.....ਪਿਆਰ ਦਾ ਦਿੰਨ.....
ਕਾਨਬੇਰਾ/ਅੋਸਟਰਾਲੀਆ :20(ਮੀਡੀਦੇਸਪੰਜਾਬ)-ਅੱਜ ਵੈਲਿੰਨਟਾਈਨ ਦਾ ਦਿਨ ਆ, ਸਾਰੇ ਪਾਸੇ ਈ  ਲੋਕ ਚਾਕਲੇਟ, ਟੈਡੀਬੀਅਰ ਜਾਂ ਲਾਲ ਗੁਲਾਬ ਦੇ ਫੁੱਲ ਚੱਕੀ ਫਿਰਦੇ ਆ। ਅਸਲ ਚ ਮੈਨੂੰ ਤਾਂ ਐਥੇ ਆ ਕੇ ਈ ਪਤਾ ਲੱਗਿਆ ਸੀ ਵੈਲਿੰਨਟਾਈਨ ਬਾਰੇ। ਵੈਸੇ ਵੀ ਆਪਣੇ ਪੰਜਾਬੀ ਕਦ ਮਨਾਉਂਦੇ ਆ ਵੈਲਿੰਨਟਾਈਨ, ਇੱਕ ਵਾਰ ਵਿਆਹ ਹੋਜੇ ਤਾਂ ਸਮਝਦੇ ਆ ਹੁਣ ਪੱਕੇ ਗੱਲ ਪੈਗੀ,ਹੁਣ ਨੀ ਲੋੜ।  ਚਾਹੇ ਹੁੱਜਾਂ ਮਾਰ ਮਾਰ ਦੱਸੀ ਜਾਓ ,ਤਾਂ ਨੀ ਕੋਈ ਸੁਣਦਾ, ਜਾਂ  ਕਹਿਣਗੇ ਛੱਡ ਯਾਰ, ਕੀ ਰੱਖਿਆ ਇਹਨਾਂ ਗੱਲਾਂ ਚ।   ਜਾਹ ਜਾਕੇ ਆਪੇ ਈ ਲੈ ਆ ਜੋ ਚਾਹੀਦਾ। ਪਰ ਅਸਲੀਅਤ ਇਹ ਆ ਕਿ ਜੋ ਮਰਜੀ ਕਹੀ ਜਾਈਏ , ਪਿਆਰ ਦਾ ਭੁੱਖਾ ਤਾਂ ਹਰ ਇੱਕ ਈ ਹੁੰਦਾ।
  ਵੈਸੇ ਤਾਂ ਇਹ ਪਿਆਰ ਮੁਹੱਬਤ ਦੇ ਕਿੱਸੇ ਐਡਮ ਈਵ ਦੇ ਜਮਾਨੇ ਤੋਂ ਈ ਚੱਲੇ ਆਉਂਦੇ ਆ। ਆਪਣੇ ਵੀ ਕਈ ਹੀਰ ਰਾਂਝੇ,ਸੱਸੀ ਪੁੰਨੂ, ਹੋਏ ਆ, ਪਰ ਸਾਡਾ ਸਮਾਜ ਹਾਲੇ ਵੀ ਇਹਨਾਂ ਰਿਸ਼ਤਿਆਂ ਨੂੰ ਬਹੁਤਾ ਚੰਗਾ ਨੀ ਸਮਝਦਾ।   ਹਾਲੇ ਵੀ ਕੁੜੀਆਂ ਅਣਖ ਦੀ ਖਾਤਰ ਮਰਦੀਆਂ ਨੇ, ਹਾਲੇ ਵੀ ਜਾਤ ਪਾਤ,ਅਮੀਰੀ ਗਰੀਬੀ ਪਿਆਰ ਦੇ ਰਾਹਾਂ ਚ ਰੋੜੇ ਬਣਦੇ ਆ। ਸੋਚਦੀ ਆਂ ਅਸਲ ਕਸੂਰ ਕੱਲੇ ਸਾਡੇ ਮਾਂ ਬਾਪ  ਜਾਂ ਸਮਾਜ ਦਾ ਨੀ ,ਕਿਤੇ ਨਾ ਕਿਤੇ ਅਸੀਂ ਸਾਰੇ ਈ ਕਸੂਰਵਾਰ ਆਂ। ਮਾਂ ਬਾਪ ਬੱਚਿਆੰ ਦੇ ਭਵਿੱਖ ਬਾਰੇ ਬਾਹਲਾ ਸੋਚਦੇ ਆ ਤੇ ਬੱਚੇ ਆਪਣੇ ਵਰਤਮਾਨ  ਚ ਈ ਗੁਆਚ ਕੇ ਰਹਿ ਜਾਂਦੇ ਆ।

