ਇਨਸਾਫ ਲਈ ਅਕਾਲ ਤਖਤ ‘ਤੇ ਟਿੱਕੀਆਂ ਨਿਗਾਹਾਂ!

ਦਰ ਦਰਬਾਰ ਦਾ ਆਮ ਨਹੀਂ,
ਤਖਤ ਸਖਸ਼ ਦੇ ਨਾਮ ਨਹੀਂ।
ਸਿਫਤ ਹੀ ਹੁੰਦੀ ਏ ਅਲਾਹ ਦੀ,
ਕਿਸੇ ਆਦਮ ਦਾ ਪੈਗਾਮ ਨਹੀਂ।
ਧੁਰ ਦਰਗਾਹੋਂ ਆਇਆ ਏ,
ਇਹ ਆਮ ਨਹੀਂ ਇਹ ਆਮ ਨਹੀਂ।

ਲੇਖਕ: ਨਰਿੰਦਰ ਪਾਲ ਸਿੰਘ*

ਸ਼ੋਸ਼ਲ ਮੀਡੀਆ ਫੇਸਬੁੱਕ ਤੇ ਪ੍ਰਗਟਾਏ ਇਹ ਜਜਬਾਤ ਬੀਤੇ ਕਲ੍ਹ ਮੁਸਲਿਮ ਭਾਈਚਾਰੇ ਵਲੋਂ ਨਾਗਰਿਕਤਾ ਸੋਧ ਕਾਨੂੰਨ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਖਲਅੰਦਾਜੀ ਤੇ ਆਦੇਸ਼ ਦੀ ਕੀਤੀ ਮੰਗ ਬਾਅਦ ਸਾਹਮਣੇ ਆਏ ਹਨ। ਇਹੋ ਜਿਹੇ ਹਜਾਰਾਂ ਲੱਖਾਂ ਜਜਬਾਤਾਂ ਸਾਧਨ ਉਡੀਕ ਰਹੇ ਹੋਣਗੇ। ਵਿਸ਼ੇਸ਼ ਕਰਕੇ ਉਸ ਵੇਲੇ,ਜਦੋਂ ਕੁਝ ਕੱਟੜਵਾਦੀ ਤਾਕਤਾਂ ਦੇਸ਼ ਅੰਦਰ ਖੇਰੂੰ ਖੇਰੂੰ ਹੋ ਵਿਚਰ ਰਹੀਆਂ ਘੱਟ ਗਿਣਤੀ ਕੌਮਾਂ ਨੂੰ ਆਨੇ ਬਹਾਨੇ ਨਿਗਲ ਜਾਣ ਦੇ ਮਨਸੂਬੇ ਘੜ ਰਹੀਆਂ ਹਨ। ਅਜੇਹੇ ਮੌਕੇ ਮੁਸਲਮਾਨ ਭਾਈਚਾਰੇ ਦੀ ਇਸ ਪਹੁੰਚ ਨੇ ਸਦੀਆਂ ਪੁਰਾਣੀ ਉਸ ਧਾਰਣਾ ਤੇ ਵਰਤਾਰੇ ਤੇ ਮੋਹਰ ਲਾਈ ਹੈ ਕਿ ਸਿੱਖ ਕੌਮ ਦੀ ਅਜਾਦ ਪ੍ਰਭੂਸੱਤਾ ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਹੀ ਇੱਕ ਅਜੇਹਾ ਇਲਾਹੀ ਤਖਤ ਹੈ ਜੋ ਹਰ ਔਖੀ ਘੜੀ ਦੱਬੀ ਕੁਚਲੀ ਮਨੁਖਤਾ ਤੇ ਮਜਲੂਮਾਂ ਦੀ ਬਾਂਹ ਫੜ ਸਕਦਾ ਹੈ।

