ਆਖ਼ਰ ਮਸੂਦ ਅਜ਼ਹਰ ਐਲਾਨਿਆ ਗਿਆ ਕੌਮਾਂਤਰੀ ਅੱਤਵਾਦੀ
msud.jpgrai.pngਆਖ਼ਰ ਸੰਯੁਕਤ ਰਾਸ਼ਟਰ ਨੇ ਜੈਸ਼ ਦੇ ਮੁਖੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ। ਇਸ ਨਾਲ ਉਸ ਦੀ ਸੰਪਤੀ ਜ਼ਬਤ ਹੋ ਜਾਏਗੀ, ਉਸ ਦੀ ਯਾਤਰਾ 'ਤੇ ਰੋਕ ਲੱਗ ਜਾਏਗੀ। ਹਥਿਆਰ ਖਰੀਦਣ 'ਤੇ ਵੀ ਪਾਬੰਦੀ ਲੱਗ ਜਾਏਗੀ। ਨਿਸਚਿਤ ਰੂਪ ਨਾਲ ਸੰਯੁਕਤ ਰਾਸ਼ਟਰ ਦਾ ਅਜ਼ਹਰ 'ਤੇ ਇਹ ਫ਼ੈਸਲਾ ਦੇਰ ਨਾਲ ਆਇਆ ਦਰੁਸਤ ਫ਼ੈਸਲਾ ਹੈ। ਭਾਰਤ ਪਿਛਲੇ 10 ਸਾਲਾਂ ਤੋਂ ਇਸ ਸਬੰਧ ਵਿਚ ਯਤਨ ਕਰਦਾ ਰਿਹਾ ਸੀ, ਇਸ ਨਾਲ ਅਜ਼ਹਰ ਅਤੇ ਜੈਸ਼ ਦੀਆਂ ਸਰਗਰਮੀਆਂ ਨੂੰ ਕਾਫੀ ਹੱਦ ਤੱਕ ਕਾਬੂ ਕਰਨ ਵਿਚ ਮਦਦ ਮਿਲੇਗੀ। ਪਰ ਇਸ ਦਾ ਨਾਂਹ-ਪੱਖੀ ਪੱਖ ਵੀ ਹੈ।
ਉਹ ਇਹ ਕਿ ਸੰਯੁਕਤ ਰਾਸ਼ਟਰ ਨੇ ਅਜ਼ਹਰ ਦੀਆਂ ਜਿਹੜੀਆਂ ਅੱਤਵਾਦੀ ਸਰਗਰਮੀਆਂ ਨੂੰ ਸੂਚੀ ਵਿਚ ਰੱਖਿਆ ਹੈ, ਉਨ੍ਹਾਂ ਵਿਚ ਪੁਲਵਾਮਾ ਅਤੇ ਜੰਮੂ-ਕਸ਼ਮੀਰ ਵਿਚ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਨਾ ਹੀ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਵਜੋਂ ਅਜੇ ਬਲੈਕ ਲਿਸਟ ਕੀਤਾ ਹੈ। ਪਰ ਇਸ ਸਿਲਸਿਲੇ ਵਿਚ ਮਹੱਤਵਪੂਰਨ ਸਵਾਲ ਇਹ ਹੈ ਕਿ ਪਿਛਲੇ ਤਿੰਨ ਵਰ੍ਹਿਆਂ ਤੋਂ ਅਜ਼ਹਰ ਨੂੰ ਬਚਾਉਂਦਾ ਆ ਰਿਹਾ ਚੀਨ ਆਖ਼ਰ ਇਕ ਮਈ ਨੂੰ ਪਿੱਛੇ ਕਿਵੇਂ ਹਟ ਗਿਆ? ਗ਼ੌਰਤਲਬ ਹੈ ਕਿ ਮਾਰਚ 2016 ਵਿਚ ਚੀਨ ਨੇ ਟੈਕਨੀਕਲ ਰੁਕਾਵਟ ਰੱਖਿਆ ਅਤੇ ਅਜ਼ਹਰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਤੋਂ ਬਚ ਗਿਆ। ਇਸ ਟੈਕਨੀਕਲ ਰੁਕਾਵਟ ਨੂੰ ਅਕਤੂਬਰ 2016 ਵਿਚ ਵਧਾ ਦਿੱਤਾ ਗਿਆ। ਜਨਵਰੀ 2017 ਵਿਚ ਚੀਨ ਨੇ ਸੰਯੁਕਤ ਰਾਸ਼ਟਰ ਸੈਂਕਸ਼ਨ ਕਮੇਟੀ ਦੀ ਅਪੀਲ ਨੂੰ ਰੋਕ ਲਿਆ ਅਤੇ ਉਸ ਰੋਕ ਨੂੰ ਅਗਸਤ 2017 ਤੱਕ ਵਧਾ ਦਿੱਤਾ। ਉਸ ਨੇ ਫਿਰ ਨਵੰਬਰ 2017 ਵਿਚ ਪਾਬੰਦੀ ਮਤੇ ਨੂੰ ਰੋਕ ਦਿੱਤਾ। ਮਾਰਚ 2019 ਵਿਚ ਅਮਰੀਕਾ, ਇੰਗਲੈਂਡ ਅਤੇ ਫਰਾਂਸ ਨੇ ਅਜ਼ਹਰ ਦੇ ਵਿਰੁੱਧ ਨਵਾਂ ਮਤਾ ਰੱਖਿਆ, ਜਿਸ ਨੂੰ ਚੀਨ ਨੇ ਫਿਰ ਰੋਕ ਦਿੱਤਾ।
ਇਸ ਤੋਂ ਬਾਅਦ ਤਿੰਨੇ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੈਂਕਸ਼ਨ ਕਮੇਟੀ ਦੇ ਸਾਹਮਣੇ ਇਸ ਧਮਕੀ ਦੇ ਨਾਲ ਗ਼ੈਰ-ਰਸਮੀ ਮਤਾ ਰੱਖਿਆ ਕਿ ਉਹ ਅਜ਼ਹਰ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਸੈਂਕਸ਼ਨ ਕਮੇਟੀ ਵਿਚ ਖੁੱਲ੍ਹੀ ਚਰਚਾ ਕਰਨਗੇ, ਜਿਸ ਨਾਲ ਚੀਨ ਨਿੱਜੀ ਤੌਰ 'ਤੇ ਅਲੱਗ-ਥਲੱਗ ਪੈ ਜਾਏਗਾ। ਇਸ ਲਈ ਹੁਣ ਚੀਨ ਲਈ ਪਾਕਿਸਤਾਨੀ ਅੱਤਵਾਦੀ ਦਾ ਬਚਾਅ ਕਰਨ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਸੀ, ਖ਼ਾਸ ਕਰਕੇ ਇਸ ਲਈ ਕਿ ਬਾਲਾਕੋਟ ਹਵਾਈ ਹਮਲੇ ਦੀ ਕੋਈ ਕੌਮਾਂਤਰੀ ਆਲੋਚਨਾ ਨਹੀਂ ਸੀ ਹੋਈ, ਜਿਸ ਤੋਂ ਸਪੱਸ਼ਟ ਹੋ ਰਿਹਾ ਸੀ ਕਿ ਦੁਨੀਆ ਅੱਤਵਾਦ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਫਿਰ ਨਵੀਂ ਦਿੱਲੀ ਵੀ ਬੀਜਿੰਗ 'ਤੇ ਦੋ ਪੱਖੀ ਦਬਾਅ ਬਣਾ ਰਹੀ ਸੀ ਕਿ ਅਜ਼ਹਰ ਤੋਂ ਦੁਨੀਆ ਨੂੰ ਖ਼ਤਰਾ ਹੈ। ਅਖੀਰ ਵਿਚ ਜਦੋਂ ਸੰਯੁਕਤ ਰਾਸ਼ਟਰ ਸੈਂਕਸ਼ਨ ਕਮੇਟੀ ਇੰਡੋਨੇਸ਼ੀਆ ਦੀ ਚੇਅਰਮੈਨੀ ਅਧੀਨ (ਜੋ ਦੁਨੀਆ ਵਿਚ ਸਭ ਤੋਂ ਵਧੇਰੇ ਮੁਸਲਿਮ ਆਬਾਦੀ ਵਾਲਾ ਦੇਸ਼ ਹੈ) ਵੀ ਭਾਰਤੀ ਦ੍ਰਿਸ਼ਟੀਕੋਣ ਦੇ ਪੱਖ ਵਿਚ ਖੜ੍ਹੀ ਹੋ ਗਈ ਤਾਂ ਚੀਨ ਨੂੰ ਮਜਬੂਰਨ ਆਪਣਾ ਰੁਖ਼ ਬਦਲਣਾ ਪਿਆ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਈਦ ਅਕਬਰੂਦੀਨ ਨੇ ਕਿਹਾ, 'ਵੱਡੇ-ਛੋਟੇ ਦੇਸ਼ ਸਾਰੇ ਇਕਜੁਟ ਹੋ ਗਏ। ਮਸੂਦ ਅਜ਼ਹਰ ਸੰਯੁਕਤ ਰਾਸ਼ਟਰ ਸੈਂਕਸ਼ਨ ਸੂਚੀ ਵਿਚ ਅੱਤਵਾਦੀ ਐਲਾਨਿਆ ਗਿਆ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ।' ਇਹ ਗੱਲ ਤਾਂ ਸਹੀ ਹੈ ਕਿ ਚੀਨ ਨੇ ਆਪਣਾ ਰੁਖ਼ ਵਧਦੇ ਕੌਮਾਂਤਰੀ ਦਬਾਅ ਕਾਰਨ ਬਦਲਿਆ, ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 1267 ਸੰਯੁਕਤ ਸੈਂਕਸ਼ਨ ਕਮੇਟੀ ਦੀ ਸੂਚੀ ਵਿਚ ਪੁਲਵਾਮਾ ਨੂੰ ਸ਼ਾਮਿਲ ਨਾ ਕੀਤਾ ਜਾਣਾ ਵੀ ਉਸ ਦੇ ਬਦਲੇ ਰੁਖ਼ ਦਾ ਕਾਰਨ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਂਗ ਸ਼ੁੰਗ ਨੇ ਕਿਹਾ, 'ਸੂਚੀ ਦੇ ਮੁੱਦੇ 'ਤੇ ਚੀਨ ਸਬੰਧਿਤ ਪਾਰਟੀਆਂ ਨਾਲ ਸਕਾਰਾਤਮਕ ਅਤੇ ਜ਼ਿੰਮੇਵਾਰਾਨਾ ਅੰਦਾਜ਼ ਨਾਲ ਸੰਪਰਕ ਕਰ ਰਿਹਾ ਸੀ। ਹਾਲ ਹੀ ਵਿਚ ਸਬੰਧਿਤ ਦੇਸ਼ਾਂ ਨੇ 1267 ਕਮੇਟੀ ਨੂੰ ਦਿੱਤੇ ਜਾਣ ਵਾਲੇ ਸੂਚੀ ਪ੍ਰਸਤਾਵਾਂ ਦੀ ਮੁੜ ਸਮੀਖਿਆ ਕੀਤੀ ਅਤੇ ਸੋਧੀ ਹੋਈ ਸੂਚੀ ਪੇਸ਼ ਕੀਤੀ।
ਸੋਧੀ ਸੂਚੀ ਦਾ ਅਧਿਐਨ ਕਰਨ ਅਤੇ ਸਬੰਧਿਤ ਪਾਰਟੀਆਂ ਦੀ ਰਾਏ ਜਾਨਣ ਤੋਂ ਬਾਅਦ, ਚੀਨ ਨੂੰ ਇਸ ਸੂਚੀ 'ਤੇ ਕੋਈ ਇਤਰਾਜ਼ ਨਹੀਂ ਸੀ। ਖੈਰ, ਭਾਰਤ ਨੇ ਸੰਯੁਕਤ ਰਾਸ਼ਟਰ ਦੇ ਫ਼ੈਸਲੇ ਨੂੰ 'ਸਹੀ ਦਿਸ਼ਾ ਵਿਚ ਇਕ ਕਦਮ' ਦੱਸਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਅਨੁਸਾਰ, 'ਇਹ ਉਸ ਜਾਣਕਾਰੀ ਦੇ ਅਨੁਸਾਰ ਹੈ ਜੋ ਭਾਰਤ ਨੇ ਸੰਯੁਕਤ ਰਾਸ਼ਟਰ ਸੈਂਕਸ਼ਨ ਕਮੇਟੀ ਦੇ ਮੈਂਬਰਾਂ ਨਾਲ ਅਜ਼ਹਰ ਤੇ ਜੈਸ਼ ਦੀਆਂ ਅੱਤਵਾਦੀ ਸਰਗਰਮੀਆਂ ਦੇ ਸੰਦਰਭ ਵਿਚ ਸਾਂਝੀ ਕੀਤੀ ਸੀ।'
