗ ਰਹੀਆਂ ਹਨ | ਇਹ ਮੇਰੇ ਨਾਲ ਬਹੁਤ ਮੋਹ ਕਰਦੀਆਂ ਨੇ | ਹਜ਼ਾਰਾਂ ਮੀਲਾਂ ਦੂਰ ਜਰਮਨੀ ਵਿਚ ਬੈਠੀ ਨੂੰ ਵੀ ਮੈਨੂੰ ਇਨ੍ਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ | ਇਸ਼ਕ ਜੁ ਹੋਇਆ ਮੈਨੂੰ ਇਨ੍ਹਾਂ ਨਾਲ | ਪਿਆਰ ਤੇ ਫਿਰ ਪਿਆਰ ਹੈ ਨਾ | ਇਨ੍ਹਾਂ ਟਾਹਲੀਆਂ ਨੇ ਅੱਜ ਜਿਵੇਂ ਮਧੂਮੱਖੀਆਂ ਨੂੰ ਆਪ ਆਪਣੇ ਕੋਲ ਬੁਲਾਇਆ ਹੋਵੇ... ਝੁਰਮਟ ਹੀ ਝੁਰਮਟ ਹੈ ਮਧੂਮੱਖੀਆਂ ਦਾ ਇਨ੍ਹਾਂ ਦੁਆਲੇ, ਹੋਵੇ ਵੀ ਕਿਉਂ ਨਾ, ਟਾਹਲੀਆਂ ਛੋਟੇ-ਛੋਟੇ ਫੁੱਲਾਂ ਨਾਲ ਭਰੀਆਂ ਪਈਆਂ ਹਨ | ਕਿੰਨੇ ਮਨਮੋਹਕ ਨੇ ਇਨ੍ਹਾਂ ਮੌਲੀਆਂ ਟਾਹਲੀਆਂ ਦੇ ਚਿੱਟੇ ਫੁੱਲ |
ਆਹ! ਕਿੰਨਾ ਖ਼ੂਬਸੂਰਤ ਖੁਸ਼ੀ ਵਾਲਾ ਖੇੜੇ ਵਾਲਾ ਮਾਹੌਲ ਹੈ ਮਧੂਮੱਖੀਆਂ ਤੇ ਟਾਹਲੀ ਦੇ ਚਿੱਟੇ ਫੁੱਲਾਂ ਦਾ | ਦੂਸਰੇ ਪਾਸੇ ਗੂੜ੍ਹੇ ਪੀਲੇ ਰੰਗ ਨਾਲ ਭਰਿਆ ਖੇਤ ਹੈ ਸਰ੍ਹੋਂ ਦਾ, ਜਿਸ ਨੇ ਹਜ਼ਾਰਾਂ ਹੀ ਸੋਹਣੇ ਹਰੇ, ਲਾਲ ਤੋਤਿਆਂ ਨੂੰ ਦਾਅਵਤ ਦੇ ਰੱਖੀ ਹੈ ਕਿ ਆਓ ਮੇਰੇ ਨਵੇਂ ਪਏ ਦਾਣਿਆਂ ਨੂੰ ਖਾਓ ਤੇ ਖਾਂਦੇ-ਗਾਉਂਦੇ ਰਹੋ ਤੇ ਆਸੇ-ਪਾਸੇ ਨੂੰ ਆਪਣੇ ਸੁਹੱਪਣ ਨਾਲ ਮਧੁਰ ਕਰਦੇ ਰਹੋ | ਮੈਂ ਇਥੋਂ ਇਨ੍ਹਾਂ ਤੋਤਿਆਂ ਨੂੰ ਉਡਾਉਣ ਦੀ ਸਖ਼ਤ ਮਨਾਹੀ ਕੀਤੀ ਹੋਈ ਹੈ | ਇਥੇ ਘੁਮਾਵਾਂ ਬਧੀ ਸਰ੍ਹੋਂ ਤੋਰੀਆ ਇਨ੍ਹਾਂ ਲਈ ਹੀ ਬੀਜਿਆ ਜਾਂਦਾ ਹੈ | ਜਦ ਇਹ ਤੋਤੇ ਢਿੱਡ ਭਰ ਕੇ ਇਥੇ ਦਰੱਖਤਾਂ ਉੱਪਰ ਆਰਾਮ ਕਰ ਰਹੇ ਹੁੰਦੇ ਹਨ, ਤਦ ਇੰਜ ਜਾਪਦਾ ਹੈ ਕਿ ਦਰੱਖਤਾਂ ਨੂੰ ਪੱਤੇ ਨਹੀਂ, ਤੋਤੇ ਲੱਗੇ ਹੋਣ |
