ਰਾਜਨਾਥ ਬੋਲੇ- ਭਾਰਤ ਸ਼ਾਂਤੀ ਪਸੰਦ ਦੇਸ਼, ਮਤਭੇਦ ਵਿਵਾਦ ਚ ਤਬਦੀਲ ਨਹੀਂ ਹੋਣੇ ਚਾਹੀਦੇ
india  territorial integrity rajnath singhਨਵੀਂ ਦਿੱਲੀ :-05-ਨਵੰਬਰ-(ਮੀਡੀਦੇਸਪੰਜਾਬ)-  ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ ਭਾਰਤ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ 'ਇਕਪਾਸੜਵਾਦ ਅਤੇ ਹਮਲੇ' ਤੋਂ ਬਚਾਉਣ ਲਈ ਵਚਨਬੱਧ ਹੈ। ਸਿੰਘ ਦਾ ਇਹ ਬਿਆਨ ਪੂਰਬੀ ਲੱਦਾਖ 'ਚ ਸਰਹੱਦ 'ਤੇ ਚੀਨ ਨਾਲ 7 ਮਹੀਨੇ ਤੋਂ ਜਾਰੀ ਤਣਾਅ ਦਰਮਿਆਨ ਆਇਆ ਹੈ। ਰੱਖਿਆ ਮੰਤਰੀ ਨੇ ਨਾਲ ਹੀ ਕਿਹਾ ਕਿ ਭਾਰਤ ਗੱਲਬਾਤ ਜ਼ਰੀਏ ਮਤਭੇਦਾਂ ਦੇ

ਸ਼ਾਂਤੀਪੂਰਨ ਹੱਲ ਨੂੰ ਮਹੱਤਵ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਹੱਦ 'ਤੇ ਸ਼ਾਂਤੀ ਕਾਇਮ ਰੱਖਣ ਨਾਲ ਜੁੜੇ ਵੱਖ-ਵੱਖ ਸਮਝੌਤਿਆਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ। ਨੈਸ਼ਨਲ ਡਿਫੈਂਸ ਕਾਲਜ ਵਲੋਂ ਆਯੋਜਿਤ ਇਕ ਡਿਜੀਟਲ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਹਾਲਾਂਕਿ ਭਾਰਤ ਆਪਣੀ ਇਕਸਾਰਤਾ ਅਤੇ ਹਮਲੇ ਤੋਂ ਆਪਣੇ ਖੇਤਰੀ ਅਖੰਡਤਾ ਨੂੰ ਬਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਸ਼ਾਂਤੀ ਪਸੰਦ ਦੇਸ਼ ਹੈ ਅਤੇ ਮੰਨਦਾ ਹੈ ਕਿ ਮਤਭੇਦ, ਵਿਵਾਦ 'ਚ ਤਬਦੀਲ ਨਹੀਂ ਹੋਣੇ ਚਾਹੀਦੇ। 

ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਦੀ ਸ਼ੁਰੂਆਤ 6 ਮਈ ਨੂੰ ਹੋਈ ਅਤੇ ਇਸ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਪ੍ਰਭਾਵਿਤ ਹੋਏ ਹਨ। ਦੋਵੇਂ ਪੱਖ ਤਣਾਅ ਨੂੰ ਦੂਰ ਕਰਨ ਲਈ ਕੂਟਨੀਤਕ ਅਤੇ ਸੈਨਿਕ ਪੱਧਰ 'ਤੇ ਕਈ ਦੌਰ ਦੀ ਗੱਲਬਾਤ ਕਰ ਚੁੱਕੇ ਹਨ। ਹੁਣ ਤੱਕ ਤਣਾਅ ਦਾ ਹੱਲ ਨਹੀਂ ਨਿਕਲਿਆ ਹੈ। ਭਾਰਤ ਅਤੇ ਚੀਨ ਵਿਚਾਲੇ 8ਵੇਂ ਦੌਰ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਸ਼ੁੱਕਰਵਾਰ ਨੂੰ ਹੋਣ ਦੀ ਉਮੀਦ ਹੈ। ਰਾਜਨਾਥ ਨੇ ਆਪਣੇ ਸੰਬੋਧਨ ਵਿਚ ਭਾਰਤ ਦੀ ਫ਼ੌਜੀ ਸ਼ਕਤੀ ਵਧਾਉਣ ਅਤੇ ਰੱਖਿਆ ਖੇਤਰ ਦੇ ਸਾਜ਼ੋ-ਸਾਮਾਨ ਦਾ ਘਰੇਲੂ ਪੱਧਰ 'ਤੇ ਉਤਪਾਦਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਵੀ ਜ਼ਿਕਰ ਕੀਤਾ। ਸਿੰਘ ਨੇ ਕਿਹਾ ਕਿ ਜੰਗ ਨੂੰ ਰੋਕਣ ਦੀ ਪ੍ਰਤੀਰੋਧੀ ਸਮਰੱਥਾ ਹਾਸਲ ਕਰ ਕੇ ਹੀ ਸ਼ਾਂਤੀ ਯਕੀਨੀ ਕੀਤੀ ਜਾ ਸਕਦੀ ਹੈ। ਰੱਖਿਆ ਮੰਤਰੀ ਨੇ ਪਾਕਿਸਤਾਨ ਬਾਰੇ ਕਿਹਾ ਕਿ ਉਹ ਅੱਤਵਾਦ ਨੂੰ ਸਰਕਾਰੀ ਨੀਤੀ ਦੇ ਤੌਰ 'ਤੇ ਇਸਤੇਮਾਲ ਕਰਨ ਦਾ ਇਰਾਦਾ ਰੱਖਦਾ ਹੈ।