ਭਾਰਤੀ ਕ੍ਰਿਕਟ ਕਲੱਬ ਨੇ ਰੋਮਾਂਚਕ ਮੁਕਾਬਲੇ ਚ ਪਾਕਿ ਕ੍ਰਿਕਟ ਕਲੱਬ ਤੇ ਕੀਤੀ ਸ਼ਾਨਦਾਰ ਜਿੱਤ ਦਰਜ
indian cricket club recorded a great victory over the pakistan cricket clubਬ੍ਰਿਸਬੇਨ  20(ਮੀਡੀਦੇਸਪੰਜਾਬ)- ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਦੇ ਰੈੱਡਲੈਂਡ ਕ੍ਰਿਕਟ ਕਲੱਬ ਵਿਖੇ ਭਾਰਤੀ ਕ੍ਰਿਕਟ ਕਲੱਬ ਅਤੇ ਪਾਕਿਸਤਾਨੀ ਕ੍ਰਿਕਟ ਕਲੱਬ ਵਿਚਾਲੇ ਦੋਸਤਾਨਾ ਮੈਚ ਖੇਡਿਆ ਗਿਆ, ਜਿਸ ਵਿਚ ਭਾਰਤ ਨੇ ਰੋਮਾਂਚਕ ਅੰਦਾਜ਼ ਵਿਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਅਤੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਸ਼ੁਰੂ ਵਿਚ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਗਾਏ ਗਏ।

ਇਸ ਮੌਕੇ ਆਸਟਰੇਲੀਆਈ ਕ੍ਰਿਕਟ ਟੀਮ ਦਾ ਮੌਜੂਦਾ ਖਿਡਾਰੀ ਮਾਰਨਸ ਲਾਬੂਚਾਨੇ ਵਿਸ਼ੇਸ਼ ਤੌਰ 'ਤੇ ਪਹੁੰਚਿਆ ਅਤੇ ਦੋਵਾਂ ਦੇਸ਼ਾਂ ਨੂੰ ਕ੍ਰਿਕਟ ਨੂੰ ਪਿਆਰ ਕਰਨ ਲਈ ਵਧਾਈ ਦਿੱਤੀ। ਉਸ ਨੇ ਆਸ ਪ੍ਰਗਟਾਈ ਕਿ ਜਲਦ ਹੀ ਕੌਮਾਂਤਰੀ ਕ੍ਰਿਕਟ ਫਿਰ ਤੋਂ ਸ਼ੁਰੂ ਹੋਵੇਗੀ। ਪਾਕਿ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ 25 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾਈਆਂ। ਭਾਰਤ ਵਲੋਂ ਯੁੱਗਦੀਪ ਵੋਹਰਾ ਨੇ 4 ਓਵਰਾਂ ਵਿਚ 23 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ।
ਜਵਾਬ ਵਿਚ ਭਾਰਤ ਨੇ ਕਾਫੀ ਹੌਲੀ ਸ਼ੁਰੂਆਤ ਕੀਤੀ। ਬਾਅਦ ਵਿਚ ਰੋਹਿਤ ਪਾਠਕ ਨੇ ਤਾਬੜ-ਤੋੜ ਬੱਲੇਬਾਜ਼ੀ ਕਰ ਕੇ ਮੈਚ ਦਾ ਰੁਖ਼ ਭਾਰਤ ਵੱਲ ਮੋੜ ਦਿੱਤਾ। ਡਾਕਟਰ ਹੈਰੀ ਨੇ ਉਸਦਾ ਵਧੀਆ ਸਾਥ ਦਿੱਤਾ ਗਿਆ ਜਿਹੜਾ ਅੰਤ ਤੱਕ ਡਟਿਆ ਰਿਹਾ। ਦੀਪਸ਼ੇਰ ਗਿੱਲ ਨੇ ਆਖਰੀ ਓਵਰ ਵਿਚ ਸ਼ਾਨਦਾਰ ਦੋ ਚੌਕੇ ਲਾ ਕੇ ਮੈਚ ਨੂੰ ਭਾਰਤ ਦੀ ਝੋਲੀ ਪਾ ਦਿੱਤਾ। ਪਾਕਿਸਤਾਨੀ ਕਪਤਾਨ ਸ਼ੋਇਬ ਜ਼ਾਇਦੀ ਵਲੋਂ ਭਾਰਤੀ ਖਿਡਾਰੀਆਂ ਨੂੰ ਮੈਚ ਜਿੱਤਣ ਦੀ ਵਧਾਈ ਦਿੱਤੀ ਗਈ। ਭਾਰਤੀ ਕਪਤਾਨ ਰੋਹਿਤ ਪਾਠਕ ਨੇ ਕਿਹਾ ਕਿ ਇਹ ਇਕ ਟੀਮ ਦੀ ਜਿੱਤ ਹੈ। ਯੁੱਗਦੀਪ ਵੋਹਰਾ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ ਸਰਬੋਤਮ ਖਿਡਾਰੀ ਚੁਣਿਆ ਗਿਆ। ਇਨਾਮਾਂ ਦੀ ਵੰਡ ਮੁੱਖ ਮਹਿਮਾਨ ਡਾਕਟਰ ਮਾਰਕ ਰੌਬਿਨਸਨ ਵਲੋਂ ਕੀਤੀ ਗਈ। ਉਨ੍ਹਾਂ ਦੇ ਨਾਲ ਡਾਕਟਰ ਬਰਨਾਰਡ ਮਲਿਕ ਡਾਇਰੈਕਟਰ ਅਮੈਰੀਕਨ ਕਾਲਜ ਅਤੇ ਮਨੂੰ ਕਾਲਾ ਵੀ ਹਾਜ਼ਰ ਸਨ।