ਵੈਸੇ ਵੀ ਅਸੀਂ ਤੇ ਸਾਡਾ ਸਾਰਾ ਸਮਾਜ ਈ ਦੋਗਲੀ ਸੋਚ ਦਾ ਮਾਲਕ ਆ। ਮੁੰਡਿਆਂ ਲਈ ਹੋਰ ਕੰਨੂਨ,ਕੁੜੀਆਂ ਲਈ ਹੋਰ,ਆਪਣੇ ਲਈ ਹੋਰ ਮਿਣਤੀ ਤੇ ਬਾਕੀਆਂ  ਲਈ ਹੋਰ। ਸੋਚਣ ਵਾਲੀ ਗੱਲ ਆ ਬਈ ਅਸੀਂ ਪਿਆਰ ਦੇ ਨਾਂ ਪੂਰਾ ਹਫਤਾ ਮਨਾਈ ਜਰੂਰ ਜਾਨੇ ਆਂ ਕਦੇ ਰੋਜ ਡੇ,ਕਦੇ ਪਰਪੋਜ ਡੇ, ਪਰ ਪਿਆਰ ਕਰਨ ਵਾਲੇ ਮੁੰਡਾ ਕੁੜੀ ਜੇ ਕਿਤੇ ਬਾਹਰ ਬੈਠੇ ਦਿਸ ਜਾਣ ਤਾਂ ਉਹਨਾਂ ਦੀ ਛਿੱਤਰ ਪਰੇਡ ਵੀ ਪੱਕੀ ਕਰ ਦਿੰਨੇ ਆ। ਕਈ ਤਾਂ ਮੂਵੀਆਂ ਬਣਾ ਕੇ, ਬੇਇੱਜਤ ਕਰਕੇ ਇੰਟਰਨੈੱਟ ਤੇ ਪਾਉਣ ਤੋਂ ਵੀ ਗੁਰੇਜ ਨੀ ਕਰਦੇ।

ਕਈ ਵਾਰ ਤਾਂ ਸੋਚਦੀ ਆਂ ਸਾਨੂੰ ਇਹੋ ਜਿਹੇ ਤਿਉਹਾਰ ਮਨਾਉਣ ਤੋਂ ਪਹਿਲਾਂ ਆਪਣੀ ਸੋਚ ਬਦਲਣ ਦੀ ਲੋੜ ਆ, ਪਿਆਰ ਜਾਂ ਪਿਆਰ ਕਰਨ ਵਾਲਿਆਂ ਨੂੰ ਸਮਝਣ ਦੀ ਲੋੜ ਆ। ਮੰਨਦੀ ਆਂ ਬਹੁਤ ਲੋਕ ਇਹਦਾ ਗਲਤ ਫਾਇਦਾ ਵੀ ਚੱਕਦੇ ਆ, ਇੱਕ ਦੂਜੇ ਦੀਆਂ ਜਿੰਦਗੀਆਂ ਵੀ ਬਰਬਾਦ ਕਰ ਦਿੰਦੇ ਆ , ਪਰ ਸੋਚਦੀ ਆਂ ਕਸੂਰ ਉਹਨਾਂ ਕੱਲਿਆਂ ਦਾ ਨੀ ਹੁੰਦਾ। ਸ਼ਾਇਦ ਅਸਲ ਕਸੂਰ ਉਹਨਾਂ ਦੇ ਹਾਲਾਤਾਂ ਦਾ ਹੁੰਦਾ, ਉਹਨਾਂ ਨੇ ਕਦੇ ਆਪਣੇ ਮਾਂ ਬਾਪ ਜਾਂ ਪਰਵਾਰ ਚ ਅਸਲੀ ਪਿਆਰ ਦੇਖਿਆ ਈ ਨੀ ਹੁੰਦਾ।

ਵੈਸੇ ਤਾਂ ਪਿਆਰ ਸਾਡੀਆਂ ਬੀਬੀਆਂ, ਦਾਦੀਆਂ ਨਾਨੀਆਂ ਦੇ ਜਮਾਨਿਆਂ ਚ ਵੀ ਹੁੰਦਾ ਸੀ,  ਬੇਜੁਬਾਨਾਂ,ਗੂੰਗਾ, ਸ਼ਾਇਦ ਆਂਖੋ ਹੀ ਆਂਖੋ ਮੇਂ ਇਸ਼ਾਰੇ ਵਾਲਾ ਪਿਆਰ ਹੁੰਦਾ ਸੀ। ਪਰ ਸ਼ਾਇਦ ਉਹ ਲੋਕ ਸੱਚਾ ਸੁੱਚਾ ਰੱਬ ਵਰਗਾ ਪਿਆਰ ਕਰਦੇ ਸੀ। ਅਸਲ ਚ ਪਿਆਰ ਕਬਜਾ ਜਾਂ ਧੱਕਾ ਨੀ ਹੁੰਦਾ, ਪਿਆਰ ਤਾਂ ਦੁੱਖ ਸੁੱਖ ਵੇਲੇ ਨਾਲਦੇ ਦਾ ਹੱਥ ਫੜਕੇ ਤੁਰਨਾ, ਹਰ ਖੁਸ਼ੀ ਚ ਨਾਲ ਹੱਸਣਾ,  ਤੇ ਦੁੱਖ ਚ ਨਾਲ ਰੋਣਾ ਈ ਹੁੰਦਾ।   ਪਿਆਰ ਤਾਂ  ਕੁਦਰਤ ਦਾ ਬਖਸ਼ਿਆ  ਵਰਦਾਨ ਹੁੰਦਾ, ਨਾ ਇਹਦੀ ਕੋਈ ਕਿਸਮ ਆ,ਨਾ ਭਾਸ਼ਾ, ਨਾਂ ਇਹ ਚਾਕਲੇਟ, ਗਿਫਟਾਂ ਮੰਗਦਾ, ਨਾਂ ਗੁਲਾਬ ਦੇ ਫੁੱਲ, ਇਹ ਤਾਂ ਬੱਸ ਪਿਆਰ ਦੇ ਦੋ ਮਿੱਠੇ ਬੋਲ ਈ ਮੰਗਦਾ।