ਦਿੱਲੀ ਦੇ ਹਾਕਮਾਂ ਵਲੋਂ ਨਾਗਰਿਕਤਾ ਸੋਧ ਕਾਨੂੰਨ ਠੋਸਣ ਦੀ ਜੋ ਪ੍ਰਕ੍ਰਿਆ ਤਿਆਰ ਕੀਤੀ ਗਈ, ਉਸਦੀ ਅਸਪਸ਼ਟਤਾ ਦਾ ਜੁਆਬ ਦੇਣ ਦੀ ਬਜਾਏ ਧੱਕੇ ਨਾਲ ਲਾਗੂ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਅਦ ਮੁਸਲਮਾਨ ਭਾਈਚਾਰੇ ਨੇ ਸਿੱਧੇ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਪਾਸ ਸੁਣਵਾਈ ਦੀ ਗੁਹਾਰ ਲਗਾਈ ਹੈ, ਇਹ ਹਕੀਕਤ ਕੋਈ ਲੁਕੀ ਛਿਪੀ ਹੈ। ਪ੍ਰੰਤੂ ਇਹ ਵੀ ਤਰਾਸਦੀ ਹੈ ਕਿ ਅਜੇਹੇ ਹਾਲਾਤਾਂ ਪੈਦਾ ਕਰਨ ਵਾਲਿਆਂ ਵਿੱਚ ਉਹ ਸਿਆਸਤਦਾਨ ਵੀ ਹਨ ਜੋ ਖੁਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਚਾਰਕ ਪ੍ਰਸਾਰਕ ਹੋਣ ਦੇ ਦਾਅਵੇ ਕਰਦੇ ਨਹੀ ਥੱਕਦੇ। ਇਹ ਹਾਲਾਤ ਅਜੇਹੇ ਦੋਗਲੀ ਪ੍ਰਵਿਰਤੀ ਦੇ ਲੋਕਾਂ ਦੀ ਹੀ ਦੇਣ ਹੈ ਕਿ 56 ਮੁਲਕਾਂ ਵਿੱਚ ਰਾਜ ਚਲਾਉਣ ਵਾਲਾ ਮੁਸਲਮਾਨ ਭਾਈਚਾਰਾ ਹਿੰਦੁਸਤਾਨ ਵਿੱਚ ਖੁੱਦ ਨੂੰ ਅਸੁਰਖਿਅਤ ਮਹਿਸੂਸ ਕਰ ਰਿਹਾ ਹੈ।

ਅਕਾਲ ਤਖਤ ਸਾਹਿਬ ਦੀ ਇਕ ਤਸਵੀਰ

ਵਿਸ਼ਵ ਭਰ ਦੇ ਮੁਲਕਾਂ ਨੂੰ ਸਭਿਆਤਾ ਤੇ ਸ਼ਾਲੀਨਤਾ ਦਾ ਪਾਠ ਪੜਾਉਣ ਲਈ ਜਾਣੀ ਜਾਂਦੀ ਸੰਸਥਾ ਸੰਯੁਕਤ ਰਾਸ਼ਟਰ ਸੰਘ ਵੀ ਜਦੋ ਇਸ ਮਸਲੇ ਤੇ ਘੇਸਲ ਮਾਰ ਬੈਠਾ ਹੈ ਤਾਂ ਮੁਸਲਮਾਨ ਭਾਈਚਾਰੇ ਨੇ ਗੁਰੂ ਹਰਿਗੋਬਿੰਦ ਪਾਤਸ਼ਾਹ ਦੁਆਰਾ ਸਥਾਪਿਤ ਅਕਾਲ ਦੇ ਇਲਾਹੀ ਤਖਤ ਤੇ ਟੇਕ ਧਰੀ ਹੈ।

⊕ ਇਹ ਖਬਰ ਵੀ ਪੜ੍ਹੋ – ISLAMIC DELEGATION SEEKS SUPPORT FROM AKAL TAKHT AGAINST CAA-NRC

ਦਿਨੀਂ (7 ਫਰਵਰੀ) ਨੂੰ ਜਿਸ ਵੇਲੇ ਅਹਿਮਗੜ੍ਹ ਤੋਂ ਆਏ ਸੈਂਕੜੈ ਮੁਸਲਮਾਨ ਜੁਆਇੰਟ ਮੁਸਲਿਮ ਐਕਸ਼ਨ ਕਮੇਟੀ ਦੇ ਬੈਨਰ ਤੇ ਜਨਾਬ ਜੀ.ਸ਼ਾਨ ਹੈਦਰ ਤੇ ਜਨਾਬ ਫੁਰਖਾਨ ਅਹਿਮਦ ਦੀ ਅਗਵਾਈ ਵਿੱਚ ਇੱਕਤਰ ਹੋ ਸਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਕਰ ਰਹੇ ਸਨ ਤਾਂ ਸਮੁਚੀਆਂ ਸਿੱਖ ਸੰਗਤਾਂ ਦੀਆਂ ਨਜਰਾਂ ਉਨ੍ਹਾਂ ਨੂੰ ਨਿਹਾਰ ਰਹੀਆਂ ਸਨ। ਦਰਬਾਰ ਸਾਹਿਬ ਵਿਖੇ ਆਪਣੀ ਅਕੀਦਤ ਭੇਟ ਕਰਨ ਉਪਰੰਤ ਇਹ ਵਫਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਪੁਜਾ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਇੱਕ ਬੇਨਤੀ ਪੱਤਰ ਸਕਤਰੇਤ ਅਧਿਕਾਰੀਆਂ ਨੂੰ ਪੇਸ਼ ਕੀਤਾ। ਸਕਤਰੇਤ ਵਲੋਂ ਯਕੀਨ ਦਿਵਾਇਆ ਗਿਆ ਕਿ ਉਨ੍ਹਾਂ ਦੀ ਬੇਨਤੀ ਜਥੇਦਾਰ ਜੀ ਤੀਕ ਪਹੁੰਚਾਈ ਜਾ ਰਹੀ ਹੈ।