ਅੱਜ ਇੰਜ ਲਗਦਾ ਹੈ ਕਿ ਬਲਿਹਾਰੀ ਆਪਣੀ ਕੁਦਰਤ ਵਿਚ ਪੂਰਾ ਮੌਲਿਆ ਪਿਆ ਹੈ ਤੇ ਆਪਣੀ ਬਣਾਈ ਕੁਦਰਤ ਵਿਚ ਆਪ ਹੀ ਖੁਸ਼ੀ ਨਾਲ ਲੋਟ-ਪੋਟ ਹੋ ਰਿਹਾ ਹੈ | ਉਹ ਸਾਨੂੰ ਆਪਣੀ ਕਲਾ ਦਰਸਾ ਰਿਹਾ ਹੈ ਕਿ ਉਹ ਕਿੰਨੀਆਂ ਕਲਾ ਦਾ ਮਾਲਕ ਹੈ | ਜਿਹੜੇ ਇਹ ਸੋਚਦੇ ਨੇ ਕਿ ਕਰਤੇ ਨੇ, ਕਾਦਰ ਨੇ, ਕੁਝ ਘਾਹ ਬੂਟੇ ਵਾਧੂ ਹੀ ਬਣਾ ਛੱਡੇ ਨੇ, ਉਨ੍ਹਾਂ ਨੂੰ ਧਰੇਕ ਦੇ ਫੁੱਲਾਂ ਵੱਲ, ਘਾਹ ਦੇ ਫੁੱਲਾਂ ਵੱਲ, ਥੋਰ ਦੇ ਫੁੱਲਾਂ ਵੱਲ ਨੀਝ ਨਾਲ ਵੇਖਣਾ ਚਾਹੀਦਾ ਹੈ | ਹਰ ਥਾਂ 'ਤੇ ਕਰਤੇ ਦੀ ਕਮਾਲ ਦੀ ਕਲਾ, ਕੁਦਰਤ ਵਿਚ ਦਿਖਾਈ ਦੇ ਰਹੀ ਹੈ | ਸ਼ਹਿਦ ਦੀਆਂ ਮੱਖੀਆਂ ਦੀ ਇਨ੍ਹਾਂ ਸਾਰੇ ਫੁੱਲਾਂ ਤੋਂ ਸ਼ਹਿਦ ਨੂੰ ਇਕੱਠਾ ਕਰਨ ਦੀ ਕਲਾ | ਉਸ ਕਾਦਰ ਦੀ ਕਲਾ ਉੱਪਰ ਇਨਸਾਨ ਵਾਹ-ਵਾਹ ਨਾ ਕਰ ਉੱਠੇ, ਇਹ ਕਿਵੇਂ ਹੋ ਸਕਦਾ ਹੈ | ਮੇਰੇ ਉੱਪਰ ਵਿਸਮਾਦ ਹੀ ਵਿਸਮਾਦ ਤਾਰੀ ਹੈ | ਮੈਂ ਕਾਦਰ ਦੀ ਕਲਾ ਵਿਚ ਮਦਹੋਸ਼ ਹੋਈ ਜਾ ਰਹੀ ਹਾਂ | ਇਨ੍ਹਾਂ ਸਾਰੀਆਂ ਕਲਾਵਾਂ ਦਾ ਮੇਲ ਮਨ ਨੂੰ ਉੱਚ ਅਨੰਦ ਵਾਲੇ ਹੁਲਾਰਿਆਂ ਵਿਚ ਮਸਤ ਕਰ ਦਿੰਦਾ ਹੈ |
ਹੁਣ ਮੈਂ ਬਾਂਸਾਂ ਵਾਲੇ ਖੇਤ ਵੱਲ ਪਹੁੰਚ ਜਾਂਦੀ ਹਾਂ | ਇਹ ਬੜਾ ਪਿਆਰਾ ਕੋਨਾ ਹੈ, ਸਾਡੇ ਬਲਿਹਾਰੀ ਕੁਦਰਤ ਵਸਿਆ ਪ੍ਰਾਜੈਕਟ ਦਾ | ਇਥੇ ਪਿੱਪਲ, ਬਾਂਸ, ਥੋਰ ਸਭ ਇਕ ਦੂਜੇ ਨਾਲ ਬਾਤਾਂ ਪਾਉਂਦੇ ਜਾਪਦੇ ਹਨ | ਇਥੇ ਮੇਰਾ ਮੇਲ ਗਿਆਨ ਨਾਲ ਹੋ ਜਾਂਦਾ ਹੈ | ਗਿਆਨ ਸਿੰਘ ਨਾਂਅ ਦਾ ਇਹ ਸ਼ਖ਼ਸ ਮੇਰੇ ਲਈ ਸਹੀ ਅਰਥਾਂ ਵਿਚ ਗਿਆਨ ਸਾਬਤ ਹੋਇਆ ਹੈ | ਇਹ ਲਟਬੌਰਾ ਇਨਸਾਨ ਹੀ ਮੈਨੂੰ ਗੁਰੂ ਨਾਨਕ ਦੇਵ ਜੀ ਨਾਲ ਜੋੜਨ ਦਾ ਸਬੱਬ ਬਣਿਆ ਹੈ | ਇਸੇ ਦਾ ਨਿੱਘ ਮੈਨੂੰ ਗੁਰੂ ਨਾਨਕ ਦੇ ਦੇਸ਼ ਨਾਲ ਜੋੜਨ ਦਾ ਕਾਰਨ ਬਣਿਆ ਹੈ | ਮੈਂ ਗਿਆਨ ਕੋਲ ਪੁੱਜਦੀ ਹਾਂ | ਉਹ ਆਪਣੇ ਖਿਆਲਾਂ ਵਿਚ ਮਸਤ, ਉੱਪਰ ਇਕ ਰੁੱਖ 'ਤੇ ਬੈਠੇ ਪੰਛੀਆਂ ਨੂੰ ਦੇਖ ਰਿਹਾ ਹੈ | ਅਸੀਂ ਇਥੇ ਸਵੇਰ ਦੀ ਸੈਰ ਕਰਦੇ ਜੇ ਇਕ ਦੂਜੇ ਨੂੰ ਮਿਲ ਜਾਂਦੇ ਹਾਂ ਤਾਂ ਕੋਈ ਗੱਲਬਾਤ ਨਹੀਂ ਕਰਦੇ | ਅਸੀਂ ਇਕ ਦੂਜੇ ਦੀ ਅਤੇ ਕੁਦਰਤ ਦੀ ਸ਼ਾਂਤੀ ਨੂੰ ਭੰਗ ਕਰਨਾ ਸਹੀ ਨਹੀਂ ਸਮਝਦੇ | ਬਿਨਾਂ ਕੁਝ ਬੋਲੇ, ਇਸ਼ਾਰੇ ਨਾਲ ਹੀ, ਅਸੀਂ ਇਕ-ਦੂਜੇ ਨੂੰ 'ਸ਼ੁਭ ਪ੍ਰਭਾਤ' ਆਖਦੇ ਹਾਂ | ਇੰਜ ਮਿਲਦੇ ਹਾਂ ਜਿਵੇਂ ਸਾਡਾ ਕੋਈ ਹੱਕ ਨਹੀਂ ਬੋਲ ਕੇ ਇਸ ਸਵਰਗਮਈ ਰੁੱਖਾਂ, ਫੁੱਲਾਂ, ਪੰਛੀਆਂ ਦੀਆਂ ਆਵਾਜ਼ਾਂ ਵਿਚ ਆਪਣਾ ਖਲਲ ਪਾਈਏ | ਮੈਂ ਗੈਸਟ ਹਾਊਸ (ਅਸੀਂ ਆਪਣੇ ਫਾਰਮ ਹਾਊਸ ਨੂੰ ਇੰਜ ਹੀ ਬੁਲਾਉਂਦੇ ਹਾਂ) ਵੱਲ ਵਾਪਸ ਜਾ ਰਹੀ ਹਾਂ | ਹੈ ਇਹ ਕੀ? ਇਹ ਕੌਣ ਨੇ, ਸਾਡੇ ਪੰਛੀਆਂ ਦੇ ਸਵਰਗ ਵਿਚ ਦੋ ਨਵੇਂ ਪ੍ਰਾਹੁਣੇ?
20 ਕੁ ਸਾਲ ਹੋ ਗਏ ਮੈਨੂੰ ਇਥੇ ਆਉਂਦੀ ਨੂੰ | ਇਸ ਤਰ੍ਹਾਂ ਦੇ ਸੁਹੱਪਣ ਨਾਲ ਭਰਪੂਰ ਪੰਛੀ ਮੈਂ ਆਪਣੀ ਜ਼ਿੰਦਗੀ ਵਿਚ ਅੱਜ ਪਹਿਲੀ ਵਾਰ ਦੇਖ ਰਹੀ ਹਾਂ | ਇਹ ਕਿਸਮ, ਇਹ ਰੰਗ ਮਾਨੋ ਖ਼ੂਬਸੂਰਤੀ ਦਾ ਸਿਖਰ | ਕੀ ਇਹ ਜੋੜਾ ਆਸ਼ਕ ਮਸ਼ੂਕ ਹੋਣਗੇ? ਮੈਂ ਮਨ ਵਿਚ ਹੀ ਸੋਚਦੀ ਹਾਂ | ਗਿਆਨ ਵੀ ਮੇਰੇ ਕੋਲ ਆ ਗਿਆ ਹੈ | ਮੈਂ ਉਂਗਲ ਨਾਲ ਉਨ੍ਹਾਂ ਪੰਛੀਆਂ ਵੱਲ ਇਸ਼ਾਰਾ ਕਰਦੀ ਹਾਂ | ਅਸੀਂ ਇਕੱਠੇ ਇਸ ਜੋੜੇ ਨੂੰ ਦੇਖ ਰਹੇ ਹਾਂ | ਇਹ ਤਾਂ ਕੋਈ ਅਸਮਾਨੀ ਪਰੀਆਂ ਦੇ ਦੇਸ਼ ਵਿਚੋਂ ਆਏ ਲਗਦੇ ਨੇ |