......ਜੀਤ ਸੁਰਜੀਤ ਬੈਲਜੀਅਮ...... |
![]()
ਨਿੰਮ ਨੂੰ ਸਵਾਲ ਕਰਦੇ ਲੋਕੀ ਮਿਠਾਸ ਬਾਰੇ।
ਤਪਦੇ ਥਲਾਂ ਨੂੰ ਪੁੱਛਣ ਆ ਕੇ ਪਿਆਸ ਬਾਰੇ।
ਕੱਚੀ ਉਮਰ ਦੇ ਜਿਹੜੇ ਹੁੰਦੇ ਉਹ ਰੰਗ ਕੱਚੇ,
ਕੱਚੇ ਦਾ ਕੀ ਭਰੋਸਾ ਕੀਤੇ ਕਿਆਸ ਬਾਰੇ।
ਨਿਭਦੇ ਨਾ ਤੋੜ ਤੀਕਰ ਅੱਧੇ ਹੀ ਸਾਥ ਮਿਲਦੇ,
ਸਭ ਦੀ ਹੀ ਸੋਚ ਵੱਖਰੀ ਅੱਧੇ ਗਲਾਸ ਬਾਰੇ।
ਕਾਬੂ ਰਿਹਾ ਨਾ ਦਿਲ 'ਤੇ, ਜਦ ਤੋਂ ਹੈ ਆਖਿਆ ਉਸ,
ਫਿਰ ਤੋਂ ਵਿਚਾਰ ਕਰਲੋ ਆਪਣੇ ਜੀ ਦਾਸ ਬਾਰੇ।
ਮੈਨੂੰ ਕਹਿ,ਜੀ ਬੁਲਾਵੇ, ਮਿੱਠਬੋਲੜਾ ਜਿਹਾ ਜਦ,
ਦਿਲ ਨਾ ਕਰੇ ਕਿ ਆਖਾਂ ਕੁਝ ਵੀ ਖਟਾਸ ਬਾਰੇ।
ਬਿਰਖਾਂ ਦੇ ਵਾਂਗ ਜੀਣੀ ਆਵੇ ਜੇ ਜਿੰਦਗੀ ਤਾਂ,
ਕਰੀਏ ਨਾ ਫੇਰ ਸ਼ਿਕਵੇ ਮਨ ਦੇ ਹੁਲਾਸ ਬਾਰੇ।
ਧਿਜਿਆ ਨਾ 'ਜੀਤ' ਕਰ ਤੂੰ ਏਨਾ ਵੀ ਜੱਗ ਉੱਤੇ,
ਤੈਨੂੰ ਪਤਾ ਨਾ ਇਸ ਦੇ ਹੋਸ਼ੋ- ਹਵਾਸ ਬਾਰੇ।
|