ਇਸ ਵੇਲੇ ਤੀਕ ਇਨ੍ਹਾਂ ਈਮਾਨ ਪ੍ਰ੍ਰਸਤਾਂ ਲਈ ਨਮਾਜ ਦਾ ਸਮਾਂ ਹੋ ਚੱੁਕਾ ਸੀ। ਸਾਰ ਹੀ ਮੁਸਲਮਾਨ ਵੀਰ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਦੇ ਬਾਹਰ ਜੁੜ ਬੈਠੇ ਔਰ ਆਪਣੇ ਅਕੀਦੇ ਅਨੁਸਾਰ ਜੁੰਮੇ ਦੀ ਨਮਾਜ ਅਦਾ ਕੀਤੀ। ਮਾਹੌਲ ਵੀ ਐਸਾ ਸਾਜਗਾਰ ਸੀ ਕਿ ਨਮਾਜ ਅਦਾ ਕਰਦਿਆਂ ਇਨ੍ਹਾਂ ਨਮਾਜੀਆਂ ਦੇ ਚਿਹਰੇ ਘੰਟਾ ਘਰ ਬਾਹੀ ਵੱਲ ਸਨ ਜਿਥੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜਲੇ ਦੋ ਨਿਸ਼ਾਨ ਸਾਹਿਬ ਸਾਫ ਨਜਰੀ ਪੈਂਦੇ ਹਨ। ਨੇੜਿਉਂ ਲੰਘ ਰਹੇ ਸ਼ਰਧਾਲੂ ਇਨ੍ਹਾਂ ਨਮਾਜੀਆਂ ਨੂੰ ਨੀਝ ਨਾਲ ਵੇਖ ਰਹੇ ਸਨ।

ਲੋਕ ਤਨਜ ਵੀ ਕਰ ਰਹੇ ਸਨ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਕੁਝ ਆਪਣੇ ਲਕਹਾਉਣ ਵਾਲਿਆਂ ਤੇ ਕੁਝ ਮੋਹ ਮਾਇਆ ਵਿੱਚ ਜਕੜੇ ਅਖੌਤੀ ਸੇਵਾਦਾਰਾਂ ਤੇ ਜਥੇਦਾਰਾਂ ਨੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਤੇ ਸਿਧਾਂਤਾਂ ਨੂੰ ਢਾਹ ਜਰੂਰ ਲਾਈ ਹੈ। ਲੇਕਿਨ ਅਕਾਲ ਦਾ ਇਹ ਤਖਤ ਰਹਿੰਦੀ ਦੁਨੀਆਂ ਤੀਕ ਦੱਬੇ ਕੁਚਲੇ,ਲਿਤਾੜੇ ਤੇ ਹਕੂਮਤਾ ਦੇ ਸਤਾਏ ਲੋਕਾਂ ਦੀ ਬਾਂਹ ਜਰੂਰ ਫੜੇਗਾ। ਲੋਕ ਬੇਬਾਕ ਸਨ ਕਿ ਕੁਝ ਤਰਕਵਾਦੀ ਅੱਜ ਵੀ ਅਕਾਲ ਤਖਤ ਸਾਹਿਬ ਨੂੰ ਮਹਿਜ ਇੱਕ ਇਮਾਰਤ ਹੀ ਸਮਝੀ ਬੈਠੇ ਹਨ ਲੇਕਿਨ ਧਰਮੀ ਲੋਕਾਂ ਦੇ ਮਨ੍ਹਾਂ ਅੰਦਰ ਇਸਦੀ ਇਲਾਹੀ ਤਖਤ ਵਜੋਂ ਜੋ ਤਸਵੀਰ ਉਕਰ ਚੱੁਕੀ ਹੈ ਉਸਨੂੰ ਕੋਈ ਦੁਨਿਆਵੀ ਤਾਕਤ ਮਿਟਾ ਨਹੀ ਸਕੇਗੀ।

