ਅਮਨ, ਦੇ ਲਈ ਲਿਖਣਾ, ਤੇਰੀ ਯਾਦ ਚ ਖੋਣਾ ਹੁੰਦੈ ।

ਬਿਰਖਾਂ ਦੇ ਸਿਰ ਇਹ ਅਹਿਸਾਨ ਵੀ ਹੋਣਾ ਹੁੰਦੈ ।

gjl.jpg

ਧੂੜ ਨਾ' ਭਰਿਆਂ ਨੂੰ ਕਣੀਆਂ ਨੇ ਧੋਣਾ ਹੁੰਦੈ ।

ਇਸ਼ਕ ਨੇ ਤਖ਼ਤੇ ਉੱਪਰ ਖੜ ਵੀ ਹੱਸਣਾ ਹੁੰਦੈ,
ਅਕਲਾਂ ਨੇ ਤਖਤਾਂ ਤੇ ਬਹਿ ਵੀ ਰੋਣਾ ਹੁੰਦੈ ।

ਇਸ਼ਕ ਸਿਖਾਵੇ ਹੁਕਮ ਦੇ ਅੰਦਰ ਕਿੰਝ ਰਹਿਣਾ,
ਤਰਕਾਂ ਨੇ ਤਾਂ ਆਪਣਾ ਬੋਝ ਹੀ ਢੋਣਾ ਹੁੰਦੈ ।

ਸਮਿਆਂ ਦਾ ਸੱਚ ਮੀਂਹ ਦੇ ਵਰਗਾ ਹੁੰਦਾ ਹੈ,
ਕੱਚੇ ਸਿਦਕਾਂ ਦਾ ਕੋਠਾ ਤਾਂ ਚੋਣਾ ਹੁੰਦੈ ।

ਕੌਣ ਕਿਤਾਬਾਂ ਵਰਗੀ ਜ਼ਿੰਦਗੀ ‌ਜਿਉਂਦਾ ਹੈ ?
ਸਭ ਨੇ ਇਕ ਅੱਧਾ ਤਾਂ ਰਾਜ਼ ਲੁਕੋਣਾ ਹੁੰਦੈ ।

ਤੇਰੀ ਸ਼ਰਧਾ ਜਾਂ ਖੁਸ਼ੀ ਦਾ ਕੈਸਾ ਆਲਮ ਹੈ,
ਖਿੜਦੇ ਫੁੱਲ ਨੂੰ ਤੋੜ ਕੇ ਹਾਰ ਪਰੋਣਾ ਹੁੰਦੈ ।

ਦੁਨੀਆਂ ਦੀ ਹੀ ਨਜ਼ਰ ਚ ਕੋਹਝਾਪਨ ਹੋਣਾ,
ਮਾਵਾਂ ਦੇ ਲਈ ਆਪਣਾ ਪੁੱਤਰ ਸੋਹਣਾ ਹੁੰਦੈ ।

ਸ਼ੌਕ ਨਾ ਕਿੱਤਾ, ਫਰਜ਼ ਤੇ ਨਾ ਕੁਝ ਹੋਰ, ਅਮਨ,
ਦੇ ਲਈ ਲਿਖਣਾ, ਤੇਰੀ ਯਾਦ ਚ ਖੋਣਾ ਹੁੰਦੈ ।

ਅਮਨਦੀਪ ਸਿੰਘ ਅਮਨ
17/02/2020