LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ |
 ਨਵੀਂ ਦਿੱਲੀ :-18-ਅਕਤੂਬਰ20(ਮੀਡੀਆਦੇਸਪੰਜਾਬ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰਬੀ
ਲੱਦਾਖ 'ਚ ਅਸਲ ਕੰਰੋਲ ਲਾਈਨ (ਐੱਲ.ਏ.ਸੀ.) 'ਤੇ ਵੱਡੀ ਗਿਣਤੀ 'ਚ ਹਥਿਆਰਾਂ ਨਾਲ ਲੈਸ
ਚੀਨੀ ਫੌਜੀਆਂ ਦੀ ਮੌਜੂਦਗੀ ਭਾਰਤ ਸਾਹਮਣੇ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ ਹੈ।
ਜੈਸ਼ੰਕਰ ਨੇ ਕਿਹਾ ਕਿ ਜੂਨ 'ਚ ਲੱਦਾਖ ਸੈਕਟਰ 'ਚ ਭਾਰਤ-ਚੀਨ ਸਰਹੱਦ 'ਤੇ ਹਿੰਸਕ ਝੜਪਾਂ
ਦਾ ਬਹੁਤ ਡੂੰਘਾ ਜਨਤਕ ਅਤੇ ਰਾਜਨੀਤਕ ਪ੍ਰਭਾਵ ਰਿਹਾ ਹੈ ਅਤੇ ਇਸ ਨਾਲ ਭਾਰਤ ਅਤੇ ਚੀਨ
ਵਿਚਾਲੇ ਰਿਸ਼ਤਿਆਂ 'ਚ ਗੰਭੀਰ ਰੂਪ ਨਾਲ ਉਥੱਲ-ਪੁਥਲ ਦੀ ਸਥਿਤੀ ਬਣੀ ਹੈ।
ਏਸ਼ੀਆ ਸੋਸਾਇਟੀ ਵਲੋਂ ਆਯੋਜਿਤ ਆਨਲਾਇਨ ਪ੍ਰੋਗਰਾਮ 'ਚ ਜੈਸ਼ੰਕਰ ਨੇ ਕਿਹਾ, ‘‘ਸਰਹੱਦ
ਦੇ ਉਸ ਹਿੱਸੇ 'ਚ ਅੱਜ ਵੱਡੀ ਗਿਣਤੀ 'ਚ ਫੌਜੀ (ਪੀ.ਐੱਲ.ਏ. ਦੇ) ਮੌਜੂਦ ਹਨ, ਉਹ
ਹਥਿਆਰਾਂ ਨਾਲ ਲੈਸ ਹਨ ਅਤੇ ਇਹ ਸਾਡੇ ਸਾਹਮਣੇ ਬਹੁਤ ਹੀ ਗੰਭੀਰ ਸੁਰੱਖਿਆ ਚੁਣੌਤੀ ਹੈ।
ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ 15 ਜੂਨ ਨੂੰ ਹਿੰਸਕ ਝੜਪ 'ਚ ਭਾਰਤੀ ਫੌਜ ਦੇ 20
ਜਵਾਨ ਸ਼ਹੀਦ ਹੋ ਗਏ ਸਨ ਜਿਸ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਬਹੁਤ ਵੱਧ ਗਿਆ ਸੀ।
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਵੀ ਮਾਰੇ ਗਏ ਸਨ ਪਰ ਉਸਨੇ ਸਪੱਸ਼ਟ ਗਿਣਤੀ
ਨਹੀਂ ਦੱਸੀ।
ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਪਿਛਲੇ 30 ਸਾਲ 'ਚ ਚੀਨ ਨਾਲ ਸੰਬੰਧ ਬਣਾਏ ਅਤੇ ਇਸ
ਰਿਸ਼ਤੇ ਦਾ ਆਧਾਰ ਅਸਲ ਕੰਟਰੋਲ ਲਾਈਨ 'ਤੇ ਅਮਨ-ਸ਼ਾਂਤੀ ਰਹੀ ਹੈ। ਉਨ੍ਹਾਂ ਕਿਹਾ ਕਿ 1993
ਤੋਂ ਲੈ ਕੇ ਕਈ ਸਮਝੌਤੇ ਹੋਏ ਜਿਨ੍ਹਾਂ ਨੇ ਉਸ ਸ਼ਾਂਤੀ ਅਤੇ ਅਮਨ ਦੀ ਰੂਪ ਰੇਖਾ ਤਿਆਰ
ਕੀਤੀ, ਜਿਸ ਨੇ ਸਰਹੱਦੀ ਖੇਤਰਾਂ 'ਚ ਆਉਣ ਵਾਲੇ ਫੌਜੀ ਬਲਾਂ ਨੂੰ ਸੀਮਤ ਕੀਤਾ ਅਤੇ ਇਹ
ਨਿਰਧਾਰਤ ਕੀਤਾ ਕਿ ਸਰਹੱਦ ਦਾ ਪ੍ਰਬੰਧਨ ਕਿਵੇਂ ਕੀਤਾ ਜਾਵੇ ਅਤੇ ਸਰਹੱਦ 'ਤੇ ਤਾਇਨਾਤ
ਫੌਜੀ ਇੱਕ-ਦੂਜੇ ਦੀ ਵੱਲ ਵਧਣ 'ਤੇ ਕਿਵੇਂ ਸਲੂਕ ਕਰਨ।
|