ਮੁਸਲਮਾਨ ਭਾਈਚਾਰੇ ਦੀ ਅਕਾਲ ਤਖਤ ਸਾਹਿਬ ਤੀਕ ਇਨਸਾਫ ਲਈ ਪਹੁੰਚ ਨੂੰ ਇਸ ਸੰਦਰਭ ਵਿੱਚ ਵੀ ਵੇਖਣਾ ਬਣਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਸਿੱਖ ਕੌਮ ਹਰ ਔਖੀ ਘੜੀ, ਯਥਾਸ਼ਕਤ ਕੋਸ਼ਿਸ਼ ਨਾਲ, ਮੁਸੀਬਤ ਵਿੱਚ ਫਸੇ ਘੱਟ ਗਿਣਤੀ ਭਾਈਚਾਰਿਆਂ ਦੀ ਬਾਂਹ ਫੜਨ ਲਈ ਅੱਗੇ ਆ ਰਹੀ ਹੈ। ਫਿਰ ਉਹ ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ਵਿਚ ਪੜ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਪੜਾਈ ਦਾ ਖਰਚਾ ਚੁਕਣ ਦੀ ਜਰੂਰਤ ਹੋਵੇ ਜਾਂ ਧੀਆਂ ਭੈਣਾਂ ਨੂੰ ਸਰਖਿਅਤ ਕਸ਼ਮੀਰ ਪਹੁੰਚਾਣ ਦਾ। ਜਾਮੀਆ ਮਿਲੀਆ ਯੂਨੀਵਰਸਿਟੀ ਵਿਦਿਆਰਥੀਆਂ ਤੇ ਸ਼ਾਹੀਨ ਬਾਗ ਧਰਨਾਕਾਰੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਹੋਵੇ ਜਾਂ ਕੋਈ ਹੋਰ ਕੁਦਰਤੀ ਆਫਤ ਦਾ ਮੌਕਾ। ਦੇਸ਼ ਦੇ ਹਾਕਮਾਂ ਵਲੋਂ ਲਏ ਜਾ ਰਹੇ ਗੰਭੀਰ ਮੁੱਦਿਆਂ ਪ੍ਰਤੀ ਸਾਡੇ ਸਿਆਸਤਦਾਨਾਂ ਵਲੋਂ ਦਿਖਾਏ ਜਾ ਰਹੇ ਦੋਗਲੇਪਣੱ ਨੂੰ ਖਤਮ ਕਰਾਉਣ ਲਈ ਵੀ ਸਾਨੂੰ ਸਿੱਖ ਕਹਾਉਣ ਵਾਲਿਆਂ ਨੂੰ ਮੁੜ ਕਮਰਕੱਸਾ ਜਰੂਰ ਕਰਨਾ ਪਵੇਗਾ। “ਦਰਬਾਰ ਸਾਹਿਬ ਦੇ ਬਾਹਰ ਨਮਾਜ ਅਦਾ ਕਰਨੀ, ਦਰਬਾਰ ਸਾਹਿਬ ਨਤਮਸਤਕ ਹੋਣਾ, ਤੇ ਜਾਬਰ ਦਿੱਲੀ ਦੇ ਤਖਤ ਤੋਂ ਦੁਖੀ ਹੋ ਅਕਾਲ ਦੇ ਤਖਤ ਤੇ ਆਸ ਲੈ ਕੇ ਆਉਣੀ ਆਮ ਵਰਤਾਰਾ ਨਹੀਂ ਹੈ।

ਨਫਰਤਾਂ ਦੀ ਅੱਗ ਚ ਸੜ ਰਹੇ ਸੰਸਾਰ ਚ ਇਹ ਠੰਡੀ ਹਵਾ ਦਾ ਬੁੱਲਾ ਹੈ। ਹਰ ਸਿੱਖ ਦਾ ਫਰਜ ਹੈ ਦਰ ਤੇ ਆਏ ਦੀ ਬਾਂਹ ਫੜੇ”। ਪਰਖ ਦੀ ਘੜੀ ਹੈ ਕਿ ਸਤਾਰ੍ਹਵੀ ਸਦੀ ਵਿੱਚ ਜੰਗਲ ਬੇਲਿਆਂ ਅੰਦਰ ਵਿਚਰਨ ਵਾਲੇ ਵੀ ਅਕਾਲ ਤਖਤ ਤੇ ਆਏ ਫਰਿਆਦੀ ਨੂੰ ਨਿਰਾਸ਼ ਨਹੀ ਸਨ ਭੇਜਦੇ।