ਨਵੀਂ ਦਿੱਲੀ ਦਾ ਕਹਿਣਾ ਹੈ ਕਿ ਚੀਨ ਨੇ ਸੂਚੀ ਵਾਲੇ ਪ੍ਰਸਤਾਵਾਂ ਨੂੰ 2016 ਤੇ 2017 ਵਿਚ ਵੀ ਰੋਕਿਆ ਸੀ, ਜੋ ਪੁਲਵਾਮਾ ਤੋਂ ਪਹਿਲਾਂ ਦੀ ਗੱਲ ਹੈ। ਪਰ ਮੌਜੂਦਾ ਪ੍ਰਸਤਾਵ ਤਾਂ ਪੁਲਵਾਮਾ ਹਮਲੇ ਕਾਰਨ ਹੀ ਆਇਆ ਹੈ, ਇਸ ਲਈ ਇਸ ਦਾ ਸੂਚੀ ਵਿਚ ਨਾ ਹੋਣਾ ਚੀਨ ਨੂੰ ਰਾਹਤ ਦੇਣ ਤੋਂ ਇਲਾਵਾ ਕੁਝ ਨਹੀਂ ਹੈ ਤਾਂ ਕਿ ਉਸ ਦੀ ਮਨਜ਼ੂਰੀ ਮਿਲ ਸਕੇ। ਮੌਤ ਅਤੇ ਤਬਾਹੀ ਦੇ ਸੰਦਰਭ ਵਿਚ ਮਸੂਦ ਅਜ਼ਹਰ ਦਾ ਲੰਮਾ ਇਤਿਹਾਸ ਰਿਹਾ ਹੈ। 1970 ਦੇ ਦਹਾਕੇ ਵਿਚ ਕਰਾਚੀ ਦੇ ਮਸ਼ਹੂਰ ਮਦਰੱਸੇ ਜਾਮੀਆ ਬਿਨੋਰੀਆ ਦਾ ਅਫ਼ਗਾਨ ਜੇਹਾਦ ਦਾ ਸਮਰਥਨ ਕਰਨ ਵਿਚ ਮੁੱਖ ਸਥਾਨ ਰਿਹਾ ਹੈ। ਅਫ਼ਗਾਨਿਸਤਾਨ ਵਿਚ ਰੂਸੀ ਘੁਸਪੈਠ ਨੂੰ ਰੋਕਣ ਲਈ ਅਮਰੀਕਾ ਨੇ ਮੁੱਖ ਤੌਰ 'ਤੇ ਮਦਰੱਸੇ ਦਾ ਸਹਿਯੋਗ ਲਿਆ ਸੀ, ਜਿਸ ਨਾਲ ਓਸਾਮਾ ਬਿਨ ਲਾਦੇਨ ਤੇ ਤਾਲਿਬਾਨ ਦਾ ਜਨਮ ਹੋਇਆ।
ਪਰ ਜਿਵੇਂ ਕਿ ਇਤਿਹਾਸ ਵਿਚ ਹਮੇਸ਼ਾ ਰਿਹਾ ਹੈ, ਇਕ ਵਾਰ ਭਸਮਾਸੁਰ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਰੂਸੀ ਤਾਂ ਅਫ਼ਗਾਨਿਸਤਾਨ ਛੱਡ ਕੇ ਚਲੇ ਗਏ ਪਰ ਜਿਨ੍ਹਾਂ ਜੇਹਾਦੀਆਂ ਦੇ ਮੂੰਹ ਨੂੰ ਲਹੂ ਲੱਗ ਚੁੱਕਾ ਸੀ, ਉਹ ਅੱਤਵਾਦੀ ਬਣ ਗਏ ਅਤੇ ਉਨ੍ਹਾਂ ਤੋਂ ਦੁਨੀਆ ਲਈ ਖ਼ਤਰਾ ਪੈਦਾ ਹੋ ਗਿਆ। ਅਜ਼ਹਰ ਇਸੇ ਜਾਮੀਆ ਬਿਨੋਰੀਆ ਮਦਰੱਸੇ ਵਿਚੋਂ ਉਭਰਿਆ ਹੈ। ਫਰਵਰੀ 1994 ਵਿਚ ਅਜ਼ਹਰ ਨੂੰ ਭਾਰਤੀ ਸੈਨਾ ਨੇ ਜੰਮੂ-ਕਸ਼ਮੀਰ ਵਿਚ ਗ੍ਰਿਫ਼ਤਾਰ ਕਰਕੇ ਜੇਲ੍ਹ 'ਚ ਬੰਦ ਕਰ ਦਿੱਤਾ ਸੀ। ਪਰ ਦਸੰਬਰ 1999 ਵਿਚ ਇੰਡੀਅਨ ਏਅਰਲਾਇਨਜ਼ ਦੀ ਉਡਾਣ 814 ਨੂੰ ਅਗਵਾ ਕਰਕੇ ਕੰਧਾਰ ਲਿਜਾਇਆ ਗਿਆ ਅਤੇ ਯਾਤਰੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਤਤਕਾਲੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੂੰ ਕੁਝ ਬੰਦੀ ਕੈਦੀਆਂ ਨੂੰ ਛੱਡਣਾ ਪਿਆ, ਜਿਸ ਵਿਚ ਇਕ ਅਜ਼ਹਰ ਵੀ ਸੀ।
ਪਾਕਿਸਤਾਨ ਪਰਤਣ ਤੋਂ ਬਾਅਦ ਅਜ਼ਹਰ ਨੇ ਅੱਤਵਾਦੀ ਗੁਟ ਜੈਸ਼ ਦਾ ਗਠਨ ਕੀਤਾ। ਉਦੋਂ ਤੋਂ ਜੈਸ਼ ਖੂਨ-ਖਰਾਬੇ ਤੇ ਅੱਤਵਾਦ ਦਾ ਦੌਰ ਚਲਾਉਂਦਾ ਆ ਰਿਹਾ ਹੈ। ਉਸ ਦੇ ਮੁੱਖ ਹਮਲਿਆਂ ਵਿਚ ਅਪ੍ਰੈਲ 2000 ਵਿਚ ਬਾਦਾਮੀ ਬਾਗ ਸਥਿਤ ਭਾਰਤੀ ਸੈਨਾ 15 ਕੋਰ ਦਫ਼ਤਰ 'ਤੇ ਬੰਬ ਨਾਲ ਹਮਲਾ, ਅਕਤੂਬਰ 2001 ਵਿਚ ਜੰਮੂ-ਕਸ਼ਮੀਰ ਵਿਧਾਨ ਸਭਾ 'ਤੇ ਹਮਲਾ, ਦਸੰਬਰ 2001 ਵਿਚ ਸੰਸਦ 'ਤੇ ਹਮਲਾ, ਜਨਵਰੀ 2002 ਵਿਚ ਪੱਤਰਕਾਰ ਡੈਨੀਅਨ ਪਰਲ ਨੂੰ ਅਗਵਾ ਕਰਨਾ, ਦਸੰਬਰ 2005 ਵਿਚ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ 'ਤੇ ਹਮਲਾ, ਜੋ ਅਸਫ਼ਲ ਰਿਹਾ। ਜਨਵਰੀ 2016 ਵਿਚ ਪਠਾਨਕੋਟ ਹਮਲਾ ਤੇ ਫਰਵਰੀ 2019 ਵਿਚ ਪੁਲਵਾਮਾ ਦਾ ਆਤਮਘਾਤੀ ਹਮਲਾ।
ਗ਼ੌਰਤਲਬ ਹੈ ਕਿ 2001 ਵਿਚ ਸੰਯੁਕਤ ਰਾਸ਼ਟਰ ਤੇ ਅਮਰੀਕਾ ਨੇ ਜੈਸ਼ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਸੀ ਪਰ ਅਜ਼ਹਰ ਨੂੰ 'ਕੌਮਾਂਤਰੀ ਅੱਤਵਾਦੀ' ਐਲਾਨਣ ਦੀ ਕੋਸ਼ਿਸ਼ 2009 ਵਿਚ ਅਸਫ਼ਲ ਰਹੀ ਸੀ। ਕਿਉਂਕਿ ਪਾਕਿਸਤਾਨ ਲਈ ਚੀਨ ਲਗਾਤਾਰ ਅਜ਼ਹਰ ਦਾ ਬਚਾਅ ਕਰਦਾ ਆ ਰਿਹਾ ਸੀ। ਹੁਣ ਜਦੋਂ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਗਿਆ ਹੈ ਤਾਂ ਉਸ ਦੀਆਂ ਨਾਪਾਕ ਕਾਰਵਾਈਆਂ 'ਤੇ ਕੁਝ ਨਾ ਕੁਝ ਪਾਬੰਦੀਆਂ ਦੀ ਉਮੀਦ ਤਾਂ ਜ਼ਰੂਰ ਕੀਤੀ ਜਾ ਸਕਦੀ ਹੈ।